ਡਾਲਰ ਦੇ ਮੁਕਾਬਲੇ ਰੁਪਿਆ 29 ਪੈਸੇ ਡਿੱਗ ਕੇ 90.78 ਦੇ ਰੀਕਾਰਡ ਹੇਠਲੇ ਪੱਧਰ ਉਤੇ ਪਹੁੰਚਿਆ
ਮੁੰਬਈ : ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਲਗਾਤਾਰ ਵਿਦੇਸ਼ੀ ਫੰਡ ਦੇ ਨਿਕਾਸ ਕਾਰਨ ਰੁਪਿਆ ਸੋਮਵਾਰ ਨੂੰ 90.74 ਰੁਪਏ ਪ੍ਰਤੀ ਡਲਰ ਦੇ ਸੱਭ ਤੋਂ ਹੇਠਲੇ ਪੱਧਰ ਉਤੇ ਪਹੁੰਚ ਗਿਆ। ਫਾਰੇਕਸ ਵਪਾਰੀਆਂ ਨੇ ਕਿਹਾ ਕਿ ਮੌਜੂਦਾ ਜੋਖਮ-ਵਿਰੋਧੀ ਮਾਰਕੀਟ ਦੀ ਧਾਰਨਾ, ਆਯਾਤਕਾਂ ਦੀ ਮਜ਼ਬੂਤ ਅਮਰੀਕੀ ਡਾਲਰ ਦੀ ਮੰਗ ਨਾਲ ਨਿਵੇਸ਼ਕਾਂ ਦੀ ਭਾਵਨਾ ਨੂੰ ਹੋਰ ਪ੍ਰਭਾਵਤ ਕੀਤਾ ਹੈ। ਸੋਮਵਾਰ ਨੂੰ ਕਾਰੋਬਾਰ ਦੇ ਅੰਤ ’ਚ ਰੁਪਿਆ 90.74 ਦੇ ਰੀਕਾਰਡ ਹੇਠਲੇ ਪੱਧਰ ਉਤੇ ਪਹੁੰਚ ਗਿਆ, ਜੋ ਪਿਛਲੇ ਬੰਦ ਦੇ ਮੁਕਾਬਲੇ 25 ਪੈਸੇ ਘੱਟ ਹੈ।
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਖੋਜ ਵਿਸ਼ਲੇਸ਼ਕ ਦਿਲੀਪ ਪਰਮਾਰ ਨੇ ਕਿਹਾ, ‘‘ਭਾਰਤੀ ਰੁਪਿਆ ਰੀਕਾਰਡ ਹੇਠਲੇ ਪੱਧਰ ਉਤੇ ਡਿੱਗ ਗਿਆ, ਜਿਸ ਨਾਲ ਇਹ ਏਸ਼ੀਆਈ ਕਰੰਸੀਆਂ ’ਚ ਸੱਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਬਣ ਗਿਆ। ਉਮੀਦ ਤੋਂ ਬਿਹਤਰ ਵਪਾਰ ਸੰਤੁਲਨ ਦੇ ਬਾਵਜੂਦ ਰੁਪਿਆ ਸਮਰਥਨ ਪ੍ਰਾਪਤ ਕਰਨ ਵਿਚ ਅਸਮਰੱਥ ਰਿਹਾ।’’
ਪਰਮਾਰ ਨੇ ਅੱਗੇ ਕਿਹਾ, ‘‘ਲਚਕੀਲੇਪਣ ਦੀ ਇਹ ਘਾਟ ਮੁੱਖ ਤੌਰ ਉਤੇ ਇਕ ਮਹੱਤਵਪੂਰਣ ਮੰਗ-ਸਪਲਾਈ ਅਸੰਤੁਲਨ ਕਾਰਨ ਹੈ, ਜੋ ਆਯਾਤਕਾਂ ਦੀ ਉੱਚ ਡਾਲਰ ਦੀ ਮੰਗ ਅਤੇ ਨਿਰੰਤਰ ਪੂੰਜੀ ਦੇ ਨਿਕਾਸ ਕਾਰਨ ਚਲ ਰਹੀ ਹੈ, ਜੋ ਮੁਦਰਾ ਲਈ ਸੱਭ ਤੋਂ ਵੱਡੀ ਚਿੰਤਾ ਬਣੀ ਹੋਈ ਹੈ।’’
ਇਸ ਦੌਰਾਨ ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਫਰੇਮਵਰਕ ਸਮਝੌਤੇ ਨੂੰ ਲੈ ਕੇ ਬਹੁਤ ਨੇੜੇ ਹਨ। ਇਸ ਦੌਰਾਨ ਆਲਮੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.21 ਫੀ ਸਦੀ ਦੀ ਤੇਜ਼ੀ ਨਾਲ 61.25 ਡਾਲਰ ਪ੍ਰਤੀ ਬੈਰਲ ਉਤੇ ਕਾਰੋਬਾਰ ਕਰ ਰਿਹਾ ਹੈ।
ਘਰੇਲੂ ਇਕੁਇਟੀ ਬਾਜ਼ਾਰ ਦੇ ਮੋਰਚੇ ਉਤੇ 30 ਸ਼ੇਅਰਾਂ ਵਾਲਾ ਬੈਂਚਮਾਰਕ ਸੂਚਕ ਅੰਕ ਸੈਂਸੈਕਸ 54.30 ਅੰਕ ਡਿੱਗ ਕੇ 85,213.36 ਦੇ ਪੱਧਰ ਉਤੇ ਬੰਦ ਹੋਇਆ ਅਤੇ ਨਿਫਟੀ 19.65 ਅੰਕ ਡਿੱਗ ਕੇ 26,027.30 ਦੇ ਪੱਧਰ ਉਤੇ ਬੰਦ ਹੋਇਆ। ਐਕਸਚੇਂਜ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁਕਰਵਾਰ ਨੂੰ 1,114.22 ਕਰੋੜ ਰੁਪਏ ਦੇ ਇਕੁਇਟੀ ਵੇਚੇ ਹਨ।
