
ਸਰਕਾਰ ਨੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ’ਚ 117 ਰੁਪਏ ਦਾ ਵਾਧਾ ਕੀਤਾ
ਨਵੀਂ ਦਿੱਲੀ: ਸਰਕਾਰ ਨੇ ਸਾਉਣੀ ਮੰਡੀਕਰਨ ਸੀਜ਼ਨ 2024-25 ਲਈ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 5.35 ਫ਼ੀ ਸਦੀ ਵਧਾ ਕੇ 2,300 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਹੈ। ਝੋਨੇ ਦੇ ਸਮਰਥਨ ਮੁੱਲ ’ਚ ਵਾਧਾ ਸਰਕਾਰ ਕੋਲ ਚੌਲਾਂ ਦੇ ਵਾਧੂ ਸਟਾਕ ਦੇ ਬਾਵਜੂਦ ਕੀਤਾ ਗਿਆ ਹੈ। ਹਾਲਾਂਕਿ, ਹਰਿਆਣਾ, ਮਹਾਰਾਸ਼ਟਰ, ਝਾਰਖੰਡ ਅਤੇ ਦਿੱਲੀ ਵਰਗੇ ਸੂਬਿਆਂ ’ਚ ਚੋਣਾਂ ਤੋਂ ਪਹਿਲਾਂ ਇਹ ਇਕ ਮਹੱਤਵਪੂਰਨ ਕਦਮ ਹੈ।
ਐਮ.ਐਸ.ਪੀ. ’ਚ ਵਾਧੇ ਦਾ ਐਲਾਨ ਕਰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਕੈਬਨਿਟ ਨੇ ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ (ਸੀ.ਏ.ਸੀ.ਪੀ.) ਦੀਆਂ ਸਿਫਾਰਸ਼ਾਂ ਦੇ ਅਧਾਰ ’ਤੇ ਸਾਉਣੀ ਦੀਆਂ 14 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਨੂੰ ਮਨਜ਼ੂਰੀ ਦੇ ਦਿਤੀ ਹੈ।
ਵੈਸ਼ਣਵ ਨੇ ਪੱਤਰਕਾਰਾਂ ਨੂੰ ਦਸਿਆ ਕਿ ਆਉਣ ਵਾਲੇ ਸਾਉਣੀ ਸੀਜ਼ਨ ਲਈ ‘ਆਮ’ ਗਰੇਡ ਦੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 117 ਰੁਪਏ ਵਧਾ ਕੇ 2,300 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਗਿਆ ਹੈ, ਜਦਕਿ ‘ਏ’ ਗਰੇਡ ਦੀ ਕਿਸਮ ਲਈ ਇਹ ਵਧਾ ਕੇ 2,320 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਗਿਆ ਹੈ।
ਮੰਤਰੀ ਨੇ ਕਿਹਾ ਕਿ ਸਰਕਾਰ ਨੇ 2018 ਦੇ ਕੇਂਦਰੀ ਬਜਟ ’ਚ ਇਕ ਸਪੱਸ਼ਟ ਨੀਤੀਗਤ ਫੈਸਲਾ ਲਿਆ ਸੀ ਕਿ ਐਮ.ਐਸ.ਪੀ. ਉਤਪਾਦਨ ਲਾਗਤ ਦਾ ਘੱਟੋ-ਘੱਟ ਡੇਢ ਗੁਣਾ ਹੋਣਾ ਚਾਹੀਦਾ ਹੈ ਅਤੇ ਤਾਜ਼ਾ ਐਮ.ਐਸ.ਪੀ. ਵਾਧੇ ’ਚ ਇਸ ਸਿਧਾਂਤ ਦੀ ਪਾਲਣਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਗਤ ਦੀ ਗਣਨਾ ਸੀਏਸੀਪੀ ਵਲੋਂ ਵਿਗਿਆਨਕ ਤੌਰ ’ਤੇ ਕੀਤੀ ਗਈ ਹੈ।
ਭਾਰਤੀ ਖੁਰਾਕ ਨਿਗਮ ਕੋਲ ਇਸ ਸਮੇਂ ਲਗਭਗ 53.4 ਮਿਲੀਅਨ ਟਨ ਚੌਲਾਂ ਦਾ ਰੀਕਾਰਡ ਸਟਾਕ ਹੈ, ਜੋ 1 ਜੁਲਾਈ ਤਕ ਲੋੜੀਂਦੇ ਬਫਰ ਤੋਂ ਚਾਰ ਗੁਣਾ ਹੈ। ਇਹ ਬਿਨਾਂ ਕਿਸੇ ਨਵੀਂ ਖਰੀਦ ਦੇ ਇਕ ਸਾਲ ਲਈ ਭਲਾਈ ਸਕੀਮਾਂ ਤਹਿਤ ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਹੈ। ਆਈ.ਐਮ.ਡੀ. ਦੇ ਅਨੁਸਾਰ, 1 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਦੇਸ਼ ’ਚ ਲਗਭਗ 20 ਫ਼ੀ ਸਦੀ ਘੱਟ ਬਾਰਸ਼ ਹੋਈ ਹੈ। ਇਸ ਦੇ ਬਾਵਜੂਦ ਹੁਣ ਮੌਸਮ ਦੀ ਸਥਿਤੀ ਮੀਂਹ ਦੇ ਅੱਗੇ ਵਧਣ ਲਈ ਅਨੁਕੂਲ ਹੈ।
ਝੋਨੇ ਤੋਂ ਇਲਾਵਾ ਮੱਕੀ ਲਈ ਐਮ.ਐਸ.ਪੀ. 2225 ਰੁਪਏ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਨਾਲੋਂ 135 ਰੁਪਏ ਜ਼ਿਆਦਾ ਹੈ। ਕਪਾਹ ਲਈ ਦਰਮਿਆਨੇ ਰੇਸ਼ੇ ਦਾ ਮੁੱਖ 501 ਰੁਪਏ ਵਧਾ ਕੇ 7121 ਰੁਪਏ ਕਰ ਦਿਤਾ ਗਿਆ ਹੈ ਜਦਕਿ ਲੰਮੇ ਰੇਸ਼ੇ ਦਾ ਮੁੱਖ ਵਧਾ ਕੇ 7521 ਰੁਪਏ ਕਰ ਦਿਤਾ ਗਿਆ ਹੈ। ਅਰਹਰ ਦੀ ਦਾਲ ਦਾ ਐਮ.ਐਸ.ਪੀ. 550 ਰੁਪਏ ਵਧਾ ਕੇ 7550 ਕਰ ਦਿਤਾ ਗਿਆ ਹੈ। ਮੂੰਗੀ ਦੀ ਦਾਲ ਦਾ ਐਮ.ਐਸ.ਪੀ. 8682 ਰੁਪਏ ਕਰ ਦਿਤਾ ਗਿਆ ਹੈ, ਜੋ ਪਿਛਲੇ ਸਾਲ ਨਾਲੋਂ 124 ਰੁਪਏ ਜ਼ਿਆਦਾ ਹੈ। ਮੁੰਗਫਲੀ ਦਾ ਐਮ.ਐਸ.ਪੀ. 6783 ਰੁਪਏ ਰਖਿਆ ਗਿਆ ਹੈ ਜੋ ਪਿਛਲੇ ਸਾਲ ਤੋਂ 406 ਰੁਪਏ ਜ਼ਿਆਦਾ ਹੈ।
ਸੂਰਜਮੁਖੀ ਦੇ ਬੀਜਾਂ ਦਾ ਐਮ.ਐਸ.ਪੀ. ਪਿਛਲੇ ਸਾਲ ਤੋਂ 520 ਰੁਪਏ ਜ਼ਿਆਦਾ 7280 ਰੁਪਏ ਹੋਵੇਗਾ। ਸਭ ਤੋਂ ਜ਼ਿਆਦਾ ਐਮ.ਐਸ.ਪੀ. ਕਾਲੇ ਤਿਲਾਂ (ਨਾਈਜਰ ਸੀਡ) ਲਈ 983 ਰੁਪਏ ਵਧਾਇਆ ਗਿਆ ਜੋ ਹੁਣ 8717 ਰੁਪਏ ਪ੍ਰਤੀ ਕੁਇੰਟਲ ਹੋਵੇਗਾ।
ਫ਼ਸਲ |
MSP |
ਵਾਧਾ |
ਝੋਨਾ (ਆਮ ਗ੍ਰੇਡ) |
2300 |
117 |
ਝੋਨਾ (ਏ ਗ੍ਰੇਡ) |
2320 |
117 |
ਜਵਾਰ (ਹਾਈਬ੍ਰਿਡ) |
3371 |
191 |
ਜਵਾਰ (ਮਾਲਦਾਂਡੀ) |
3421 |
196 |
ਬਾਜਰਾ |
2625 |
125 |
ਰਾਗੀ |
4290 |
444 |
ਮੱਕੀ |
2225 |
135 |
ਅਰਹਰ |
7550 |
550 |
ਮੂੰਗੀ |
8682 |
124 |
ਉੜਦ |
7400 |
450 |
ਮੂੰਗਫਲੀ |
6783 |
406 |
ਸੂਰਜਮੁਖੀ ਬੀਜ |
7280 |
520 |
ਸੋਇਆਬੀਨ |
4892 |
292 |
ਤਿਲ |
9267 |
632 |
ਕਾਲੇ ਤਿਲ |
8717 |
983 |
ਕਪਾਹ (ਦਰਮਿਆਨਾ ਰੇਸ਼ਾ) |
7121 |
501 |
ਕਪਾਹ (ਲੰਮਾ ਰੇਸ਼ਾ) |
7521 |
501 |