
ਅੱਜ ਔਰਤਾਂ ਦੀ ਬਰਾਬਰੀ ਹੀ ਸਹੀ ਸੋਚ ਹੈ ਤੇ ਉਸ ਨੂੰ ਸਾਡੇ ਸਭਿਆਚਾਰ ਦੀ ਇਕ ਕਮਜ਼ੋਰ ਸੋਚ ਨਾਲ ਠੇਸ ਨਹੀਂ ਪਹੁੰਚਣੀ ਚਾਹੀਦੀ।
ਇਕ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁਟਣੀ’ ਦੇ ਨਾਮ ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਵਿਵਾਦ ਕੇਵਲ ਇਸ ਫ਼ਿਲਮ ਦੇ ਨਾਮ ਤੇ ਹੀ ਨਹੀਂ, ਸਗੋਂ ਇਕ ਤਰ੍ਹਾਂ ਨਾਲ, ਇਹ ਵਿਵਾਦ ਬੜਾ ਚੰਗਾ ਵਿਵਾਦ ਹੈ ਕਿਉਂਕਿ ਇਸ ਸਿਠਣੀ ਦੀ ਸੋਚ ਦਾ ਵਿਰੋਧ ਕਰਨ ਵਾਲਿਆਂ ਨੂੰ ਵੇਖ ਕੇ ਲਗਦਾ ਹੈ ਕਿ ਸਾਡੇ ਸਮਾਜ ਵਿਚ ਔਰਤਾਂ ਬਾਰੇ ਸੋਚਣ ਵਾਲੇ ਲੋਕ ਵੀ ਮੌਜੂਦ ਹਨ। ਫ਼ਿਲਮ ਬਣਾਉਣ ਵਾਲਿਆਂ ਦੀ ਸੋਚ ਵਿਚ ਕੋਈ ਖ਼ਰਾਬੀ ਨਹੀਂ ਕਿਉਂਕਿ ਉਨ੍ਹਾਂ ਦੀ ਮਨਸ਼ਾ ਅਪਣੇ ਸਭਿਆਚਾਰ ਨੂੰ ਅੱਗੇ ਲੈ ਕੇ ਜਾਣ ਦੀ ਹੈ, ਕੋਈ ਮਾੜੀ ਸੋਚ ਨਹੀਂ। ਸਭਿਆਚਾਰ ਦੇ ਨਾਂ ’ਤੇ ਲੋਕ ਗੀਤਾਂ ਨੂੰ ਹੀ ਮਾਨਤਾ ਦਿਤੀ ਜਾ ਰਹੀ ਹੈ। ਸਾਡੇ ਟੱਪੇ ਤੇ ਸਿਠਣੀਆਂ ਅੱਜ ਦੇੇ ਆਮ ਪੰਜਾਬੀ ਨੂੰ ਆਉਂਦੇ ਹੀ ਨਹੀਂ। ਸੋ ਅਪਣੇ ਵਿਰਸੇ ਦੀ ਸੰਭਾਲ ਲਈ ਭੁਲ ਵਿਸਰ ਗਈਆਂ ਕਈ ਸਭਿਆਚਾਰਕ ਰੀਤਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ।
ਪਰ ਦੂਜੇ ਪਾਸੇ ਸਮੇਂ ਦੇ ਨਾਲ-ਨਾਲ ਸਾਡੀ ਸੋਚ ਵੀ ਬਦਲੀ ਹੈ ਜਿਸ ਵਿਚ ਔਰਤਾਂ ਨੂੰ ਬਰਾਬਰੀ ਦੇਣ ਦੀ ਗੱਲ ਚਲ ਪਈ ਹੈ। ਤੇ ਜਿਹੜਾ ਲੋਕ ਗੀਤ ਔਰਤਾਂ ਦੀ ਮਾਰ ਕੁੱਟ ਦੀ ਗੱਲ ਕਰਦਾ ਹੈ, ਕੀ ਉਸ ਨੂੰ ਅੱਗੇ ਲਿਜਾਣਾ ਜ਼ਰੂਰੀ ਹੈ? ਇਸ ਸਵਾਲ ਨੂੰ ਸਮਝਣ ਵਾਸਤੇ ਇਨ੍ਹਾਂ ਲੋਕ ਗੀਤਾਂ ਪਿੱਛੇ ਦਾ ਮਕਸਦ ਸਮਝਣ ਦੀ ਲੋੜ ਹੈ। ਬਹੁਤ ਪੁਰਾਣੇ ਸਮੇਂ ਦੀ ਗੱਲ ਨਹੀਂ, ਥੋੜਾ ਸਮਾਂ ਪਹਿਲਾਂ ਤਕ ਵੀ ਔਰਤਾਂ ਨੂੰ ਘਰ ਵਿਚ ਬੋਲਣ ਦੀ ਇਜਾਜ਼ਤ ਨਹੀਂ ਸੀ ਹੁੰਦੀ। ਬਰਾਬਰੀ ਨਹੀਂ ਸੀ। ਘੁੰਡ ਕਢਣਾ ਪੈਂਦਾ ਸੀ ਤੇ ਦਿਲ ਵਿਚ ਘੁਟੀਆਂ ਹੋਈਆਂ ਸੱਧਰਾਂ ਦੇ ਵਲਵਲੇ ਲੋਕ ਗੀਤਾਂ ਵਿਚ ਉਲਰ ਉਲਰ ਪੈਂਦੇ ਸਨ।
ਹਾਸੇ ਮਜ਼ਾਕ ਰਾਹੀਂ ਗੀਤਾਂ ਵਿਚ ਔਰਤਾਂ, ਤ੍ਰਿੰਞਣਾਂ ਵਿਚ ਗਾ ਕੇ, ਅਪਣਾ ਗੁੱਸਾ ਕੱਢ ਲੈਂਦੀਆਂ ਸਨ। ਦਬੇ ਹੋਏ ਅਰਮਾਨ ਜਦ ਲੋਕ ਗੀਤਾਂ ਵਿਚ ਕੁੱਟ ਮਾਰ ਵਲ ਵੀ ਜਾਂਦੇ ਸਨ ਤਾਂ ਉਹ ਬੁਰੇ ਨਹੀਂ ਲਗਦੇ ਸਨ ਤੇ ਨੱਚ ਨੱਚ ਔਰਤਾਂ ਅਪਣੇ ਗੁੱਸੇ ਤੇ ਅਪਣੀਆਂ ਸੱਧਰਾਂ ਨੂੰ ਪੈਰਾਂ ਥੱਲੇ ਮਸਲ ਦੇਂਦੀਆਂ ਸਨ। ਅੱਜ ਔਰਤਾਂ ਨੂੰ ਆਜ਼ਾਦੀ ਮਿਲ ਰਹੀ ਹੈ ਬੋਲਣ ਦੀ, ਘੁੰਡ ਵਿਚ ਕੈਦ ਨਹੀਂ ਹਨ, ਸਾਂਝੇ ਪ੍ਰਵਾਰ ਵਿਚ ਰਹਿ ਕੇ ਘਰ ਤਕ ਸਿਮਟੀਆਂ ਨਹੀਂ ਹਨ। ਤੇ ਇਸ ਮਾਹੌਲ ਵਿਚ ਔਰਤਾਂ ਇਕ ਦੂਜੇ ਨੂੰ ਅੱਗੇ ਵਧਣ ਵਾਸਤੇ ਪ੍ਰੇਰਿਤ ਕਰਦੀਆਂ ਹਨ।
ਅੱਜ ਕਈ ਸੱਸਾਂ ਨੂਹਾਂ ਨੂੰ ਬੇਟੀਆਂ ਵਾਂਗ ਪਾਲਦੀਆਂ ਹਨ ਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਦੀਆਂ ਹਨ। ਜਿਹੜੀ ਸੋਚ ਪਹਿਲਾਂ ਹੁੰਦੀ ਸੀ ਕਿ ਔਰਤ ਹੀ ਔਰਤ ਦੀ ਦਸ਼ਮਣ ਹੁੰਦੀ ਹੈ, ਉਹ ਕਮਜ਼ੋਰ ਪੈਂਦੀ ਜਾਂਦੀ ਹੈ ਕਿਉਂਕਿ ਅਸਲ ਵਿਚ ਔਰਤਾਂ ਸਮਾਜ ਵਿਚ ਸੱਸ-ਕੁੱਟਣ ਵਰਗੀ ਸੋਚ ਨੂੰ ਆਪ ਹੀ ਲੈ ਕੇ ਜਾਂਦੀਆਂ ਸਨ। ਸੋ ਜਦ ਬਦਲਾਅ ਔਰਤਾਂ ਨੂੰ ਬਾਬੇ ਨਾਨਕ ਦੀ ਪ੍ਰਚਾਰੀ ਬਰਾਬਰੀ ਵਲ ਲੈ ਕੇ ਜਾ ਰਿਹਾ ਹੈ, ਤਾਂ ਫਿਰ ਅਸੀਂ ਉਹ ਸੋਚ ਕਿਉਂ ਅਪਣਾਈਏ ਜੋ ਬਾਬੇ ਨਾਨਕ ਦੀ ਸੋਚ ਦੇ ਹੀ ਉਲਟ ਹੋਵੇ? ਸਾਡੇ ਇਤਿਹਾਸ ਨੂੰ ਰਚਣ ਵਾਲੇ ਵੀ ਤਾਂ ਇਨਸਾਨ ਹੀ ਸਨ ਤੇ ਗ਼ਲਤੀਆਂ ਤਾਂ ਉਹ ਵੀ ਕਰਦੇ ਸਨ। ਮਨੂਵਾਦ ਜ਼ਾਤ-ਪਾਤ ਤੇ ਔਰਤਾਂ ਦੀ ਮਾਰ ਕੁੱਟ ਨੂੰ ਸਹੀ ਠਹਿਰਾਉਂਦਾ ਹੈ। ਕਦੇ ਸਤੀ ਪ੍ਰਥਾ ਵੀ ਸਭਿਆਚਾਰ ਦੀ ਮਾਣਮੱਤੀ ਮਰਿਆਦਾ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਦੀਆਂ ਵੀ ਅਨੇਕਾਂ ਰਾਣੀਆਂ ਸਨ ਤੇ ਕਈ ਸਤੀ ਵੀ ਹੋਈਆਂ। ਤਾਂ ਕੀ ਹੁਣ ਅਸੀਂ ਇਨ੍ਹਾਂ ਪ੍ਰਥਾਵਾਂ ਨੂੰ ਵੀ ਪ੍ਰਚਾਰਤ ਕਰ ਕੇ ਜੀਵਤ ਕਰਾਂਗੇ?
ਸਾਨੂੰ ਰੱਬ ਨੇ ਦਿਮਾਗ਼ ਦਿਤਾ ਹੈ ਜੋ ਸਾਡੇ ਪੂਰਵਜ ਬਾਂਦਰਾਂ ਦੇ ਸਮੇਂ ਤੋਂ ਵਿਕਸਿਤ ਹੁੰਦਾ ਆ ਰਿਹਾ ਹੈ। ਉਸ ਦਾ ਇਸਤੇਮਾਲ ਸਮੇਂ ਦੇ ਨਾਲ ਨਾਲ ਬਦਲਦਾ ਵੀ ਆ ਰਿਹਾ ਹੈ ਤੇ ਸਹੀ ਤੇ ਗ਼ਲਤ ਵੀ ਬਦਲਦਾ ਆ ਰਿਹਾ ਹੈ। ਅੱਜ ਔਰਤਾਂ ਦੀ ਬਰਾਬਰੀ ਹੀ ਸਹੀ ਸੋਚ ਹੈ ਤੇ ਉਸ ਨੂੰ ਸਾਡੇ ਸਭਿਆਚਾਰ ਦੀ ਇਕ ਕਮਜ਼ੋਰ ਸੋਚ ਨਾਲ ਠੇਸ ਨਹੀਂ ਪਹੁੰਚਣੀ ਚਾਹੀਦੀ। ਚੰਗੇ ਸਭਿਆਚਾਰਕ ਨੁਕਤੇ ਉਭਾਰੋ ਪਰ ਮਾੜਾ ਤਾਂ ਮਾੜਾ ਹੀ ਰਹੇਗਾ। ਉਸ ਨੂੰ ਇਤਿਹਾਸ ਵਿਚ ਹੀ ਦਬਿਆ ਰਹਿਣ ਦਿਉ।
- ਨਿਮਰਤ ਕੌਰ