
ਅਮਰੀਕੀ ਡਾਲਰ ’ਚ ਸਕਾਰਾਤਮਕ ਰੁਝਾਨ ਅਤੇ ਘਰੇਲੂ ਥੋਕ ਮਹਿੰਗਾਈ ਵਧਣ ਨਾਲ ਰੁਪਏ ’ਚ ਗਿਰਾਵਟ ਆਈ
ਮੁੰਬਈ: ਵਿਦੇਸ਼ੀ ਬਾਜ਼ਾਰ ’ਚ ਅਮਰੀਕੀ ਮੁਦਰਾ ਦੇ ਮਜ਼ਬੂਤ ਹੋਣ ਨਾਲ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਦੀ ਗਿਰਾਵਟ ਨਾਲ 83.61 ਦੇ ਸੱਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ।
ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰ ’ਚ ਬੈਂਚਮਾਰਕ ਸੂਚਕਾਂਕ ਦੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚਣ ਅਤੇ ਵਿਦੇਸ਼ੀ ਫੰਡਾਂ ਦੇ ਪ੍ਰਵਾਹ ’ਚ ਵਾਧੇ ਕਾਰਨ ਰੁਪਏ ਨੂੰ ਹੇਠਲੇ ਪੱਧਰ ’ਤੇ ਕੁੱਝ ਸਮਰਥਨ ਮਿਲਿਆ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ 83.53 ਦੇ ਪੱਧਰ ’ਤੇ ਖੁੱਲ੍ਹਿਆ ਪਰ ਜਲਦੀ ਹੀ ਗਿਰਾਵਟ ਆਉਣੀ ਸ਼ੁਰੂ ਹੋ ਗਈ। ਕਾਰੋਬਾਰ ਦੌਰਾਨ 83.62 ਰੁਪਏ ਪ੍ਰਤੀ ਡਾਲਰ ਦੇ ਸੱਭ ਤੋਂ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ ਰੁਪਿਆ 10 ਪੈਸੇ ਦੀ ਗਿਰਾਵਟ ਨਾਲ 83.61 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ।
ਸ਼ੁਕਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 83.51 ਦੇ ਪੱਧਰ ’ਤੇ ਬੰਦ ਹੋਇਆ ਸੀ। ਸ਼ੇਅਰਖਾਨ ਬਾਈ ਬੀ.ਐਨ.ਪੀ. ਪਰੀਬਾਸ ਦੇ ਰੀਸਰਚ ਐਨਾਲਿਸਟ ਅਨੁਜ ਚੌਧਰੀ ਨੇ ਕਿਹਾ ਕਿ ਅਮਰੀਕੀ ਡਾਲਰ ’ਚ ਸਕਾਰਾਤਮਕ ਰੁਝਾਨ ਅਤੇ ਘਰੇਲੂ ਥੋਕ ਮਹਿੰਗਾਈ ਵਧਣ ਨਾਲ ਰੁਪਏ ’ਚ ਗਿਰਾਵਟ ਆਈ।
ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਸਿਆਸੀ ਹਿੰਸਾ ਦੇ ਵਿਚਕਾਰ ਸੁਰੱਖਿਅਤ ਪਨਾਹਗਾਹਾਂ ਦੀ ਮੰਗ ਕਾਰਨ ਡਾਲਰ ਵਿਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਡਾਲਰ ’ਚ ਵਾਧਾ ਸੀਮਤ ਹੋ ਸਕਦਾ ਹੈ ਕਿਉਂਕਿ ਫੈਡ ਸਤੰਬਰ ’ਚ ਵਿਆਜ ਦਰਾਂ ’ਚ ਕਟੌਤੀ ਕਰ ਸਕਦਾ ਹੈ।
ਇਸ ਦੌਰਾਨ ਡਾਲਰ ਇੰਡੈਕਸ 0.02 ਫੀ ਸਦੀ ਡਿੱਗ ਕੇ 104.07 ਦੇ ਪੱਧਰ ’ਤੇ ਆ ਗਿਆ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.09 ਫੀ ਸਦੀ ਦੀ ਤੇਜ਼ੀ ਨਾਲ 85.11 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ।
ਘਰੇਲੂ ਸ਼ੇਅਰ ਬਾਜ਼ਾਰ ’ਚ ਸੈਂਸੈਕਸ ਅਤੇ ਨਿਫਟੀ ਦੋਵੇਂ ਨਵੇਂ ਰੀਕਾਰਡ ਪੱਧਰ ’ਤੇ ਬੰਦ ਹੋਏ। ਸੈਂਸੈਕਸ 145.52 ਅੰਕ ਾਂ ਦੀ ਤੇਜ਼ੀ ਨਾਲ 80,664.86 ਦੇ ਉੱਚ ਪੱਧਰ ’ਤੇ ਬੰਦ ਹੋਇਆ, ਜਦਕਿ ਨਿਫਟੀ 84.55 ਅੰਕਾਂ ਦੀ ਤੇਜ਼ੀ ਨਾਲ 24,586.70 ਦੇ ਰੀਕਾਰਡ ਉੱਚੇ ਪੱਧਰ ’ਤੇ ਬੰਦ ਹੋਇਆ।
ਖਾਣ-ਪੀਣ ਦੀਆਂ ਚੀਜ਼ਾਂ ਖਾਸ ਤੌਰ ’ਤੇ ਸਬਜ਼ੀਆਂ ਅਤੇ ਨਿਰਮਿਤ ਉਤਪਾਦਾਂ ਦੇ ਮਹਿੰਗੇ ਹੋਣ ਕਾਰਨ ਥੋਕ ਮਹਿੰਗਾਈ ਜੂਨ ’ਚ ਲਗਾਤਾਰ ਚੌਥੇ ਮਹੀਨੇ ਵਧ ਕੇ 3.36 ਫੀ ਸਦੀ ’ਤੇ ਪਹੁੰਚ ਗਈ।
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਪੂੰਜੀ ਬਾਜ਼ਾਰ ’ਚ ਸ਼ੁੱਧ ਖਰੀਦਦਾਰ ਸਨ। ਉਨ੍ਹਾਂ ਨੇ ਸੋਮਵਾਰ ਨੂੰ 2,684.78 ਕਰੋੜ ਰੁਪਏ ਦੇ ਸ਼ੇਅਰ ਖਰੀਦੇ।