
ਅਡਾਨੀ ਦੀ ਕੁੱਲ ਜਾਇਦਾਦ 113 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ।
ਨਵੀਂ ਦਿੱਲੀ: ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਨੇ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ ਵੱਡਾ ਬਦਲਾਅ ਕੀਤਾ ਹੈ। ਫੋਰਬਸ ਬਿਲੀਅਨੇਅਰਜ਼ ਇੰਡੈਕਸ ਅਨੁਸਾਰ ਗੌਤਮ ਅਡਾਨੀ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੂੰ ਪਛਾੜ ਕੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਅਡਾਨੀ ਦੀ ਕੁੱਲ ਜਾਇਦਾਦ 113 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਗੇਟਸ 102 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ ਇਸ ਸੂਚੀ ਵਿਚ ਪੰਜਵੇਂ ਸਥਾਨ 'ਤੇ ਕਾਬਜ ਹਨ।
ਫੋਰਬਸ ਬਿਲੀਅਨੇਅਰ ਇੰਡੈਕਸ ਮੁਤਾਬਕ ਦੁਨੀਆ ਦੇ ਸਿਰਫ ਤਿੰਨ ਕਾਰੋਬਾਰੀ ਹੀ ਹੁਣ ਦੌਲਤ ਦੇ ਮਾਮਲੇ 'ਚ ਅਡਾਨੀ ਤੋਂ ਅੱਗੇ ਹਨ। ਟੇਸਲਾ ਦੇ ਸੰਸਥਾਪਕ ਐਲੋਨ ਮਸਕ ਇਸ ਸੂਚੀ ਵਿਚ ਸਿਖਰ 'ਤੇ ਹਨ। ਉਸ ਦੀ ਕੁੱਲ ਜਾਇਦਾਦ $229 ਬਿਲੀਅਨ ਹੈ। ਇਸ ਸੂਚੀ ਵਿਚ ਦੂਜੇ ਨੰਬਰ 'ਤੇ ਫਰਾਂਸੀਸੀ ਲਗਜ਼ਰੀ ਸਾਮਾਨ ਕੰਪਨੀ LMVH ਦੇ ਮਾਲਕ ਬਰਨਾਰਡ ਅਰਨੌਲਟ ਅਤੇ ਉਹਨਾਂ ਦਾ ਪਰਿਵਾਰ ਹੈ। ਉਸ ਦੀ ਕੁੱਲ ਜਾਇਦਾਦ 145 ਬਿਲੀਅਨ ਡਾਲਰ ਹੈ। ਇਸ ਦੇ ਨਾਲ ਹੀ ਅਮਰੀਕੀ ਈ-ਕਾਮਰਸ ਕੰਪਨੀ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਤੀਜੇ ਨੰਬਰ 'ਤੇ ਆਉਂਦੇ ਹਨ। ਬੇਜੋਸ ਦੀ ਕੁੱਲ ਜਾਇਦਾਦ $136 ਬਿਲੀਅਨ ਹੈ।
ਭਾਰਤ ਦੇ ਨਾਲ-ਨਾਲ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਟੈਗ ਲੰਬੇ ਸਮੇਂ ਤੋਂ ਆਪਣੇ ਕੋਲ ਰੱਖਣ ਵਾਲੇ ਮੁਕੇਸ਼ ਅੰਬਾਨੀ ਦੌਲਤ ਦੀ ਦੌੜ ਵਿਚ ਅਡਾਨੀ ਤੋਂ ਲਗਾਤਾਰ ਪਿੱਛੇ ਜਾ ਰਹੇ ਹਨ। ਫੋਰਬਸ ਬਿਲੀਅਨੇਅਰ ਇੰਡੈਕਸ ਮੁਤਾਬਕ ਅੰਬਾਨੀ-ਅਡਾਨੀ ਵਿਚਕਾਰ ਇਹ ਪਾੜਾ 26 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ। ਅੰਬਾਨੀ ਦੀ ਕੁੱਲ ਜਾਇਦਾਦ 87 ਬਿਲੀਅਨ ਡਾਲਰ ਹੈ।