
ਨਿਫਟੀ ਵੀ 326 ਅੰਕ ਚੜ੍ਹਿਆ
ਮੁੰਬਈ : ਆਲਮੀ ਬਾਜ਼ਾਰਾਂ ’ਚ ਤੇਜ਼ੀ ਦੇ ਰੁਝਾਨ ਵਿਚਕਾਰ ਚੁਤਰਫ਼ਾ ਖਰੀਦਦਾਰੀ ਕਾਰਨ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਭਾਰੀ ਉਛਾਲ ਵੇਖਣ ਨੂੰ ਮਿਲਿਆ। ਸੈਂਸੈਕਸ 1,131 ਅੰਕਾਂ ਦੀ ਤੇਜ਼ੀ ਨਾਲ 75,000 ਦੇ ਪੱਧਰ ਨੂੰ ਪਾਰ ਕਰ ਗਿਆ, ਜਦਕਿ ਨਿਫਟੀ 22,800 ਦੇ ਪੱਧਰ ਤੋਂ ਉੱਪਰ ਪਹੁੰਚ ਗਿਆ। ਵਿਸ਼ਲੇਸ਼ਕਾਂ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰਾਂ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਅਤੇ ਕਈ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ’ਚ ਕਮਜ਼ੋਰੀ ਨੇ ਵੀ ਨਿਵੇਸ਼ਕਾਂ ਦੀ ਧਾਰਨਾ ਨੂੰ ਸਮਰਥਨ ਦਿਤਾ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,131.31 ਅੰਕ ਯਾਨੀ 1.53 ਫੀ ਸਦੀ ਦੀ ਤੇਜ਼ੀ ਨਾਲ 75,301.26 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 1,215.81 ਅੰਕ ਚੜ੍ਹ ਕੇ 75,385.76 ਅੰਕ ’ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 325.55 ਅੰਕ ਯਾਨੀ 1.45 ਫੀ ਸਦੀ ਦੇ ਵਾਧੇ ਨਾਲ 22,834.30 ਅੰਕ ’ਤੇ ਬੰਦ ਹੋਇਆ।
ਘਰੇਲੂ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਦਾ ਇਹ ਲਗਾਤਾਰ ਦੂਜਾ ਦਿਨ ਹੈ। ਸੋਮਵਾਰ ਨੂੰ ਸੈਂਸੈਕਸ ਅਤੇ ਨਿਫਟੀ ਪੰਜ ਦਿਨਾਂ ਦੀ ਗਿਰਾਵਟ ਤੋਂ ਬਾਅਦ ਵਾਧੇ ਨਾਲ ਬੰਦ ਹੋਏ ਸਨ। ਮਹਿਤਾ ਇਕੁਇਟੀਜ਼ ਲਿਮਟਿਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਰੀਸਰਚ) ਪ੍ਰਸ਼ਾਂਤ ਤਾਪਸੇ ਨੇ ਕਿਹਾ ਕਿ ਮਜ਼ਬੂਤ ਆਲਮੀ ਬਾਜ਼ਾਰਾਂ ਨੇ ਸਥਾਨਕ ਨਿਵੇਸ਼ਕਾਂ ਦਾ ਵਿਸ਼ਵਾਸ ਵਧਾਇਆ ਹੈ, ਜਿਸ ਨਾਲ ਵੱਖ-ਵੱਖ ਖੇਤਰਾਂ ’ਚ ਕੀਮਤਾਂ ’ਚ ਖਰੀਦਦਾਰੀ ਹੋਈ ਹੈ। ਪਿਛਲੇ ਕੁੱਝ ਹਫਤਿਆਂ ਦੀ ਗਿਰਾਵਟ ਕਾਰਨ ਕਈ ਸ਼ੇਅਰ ਮੁਲਾਂਕਣ ਦੇ ਨਜ਼ਰੀਏ ਤੋਂ ਕਾਫੀ ਆਕਰਸ਼ਕ ਹੋ ਗਏ ਸਨ।
ਹਾਲਾਂਕਿ, ਤਾਪਸੇ ਨੇ ਕਿਹਾ ਕਿ ਡੋਨਾਲਡ ਟਰੰਪ ਦੇ ਫੈਸਲਿਆਂ ਨਾਲ ਜੁੜੀਆਂ ਆਲਮੀ ਚੁਨੌਤੀਆਂ ਅਤੇ ਘਰੇਲੂ ਵਿਕਾਸ ’ਚ ਨਰਮੀ ਦੇ ਡਰ ਕਾਰਨ ਇਸ ਗਤੀ ਨੂੰ ਕਾਇਮ ਰਖਣਾ ਮੁਸ਼ਕਲ ਹੋਵੇਗਾ। ਸੈਂਸੈਕਸ ਸਮੂਹ ’ਚ ਜ਼ੋਮੈਟੋ ਸੱਭ ਤੋਂ ਜ਼ਿਆਦਾ 7 ਫੀ ਸਦੀ ਦੇ ਵਾਧੇ ’ਚ ਰਿਹਾ। ਦੂਜੇ ਪਾਸੇ ਆਈਸੀਆਈਸੀਆਈ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਲਾਰਸਨ ਐਂਡ ਟੂਬਰੋ, ਏਸ਼ੀਅਨ ਪੇਂਟਸ, ਟਾਈਟਨ, ਕੋਟਕ ਮਹਿੰਦਰਾ ਬੈਂਕ ਅਤੇ ਐਸ.ਬੀ.ਆਈ. ਦੇ ਸ਼ੇਅਰਾਂ ’ਚ ਵਾਧਾ ਹੋਇਆ।
ਦੂਜੇ ਪਾਸੇ ਬਜਾਜ ਫਿਨਸਰਵ, ਭਾਰਤੀ ਏਅਰਟੈੱਲ, ਟੈਕ ਮਹਿੰਦਰਾ ਅਤੇ ਰਿਲਾਇੰਸ ਇੰਡਸਟਰੀਜ਼ ਘਾਟੇ ’ਚ ਬੰਦ ਹੋਏ। ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਅਨੁਕੂਲ ਗਲੋਬਲ ਰੁਝਾਨ ਅਤੇ ਬਿਹਤਰ ਘਰੇਲੂ ਸਥਿਤੀਆਂ ਕਾਰਨ ਬੈਂਚਮਾਰਕ ਸੂਚਕਾਂਕ ’ਚ ਮਹੱਤਵਪੂਰਨ ਵਾਧਾ ਹੋਇਆ ਹੈ। ਅਮਰੀਕਾ ਅਤੇ ਚੀਨ ਦੇ ਪ੍ਰਚੂਨ ਵਿਕਰੀ ਦੇ ਬਿਹਤਰ ਅੰਕੜਿਆਂ ਨੇ ਨਿਵੇਸ਼ਕਾਂ ਦਾ ਵਿਸ਼ਵਾਸ ਵਧਾਇਆ, ਜਦਕਿ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ।
ਆਲਮੀ ਪੱਧਰ ’ਤੇ ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 2.73 ਫੀ ਸਦੀ ਅਤੇ ਮਿਡਕੈਪ ਇੰਡੈਕਸ 2.10 ਫੀ ਸਦੀ ਵਧਿਆ। ਬੰਬਈ ਸ਼ੇਅਰ ਬਾਜ਼ਾਰ ’ਚ 2,815 ਸ਼ੇਅਰਾਂ ’ਚ ਤੇਜ਼ੀ, 1,221 ਸ਼ੇਅਰਾਂ ’ਚ ਗਿਰਾਵਟ ਅਤੇ 123 ਸ਼ੇਅਰਾਂ ’ਚ ਕੋਈ ਬਦਲਾਅ ਨਹੀਂ ਹੋਇਆ। ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਅਤੇ ਹਾਂਗਕਾਂਗ ਦਾ ਹੈਂਗਸੇਂਗ ਸਕਾਰਾਤਮਕ ਪੱਧਰ ’ਤੇ ਬੰਦ ਹੋਏ। ਦੁਪਹਿਰ ਦੇ ਸੈਸ਼ਨ ਵਿਚ ਯੂਰਪੀਅਨ ਬਾਜ਼ਾਰਾਂ ਵਿਚ ਤੇਜ਼ੀ ਨਾਲ ਕਾਰੋਬਾਰ ਹੋਇਆ। ਸੋਮਵਾਰ ਨੂੰ ਅਮਰੀਕੀ ਬਾਜ਼ਾਰਾਂ ’ਚ ਤੇਜ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਸੀ।
ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 1.48 ਫੀ ਸਦੀ ਦੀ ਤੇਜ਼ੀ ਨਾਲ 72.12 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 4,488.45 ਕਰੋੜ ਰੁਪਏ ਦੇ ਸ਼ੇਅਰ ਵੇਚੇ, ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 6,000.60 ਕਰੋੜ ਰੁਪਏ ਦੇ ਸ਼ੇਅਰ ਖਰੀਦੇ।