
ਸਤੰਬਰ ’ਚ ਰਸਾਇਣ ਅਤੇ ਰਸਾਇਣਿਕ ਉਤਪਾਦਾਂ, ਖਣਿਜ ਤੇਲ, ਕਪੜਾ, ਬੁਨਿਆਦੀ ਧਾਤਾਂ ਅਤੇ ਭੋਜਨ ਪਦਾਰਥਾਂ ਦੀਆਂ ਕੀਮਤਾਂ ’ਚ ਕਮੀ
ਨਵੀਂ ਦਿੱਲੀ: ਥੋਕ ਮਹਿੰਗਾਈ ਦਰ ’ਚ ਸਤੰਬਰ ’ਚ ਲਗਾਤਾਰ ਛੇਵੇਂ ਮਹੀਨੇ ਕਮੀ ਆਈ ਹੈ। ਸਤੰਬਰ ’ਚ ਇਹ ਸਿਫ਼ਰ ਤੋਂ 0.26 ਫ਼ੀ ਸਦੀ ਹੇਠਾਂ ਰਹੀ। ਥੋਕ ਮੁੱਲ ਸੂਚਕ ਅੰਕ (ਡਬਲਿਊ.ਪੀ.ਆਈ.) ਅਧਾਰਤ ਮਹਿੰਗਾਈ ਦਰ ਅਪ੍ਰੈਲ ਤੋਂ ਲਗਾਤਾਰ ਸਫ਼ਰ ਤੋਂ ਹੇਠਾਂ ਚਲ ਰਹੀ ਹੈ। ਅਗੱਸਤ ’ਚ ਇਹ ਸਿਫ਼ਰ ਤੋਂ 0.52 ਫ਼ੀ ਸਦੀ ਹੇਠਾਂ ਸੀ। ਸਤੰਬਰ ’ਚ 2022 ’ਚ ਥੋਕ ਮੁੱਖ ਸੂਚਕ ਅੰਕ ਅਧਾਰਤ ਮਹਿੰਗਾਈ ਦਰ 10.55 ਫ਼ੀ ਸਦੀ ਸੀ।
ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਦਰ ਪਿਛਲੇ ਦੋ ਮਹੀਨਿਆਂ ’ਚ ਦੋਹਰੇ ਅੰਕ ’ਚ ਰਹਿਣ ਤੋਂ ਬਾਅਦ ਸਤੰਬਰ ’ਚ ਘਟ ਕੇ 3.35 ਫ਼ੀ ਸਦੀ ਹੋ ਗਈ। ਅਗੱਸਤ ’ਚ ਇਹ 10.60 ਫ਼ੀ ਸਦੀ ਸੀ। ਵਣਜ ਅਤੇ ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ, ‘‘ਸਤੰਬਰ 2023 ’ਚ ਮੁੱਖ ਤੌਰ ’ਤੇ ਪਿਛਲੇ ਸਾਲ ਦੇ ਇਸੇ ਮਹੀਨੇ ਮੁਕਾਬਲੇ ਰਸਾਇਣ ਅਤੇ ਰਸਾਇਣਿਕ ਉਤਪਾਦਾਂ, ਖਣਿਜ ਤੇਲ, ਕਪੜਾ, ਬੁਨਿਆਦੀ ਧਾਤਾਂ ਅਤੇ ਭੋਜਨ ਪਦਾਰਥਾਂ ਦੀਆਂ ਕੀਮਤਾਂ ’ਚ ਕਮੀ ਕਾਰਨ ਮਹਿੰਗਾਈ ਦਰ ਘੱਟ ਹੋਈ ਹੈ।’’
ਬਾਲਣ ਅਤੇ ਬਿਜਲੀ ਦੀ ਮਹਿੰਗਾਈ ਦਰ ਸਤੰਬਰ ’ਚ ਸਿਫ਼ਰ ਤੋਂ 3.35 ਫ਼ੀ ਸਦੀ ਹੇਠਾਂ ਰਹੀ, ਜੋ ਅਗੱਸਤ ’ਚ ਸਿਫ਼ਰ ਤੋਂ 6.03 ਫ਼ੀ ਸਦੀ ਹੇਠਾਂ ਸੀ। ਨਿਰਮਿਤ ਉਤਪਾਦਾਂ ਦੀ ਮਹਿੰਗਾਈ ਦਰ ਸਤੰਬਰ ’ਚ ਸਿਫ਼ਰ ਤੋਂ 1.34 ਫ਼ੀ ਸਦੀ ਹੇਠਾਂ ਰਹੀ। ਅਗੱਸਤ ’ਚ ਇਹ ਸਿਫ਼ਰ ਤੋਂ 2.37 ਫ਼ੀ ਸਦੀ ਹੇਠਾਂ ਸੀ। ਕੌਮੀ ਅੰਕੜਾ ਦਫ਼ਤਰ (ਐਨ.ਐਸ.ਓ.) ਵਲੋਂ ਪਿਛਲੇ ਹਫ਼ਤੇ ਜਾਰੀ ਅੰਕੜਿਆਂ ਅਨੁਸਾਰ ਸਤੰਬਰ ’ਚ ਪ੍ਰਚੂਨ ਮਹਿੰਗਾਈ ਦਰ ਸਾਲਾਨਾ ਆਧਾਰ ’ਤੇ ਘਟ ਕੇ ਤਿੰਨ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 5.02 ਫ਼ੀ ਸਦੀ ’ਤੇ ਆ ਗਈ। ਸਬਜ਼ੀਆਂ ਅਤੇ ਬਾਲਣ ਦੀਆਂ ਕੀਮਤਾਂ ਘੱਟ ਹੋਣਾ ਇਸ ਦਾ ਮੁੱਖ ਕਾਰਨ ਰਿਹਾ।