
ਜ਼ੋਮੈਟੋ ਦੇ ਸ਼ਾਕਾਹਾਰੀ ਉਤਪਾਦਾਂ ਦੀ ਸਪਲਾਈ ਲਈ ਵੱਖਰਾ ਦਸਤਾ ਬਣਾਉਣ ਦੇ ਫੈਸਲੇ ਦਾ ਸੋਸ਼ਲ ਮੀਡੀਆ ’ਤੇ ਵਿਰੋਧ ਕੀਤਾ ਗਿਆ ਸੀ
ਨਵੀਂ ਦਿੱਲੀ: ਆਨਲਾਈਨ ਫੂਡ ਦੀ ਸਪਲਾਈ ਕਰਨ ਵਾਲੀ ਜ਼ੋਮੈਟੋ ਨੇ ਬੁਧਵਾਰ ਨੂੰ ਕਿਹਾ ਕਿ ਉਸ ਦੇ ਸਾਰੇ ਮੁਲਾਜ਼ਮ ਆਮ ਵਾਂਗ ਲਾਲ ਰੰਗ ਦੇ ਕਪੜੇ ਪਹਿਨਣਾ ਜਾਰੀ ਰਖਣਗੇ। ਜ਼ੋਮੈਟੋ ਦੇ ਸੀ.ਈ.ਓ. ਦੀਪਇੰਦਰ ਗੋਇਲ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਸ਼ਾਕਾਹਾਰੀ ਉਤਪਾਦਾਂ ਦੀ ਸਪਲਾਈ ਕਰਨ ਵਾਲੇ ਕਰਮਚਾਰੀਆਂ ਨੂੰ ਹਰਾ ਪਹਿਨਣ ਦਾ ਵਿਚਾਰ ਛਡਿਆ ਜਾ ਰਿਹਾ ਹੈ ਅਤੇ ਸਾਰੇ ਸਪਲਾਇਰ ਲਾਲ ਰੰਗ ਦੀ ਵਰਦੀ ’ਚ ਹੀ ਰਹਿਣਗੇ।
ਜ਼ੋਮੈਟੋ ਦੇ ਸੀ.ਈ.ਓ. ਦੀਪਇੰਦਰ ਗੋਇਲ ਨੇ ਕਿਹਾ, ‘‘ਅਸੀਂ ਸ਼ਾਕਾਹਾਰੀ ਗਾਹਕਾਂ ਲਈ ਇਕ ਵੱਖਰਾ ਦਸਤਾ ਸ਼ੁਰੂ ਕਰਨਾ ਜਾਰੀ ਰੱਖ ਰਹੇ ਹਾਂ ਪਰ ਅਸੀਂ ਪਹਿਰਾਵੇ ਦੇ ਰੰਗ ਦੇ ਅਧਾਰ ’ਤੇ ਫ਼ਰਕ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਸਾਡੀ ਆਮ ਟੀਮ ਅਤੇ ਸ਼ਾਕਾਹਾਰੀ ਦਸਤੇ ਦੋਹਾਂ ਦੇ ਮੈਂਬਰ ਲਾਲ ਪਹਿਰਾਵੇ ’ਚ ਰਹਿਣਗੇ।’’
ਦਰਅਸਲ, ਜ਼ੋਮੈਟੋ ਦੇ ਸ਼ਾਕਾਹਾਰੀ ਉਤਪਾਦਾਂ ਦੀ ਸਪਲਾਈ ਲਈ ਵੱਖਰਾ ਦਸਤਾ ਬਣਾਉਣ ਦੇ ਫੈਸਲੇ ਦਾ ਸੋਸ਼ਲ ਮੀਡੀਆ ’ਤੇ ਵਿਰੋਧ ਕੀਤਾ ਗਿਆ ਸੀ। ਲੋਕਾਂ ਨੇ ਕਿਹਾ ਕਿ ਲਾਲ ਅਤੇ ਹਰੇ ਰੰਗਾਂ ਦੇ ਆਧਾਰ ’ਤੇ ਸਪਲਾਇਰਾਂ ਨੂੰ ਹਾਊਸਿੰਗ ਸੁਸਾਇਟੀ ’ਚ ਦਾਖਲ ਹੋਣ ਦੀ ਇਜਾਜ਼ਤ ਦੇਣ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ। ਇਸ ਤੋਂ ਬਾਅਦ ਜ਼ੋਮੈਟੋ ਨੇ ਇਸ ਫੈਸਲੇ ’ਚ ਬਦਲਾਅ ਕੀਤਾ ਹੈ।
ਗੋਇਲ ਨੇ ਕਿਹਾ ਕਿ ਸਾਰੇ ਡਰਾਈਵਰਾਂ ਨੇ ਸਿਰਫ ਲਾਲ ਪਹਿਰਾਵਾ ਪਹਿਨਿਆ ਹੈ, ਇਸ ਲਈ ਸ਼ਾਕਾਹਾਰੀ ਜਾਂ ਮਾਸਾਹਾਰੀ ਉਤਪਾਦਾਂ ਦੇ ਸਪਲਾਇਰਾਂ ਵਿਚ ਕੋਈ ਫਰਕ ਨਹੀਂ ਹੋਵੇਗਾ। ਹਾਲਾਂਕਿ, ਇਹ ਦੋਵੇਂ ਸੈਗਮੈਂਟ ਕੰਪਨੀ ਦੇ ਐਪ ’ਤੇ ਵੱਖਰੇ ਤੌਰ ’ਤੇ ਵਿਖਾਈ ਦਿੰਦੇ ਰਹਿਣਗੇ।