
ਅਨੰਤ ਅੰਬਾਨੀ ਦੇ ਕਾਰੋਬਾਰ ਅਤੇ ਜਾਇਦਾਦ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਇਸ ਮਾਮਲੇ ਵਿਚ ਅੰਬਾਨੀ ਪ੍ਰਵਾਰ ਦੀ ਹੋਣ ਵਾਲੀ ਨੂੰਹ ਵੀ ਪਿੱਛੇ ਨਹੀਂ ਹੈ।
Radhika Merchant: ਦੇਸ਼ ਦੇ ਸੱਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਵਿਆਹ ਕਰਨ ਜਾ ਰਹੇ ਹਨ। ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਵੀ ਜ਼ੋਰਾਂ ’ਤੇ ਚੱਲ ਰਹੀਆਂ ਹਨ, ਇਸ ਵਿਚਾਲੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਹੈ। ਵਿਆਹ ਅੰਬਾਨੀ ਦੇ ਜੱਦੀ ਸ਼ਹਿਰ ਜਾਮਨਗਰ ਵਿਚ ਹੋਵੇਗਾ। ਦੋਵਾਂ ਦੀ ਪਿਛਲੇ ਸਾਲ ਮੰਗਣੀ ਹੋਈ ਸੀ। ਉਨ੍ਹਾਂ ਦਾ ਵਿਆਹ ਕਈ ਕਾਰਨਾਂ ਕਰਕੇ ਮੀਡੀਆ ਦੀਆਂ ਸੁਰਖੀਆਂ ਵਿਚ ਹੈ। ਅਨੰਤ ਅੰਬਾਨੀ ਦੇ ਕਾਰੋਬਾਰ ਅਤੇ ਜਾਇਦਾਦ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਇਸ ਮਾਮਲੇ ਵਿਚ ਅੰਬਾਨੀ ਪ੍ਰਵਾਰ ਦੀ ਹੋਣ ਵਾਲੀ ਨੂੰਹ ਵੀ ਪਿੱਛੇ ਨਹੀਂ ਹੈ।
ਅਨੰਤ ਅੰਬਾਨੀ ਦੀ ਕੁੱਲ ਜਾਇਦਾਦ
ਅਨੰਤ ਅੰਬਾਨੀ ਰਿਲਾਇੰਸ ਇੰਡਸਟਰੀਜ਼ ਦੀਆਂ ਕਈ ਇਕਾਈਆਂ ਦੀ ਲੀਡਰਸ਼ਿਪ ਟੀਮ ਦਾ ਹਿੱਸਾ ਹਨ। ਰਿਲਾਇੰਸ ਨੇ 2021 ਵਿਚ ਨਵੇਂ ਊਰਜਾ ਕਾਰੋਬਾਰ ਵਿਚ ਦਾਖਲ ਹੋਣ ਦਾ ਐਲਾਨ ਕੀਤਾ ਸੀ। ਅਨੰਤ ਅੰਬਾਨੀ ਜੂਨ 2021 ਤੋਂ ਰਿਲਾਇੰਸ ਨਿਊ ਸੋਲਰ ਐਨਰਜੀ ਦੇ ਬੋਰਡ ਵਿਚ ਹਨ। ਅਨੰਤ ਅੰਬਾਨੀ ਨੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਫਿਰ ਰੋਡ ਆਈਲੈਂਡ ਦੀ ਬ੍ਰਾਊਨ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ। ਉਹ ਰਿਲਾਇੰਸ ਜੀਓ ਵਿਚ ਇੰਟਰਪ੍ਰੇਨਿਓਰ ਵਨ ਲਈ ਨਿਰਦੇਸ਼ਕ ਮੰਡਲ ਦੇ ਮੈਂਬਰ ਵੀ ਹਨ। ਇਕ ਮੀਡੀਆ ਰੀਪੋਰਟ ਮੁਤਾਬਕ ਅਨੰਤ ਅੰਬਾਨੀ ਦੀ ਕੁੱਲ ਜਾਇਦਾਦ 45 ਅਰਬ ਡਾਲਰ ਹੈ, ਜੋ ਕਿ 3,44,000 ਕਰੋੜ ਰੁਪਏ ਦੇ ਬਰਾਬਰ ਹੈ। ਉਹ ਰੇਅਰ ਰੋਲਸ ਰਾਇਸ ਫੈਂਟਮ ਡ੍ਰੌਪ ਹੈੱਡ ਕੂਪ ਦਾ ਮਾਲਕ ਹੈ, ਜੋ ਕਿ ਸੱਭ ਤੋਂ ਮਹਿੰਗੀ ਰੋਲਸ ਰਾਇਸ ਹੈ। ਇਸ ਦੀ ਸ਼ੁਰੂਆਤੀ ਕੀਮਤ 8.84 ਕਰੋੜ ਰੁਪਏ ਹੈ। ਅਨੰਤ ਅੰਬਾਨੀ ਨੂੰ ਰਵਾਇਤੀ ਗੁਜਰਾਤੀ ਭੋਜਨ ਪਸੰਦ ਹੈ।
ਕੌਣ ਹੈ ਅੰਬਾਨੀ ਪ੍ਰਵਾਰ ਦੀ ਛੋਟੀ ਨੂੰਹ
ਨੀਤਾ ਅੰਬਾਨੀ ਦੀ ਵੱਡੀ ਨੂੰਹ ਸ਼ਲੋਕਾ ਅੰਬਾਨੀ ਬਾਰੇ ਹਰ ਕੋਈ ਜਾਣਦਾ ਹੈ। ਰਾਧਿਕਾ ਅਪਣੇ ਨਰਮ ਸੁਭਾਅ ਲਈ ਵੀ ਸੁਰਖੀਆਂ ਵਿਚ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਸਾਦੀ ਜੀਵਨਸ਼ੈਲੀ ਵੀ ਅਕਸਰ ਸੁਰਖੀਆਂ 'ਚ ਰਹਿੰਦੀ ਹੈ ਅਤੇ ਸੁੰਦਰਤਾ ਦੇ ਨਾਲ-ਨਾਲ ਉਹ ਕਈ ਮਾਮਲਿਆਂ ਵਿਚ ਗੁਣੀ ਹਨ। ਦੱਸ ਦੇਈਏ ਕਿ ਰਾਧਿਕਾ ਖੁਦ ਇਕ ਮਸ਼ਹੂਰ ਕਾਰੋਬਾਰੀ ਪ੍ਰਵਾਰ ਨਾਲ ਸਬੰਧ ਰੱਖਦੀ ਹੈ। ਉਹ ਸ਼ੈਲਾ ਮਰਚੈਂਟ ਅਤੇ ਐਨਕੋਰ ਹੈਲਥਕੇਅਰ ਦੇ ਸੀਈਓ ਵਿਰੇਨ ਮਰਚੈਂਟ ਦੀ ਧੀ ਹੈ। ਰਾਧਿਕਾ ਦਾ ਜਨਮ 18 ਦਸੰਬਰ 1994 ਨੂੰ ਮੁੰਬਈ, ਮਹਾਰਾਸ਼ਟਰ, ਭਾਰਤ ਵਿਚ ਹੋਇਆ ਸੀ। ਉਸ ਨੇ ਮੁੰਬਈ ਦੇ ਕੈਥੇਡਰਲ ਅਤੇ ਜੌਨ ਕੌਨਨ ਸਕੂਲ ਅਤੇ ਇਕੋਲ ਮੋਂਡੀਅਲ ਵਰਲਡ ਸਕੂਲ ਤੋਂ ਸਕੂਲ ਦੀ ਪੜ੍ਹਾਈ ਕੀਤੀ।
ਮੂਲ ਰੂਪ ਵਿਚ ਉਹ ਵੀ ਗੁਜਰਾਤੀ ਹੈ। ਉਸ ਦਾ ਪ੍ਰਵਾਰ ਕੱਛ ਦਾ ਰਹਿਣ ਵਾਲਾ ਹੈ। ਰਾਧਿਕਾ ਨੇ 8 ਸਾਲਾਂ ਲਈ ਭਰਤਨਾਟਿਅਮ ਦੀ ਸਿਖਲਾਈ ਲਈ ਹੈ। ਪਿਛਲੇ ਸਾਲ ਰਾਧਿਕਾ ਨੇ ਜਿਓ ਵਰਲਡ ਸੈਂਟਰ 'ਚ ਸਟੇਜ ਡਾਂਸ ਪਰਫਾਰਮੈਂਸ ਦਿਤੀ ਸੀ, ਜਿਸ ਨੂੰ ਸਾਰਿਆਂ ਨੇ ਪਸੰਦ ਕੀਤਾ ਸੀ, ਖਾਸ ਕਰਕੇ ਉਨ੍ਹਾਂ ਦੀ ਸੱਸ ਨੀਤਾ ਅੰਬਾਨੀ ਨੂੰ ਇਹ ਪੇਸ਼ਕਾਰੀ ਬੇਹੱਦ ਪਸੰਦ ਆਈ।
ਨਿਊਯਾਰਕ ਤੋਂ ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕਰਨ ਵਾਲੀ ਰਾਧਿਕਾ ਇਸ ਸਮੇਂ ਐਨਕੋਰ ਹੈਲਥਕੇਅਰ ਦੇ ਬੋਰਡ ਆਫ ਡਾਇਰੈਕਟਰਜ਼ 'ਚ ਹੈ। ਇਹ ਕੰਪਨੀ ਇਕ ਆਨਲਾਈਨ ਹੈਲਥਕੇਅਰ ਪਲੇਟਫਾਰਮ ਹੈ ਜੋ ਸਿਹਤ ਸੇਵਾਵਾਂ ਪ੍ਰਦਾਨ ਕਰਦੀ ਹੈ। ਇਸ ਪੋਸਟ ਦੇ ਜ਼ਰੀਏ ਉਹ ਪ੍ਰਵਾਰਕ ਕਾਰੋਬਾਰ ਨੂੰ ਸੰਭਾਲ ਰਹੀ ਹੈ ਅਤੇ ਰਾਧਿਕਾ ਅਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੈ ਅਤੇ ਅਨੰਤ ਉਸ ਦਾ ਬਚਪਨ ਦਾ ਦੋਸਤ ਹੈ। ਇਕ ਰੀਪੋਰਟ ਮੁਤਾਬਕ ਰਾਧਿਕਾ ਦੀ ਜਾਇਦਾਦ ਕਰੀਬ 100 ਕਰੋੜ ਰੁਪਏ ਹੈ। ਰਾਧਿਕਾ ਕਈ ਗੈਰ-ਸਰਕਾਰੀ ਸੰਗਠਨਾਂ ਨਾਲ ਜੁੜੀ ਹੋਈ ਹੈ ਅਤੇ ਸਮਾਜਿਕ ਕੰਮ ਕਰਨਾ ਜਾਰੀ ਰੱਖਦੀ ਹੈ। ਰਾਧਿਕਾ ਮਰਚੈਂਟ ਦੇ ਪਿਤਾ ਵਿਰੇਨ ਮਰਚੈਂਟ ਵੀ ਕਈ ਵੱਡੀਆਂ ਭਾਰਤੀ ਕੰਪਨੀਆਂ ਦੇ ਡਾਇਰੈਕਟਰ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।