
ਕਿਹਾ, ਪਿਛਲੇ ਇਕ ਸਾਲ ’ਚ ਹੀ ਕੇਂਦਰ ਸਰਕਾਰ ਦੇ ਦਫ਼ਤਰਾਂ ’ਚ ਭਰਤੀ ਲਈ ਲੱਖਾਂ ਨਿਯੁਕਤੀ ਪੱਤਰ ਦਿਤੇ ਗਏ ਹਨ
ਭੁਵਨੇਸ਼ਵਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਨੌਜੁਆਨਾਂ ਲਈ ਰੁਜ਼ਗਾਰ ਪੈਦਾ ਕਰਨ ’ਚ ਉਨ੍ਹਾਂ ਦੀ ਸਰਕਾਰ ਦਾ ‘ਟਰੈਕ ਰੀਕਾਰਡ’ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਸੱਭ ਤੋਂ ਵਧੀਆ ਹੈ। ਉਨ੍ਹਾਂ ਕਿਹਾ ਕਿ ਪੁਲਾੜ, ਸੈਮੀਕੰਡਕਟਰ ਨਿਰਮਾਣ ਅਤੇ ਇਲੈਕਟ੍ਰਿਕ ਗੱਡੀਆਂ ਵਰਗੇ ਉੱਭਰ ਰਹੇ ਖੇਤਰਾਂ ਨੂੰ ਸਮਰਥਨ ਦੇ ਨਾਲ-ਨਾਲ ਸਟਾਰਟਅੱਪਸ ਨੂੰ ਸਹਾਇਤਾ, ਬੁਨਿਆਦੀ ਢਾਂਚੇ ਅਤੇ ਪੀ.ਐਲ.ਆਈ. ਯੋਜਨਾਵਾਂ ’ਤੇ ਉਚਿਤ ਖਰਚ ਨੇ ਵਧੇਰੇ ਨੌਕਰੀਆਂ ਪੈਦਾ ਕਰਨ ’ਚ ਸਹਾਇਤਾ ਕੀਤੀ।
ਅਰਥਵਿਵਸਥਾ ’ਚ ਲੋੜੀਂਦੀਆਂ ਨੌਕਰੀਆਂ ਪੈਦਾ ਨਾ ਕਰਨ ਦੀ ਆਲੋਚਨਾ ’ਤੇ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤ ਦੇ ਦਰਵਾਜ਼ੇ ’ਤੇ ਦੁਨੀਆਂ ਦੇ ਬਿਹਤਰੀਨ ਮੌਕਿਆਂ ਨੂੰ ਪਹੁੰਚਾਉਣ ਲਈ ‘ਵਿਆਪਕ, ਬਹੁ-ਖੇਤਰੀ ਦ੍ਰਿਸ਼ਟੀਕੋਣ’ ਨਾਲ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੇ ਨੌਜੁਆਨਾਂ ਲਈ ਵਧੇਰੇ ਮੌਕੇ ਪੈਦਾ ਕਰਨ ’ਚ ਸਾਡਾ ਟਰੈਕ ਰੀਕਾਰਡ ਪਿਛਲੀਆਂ ਸਰਕਾਰਾਂ ਮੁਕਾਬਲੇ ਸੱਭ ਤੋਂ ਵਧੀਆ ਰਿਹਾ ਹੈ।’’
ਵੱਧ ਰੁਜ਼ਗਾਰ ਪੈਦਾ ਕਰਨ ਦੀਆਂ ਹੋਰ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਖੇਤਰ ’ਚ ਵੱਡੀ ਗਿਣਤੀ ’ਚ ਭਰਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ, ‘‘ਪਿਛਲੇ ਇਕ ਸਾਲ ’ਚ ਹੀ ਕੇਂਦਰ ਸਰਕਾਰ ਦੇ ਦਫ਼ਤਰਾਂ ’ਚ ਭਰਤੀ ਲਈ ਲੱਖਾਂ ਨਿਯੁਕਤੀ ਪੱਤਰ ਦਿਤੇ ਗਏ ਹਨ।’’
ਉਨ੍ਹਾਂ ਕਿਹਾ ਕਿ ਇਸ ਨੂੰ ਪੂਰਾ ਕਰਨ ਲਈ ਸਰਕਾਰ ਨੇ ਨਿੱਜੀ ਖੇਤਰ ਦੇ ਵਿਕਾਸ ਲਈ ਅਨੁਕੂਲ ਮਾਹੌਲ ਬਣਾਇਆ ਹੈ, ਜਿਸ ਨਾਲ ਨੌਕਰੀਆਂ ਵੀ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ, ‘‘10 ਸਾਲਾਂ ਦੇ ਅੰਦਰ ਅਸੀਂ ਅਪਣੀ ਵਪਾਰ ਕਰਨ ’ਚ ਆਸਾਨੀ ਦਰਜਾਬੰਦ 2014 ਦੇ 134ਵੇਂ ਸਥਾਨ ਤੋਂ 2024 ’ਚ 63ਵੇਂ ਸਥਾਨ ’ਤੇ ਪਹੁੰਚ ਗਏ ਹਾਂ।’’ ਉਨ੍ਹਾਂ ਸੰਕੇਤ ਦਿਤਾ ਕਿ ਨਿੱਜੀ ਖੇਤਰ ਲਈ ਭਾਰਤ ’ਚ ਕਾਰੋਬਾਰ ਕਰਨਾ ਜਿੰਨਾ ਸੌਖਾ ਹੋਵੇਗਾ, ਓਨਾ ਹੀ ਇਸ ਨਾਲ ਵਿਕਾਸ ਅਤੇ ਨੌਕਰੀਆਂ ਪੈਦਾ ਕਰਨ ’ਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਭਾਰਤ ਨੂੰ ਨਿਰਮਾਣ ਕੇਂਦਰ ਬਣਾਉਣ ਲਈ ਵੱਖ-ਵੱਖ ਖੇਤਰਾਂ ਲਈ ਉਤਪਾਦਨ ਲਿੰਕਡ ਪ੍ਰੋਤਸਾਹਨ (ਪੀ.ਐਲ.ਆਈ.) ਯੋਜਨਾ ਲੈ ਕੇ ਆਈ ਹੈ। ਉਨ੍ਹਾਂ ਕਿਹਾ, ‘‘ਸਾਲ 2014 ’ਚ ਭਾਰਤ ’ਚ ਵਿਕਣ ਵਾਲੇ 78 ਫੀ ਸਦੀ ਮੋਬਾਈਲ ਫੋਨ ਆਯਾਤ ਕੀਤੇ ਗਏ ਸਨ। ਅੱਜ, ਭਾਰਤ ’ਚ ਵਿਕਣ ਵਾਲੇ 99% ਤੋਂ ਵੱਧ ਮੋਬਾਈਲ ਫੋਨ ‘ਮੇਡ ਇਨ ਇੰਡੀਆ‘ ਹਨ ਅਤੇ ਅਸੀਂ ਹੁਣ ਵਿਸ਼ਵ ’ਚ ਮੋਬਾਈਲ ਫੋਨਾਂ ਦੇ ਮੋਹਰੀ ਨਿਰਯਾਤਕ ਬਣ ਗਏ ਹਾਂ।’’
ਕੁੱਝ ਅਰਥਸ਼ਾਸਤਰੀ ਅਤੇ ਵਿਰੋਧੀ ਪਾਰਟੀਆਂ ਦੇ ਨੇਤਾ ਪੀ.ਐਲ.ਐਫ.ਐਸ. ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕਰਦੇ ਹਨ ਕਿ ਪ੍ਰਮੁੱਖ ਅਰਥਵਿਵਸਥਾਵਾਂ ’ਚ ਸੱਭ ਤੋਂ ਤੇਜ਼ ਰਫਤਾਰ ਨਾਲ ਵਧਣ ਦੇ ਬਾਵਜੂਦ, ਭਾਰਤੀ ਅਰਥਵਿਵਸਥਾ ਨੇ ਅਪਣੀ ਵੱਡੀ ਅਤੇ ਵਿਸਥਾਰ ਕਰ ਰਹੀ ਨੌਜੁਆਨ ਆਬਾਦੀ ਲਈ ਲੋੜੀਂਦੀਆਂ ਨੌਕਰੀਆਂ ਪੈਦਾ ਨਹੀਂ ਕੀਤੀਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ 2013-14 ’ਚ ਬੇਰੁਜ਼ਗਾਰੀ ਦੀ ਦਰ ਸਿਰਫ 3.4 ਫੀ ਸਦੀ ਸੀ, ਜੋ 2022-23 ’ਚ ਮਾਮੂਲੀ ਗਿਰਾਵਟ ਨਾਲ 3.2 ਫੀ ਸਦੀ ਰਹਿ ਗਈ। ਆਰਥਕ ਥਿੰਕ ਟੈਂਕ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਨਾਮੀ ਮੁਤਾਬਕ ਮਾਰਚ ’ਚ ਬੇਰੁਜ਼ਗਾਰੀ ਦੀ ਦਰ 7.6 ਫੀ ਸਦੀ ਸੀ।
ਚਾਬਹਾਰ ਸਮਝੌਤਾ ਮਹੱਤਵਪੂਰਨ ਮੀਲ ਪੱਥਰ, ਅਫਗਾਨਿਸਤਾਨ ਅਤੇ ਮੱਧ ਏਸ਼ੀਆ ਨੂੰ ਜੋੜਾਂਗੇ : ਪ੍ਰਧਾਨ ਮੰਤਰੀ ਮੋਦੀ
ਭੁਵਨੇਸ਼ਵਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਈਰਾਨ ਦੀ ਰਣਨੀਤਕ ਚਾਬਹਾਰ ਬੰਦਰਗਾਹ ਨੂੰ ਚਾਲੂ ਕਰਨ ਲਈ ਭਾਰਤ ਦੇ ਸਮਝੌਤੇ ’ਤੇ ਹਸਤਾਖਰ ਕਰਨ ਨੂੰ ਇਕ ਮਹੱਤਵਪੂਰਨ ਮੀਲ ਪੱਥਰ ਦਸਿਆ ਅਤੇ ਕਿਹਾ ਕਿ ਭਾਰਤ ਵਪਾਰ ਅਤੇ ਵਣਜ ਨੂੰ ਹੁਲਾਰਾ ਦੇਣ ਲਈ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਖੇਤਰ ’ਚ ਸੰਪਰਕ ਦੀ ਦਿਸ਼ਾ ’ਚ ਕੰਮ ਕਰੇਗਾ।
ਮੋਦੀ ਨੇ ਕਿਹਾ ਕਿ ਭਾਰਤ ਨਾ ਸਿਰਫ ਚਾਬਹਾਰ ਬੰਦਰਗਾਹ ਰਾਹੀਂ, ਬਲਕਿ ਕੌਮਾਂਤਰੀ ਉੱਤਰ-ਦਖਣੀ ਆਵਾਜਾਈ ਗਲਿਆਰੇ (ਆਈ.ਐਨ.ਐਸ.ਟੀ.ਸੀ.) ਅਤੇ ਭਾਰਤ-ਪਛਮੀ ਏਸ਼ੀਆ-ਯੂਰਪ ਆਰਥਕ ਗਲਿਆਰੇ ਰਾਹੀਂ ਵੀ ਖੇਤਰੀ ਸੰਪਰਕ, ਵਪਾਰ ਅਤੇ ਵਣਜ ਨੂੰ ਹੁਲਾਰਾ ਦੇਣ ਲਈ ਕੰਮ ਕਰੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ’ਚ ਸੱਤਾ ’ਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਚਾਬਹਾਰ ਬੰਦਰਗਾਹ ਨੂੰ ਤਰਜੀਹ ਦਿਤੀ ਹੈ। ਉਨ੍ਹਾਂ ਕਿਹਾ, ‘‘2016 ’ਚ ਮੇਰੀ ਈਰਾਨ ਯਾਤਰਾ ਦੌਰਾਨ ਭਾਰਤ, ਈਰਾਨ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਪੱਖੀ ਸਮਝੌਤੇ ’ਤੇ ਹਸਤਾਖਰ ਕੀਤੇ ਗਏ ਸਨ।’’
ਇਕ ਭਾਰਤੀ ਕੰਪਨੀ ਨੇ ਕੁੱਝ ਸਾਲ ਪਹਿਲਾਂ ਬੰਦਰਗਾਹ ਦਾ ਸੰਚਾਲਨ ਸੰਭਾਲਿਆ ਸੀ ਅਤੇ ਉਦੋਂ ਤੋਂ ਭਾਰਤ ਇਸ ਦੀ ਵਰਤੋਂ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਕਰ ਰਿਹਾ ਹੈ, ਜਿਸ ਵਿਚ ਕਣਕ, ਦਾਲਾਂ, ਕੀਟਨਾਸ਼ਕ, ਮੈਡੀਕਲ ਸਪਲਾਈ ਸ਼ਾਮਲ ਹੈ।
ਉਨ੍ਹਾਂ ਕਿਹਾ, ‘‘ਚਾਬਹਾਰ ਬੰਦਰਗਾਹ ਦੇ ਵਿਕਾਸ ਲਈ ਹਾਲ ਹੀ ’ਚ ਲੰਮੇ ਸਮੇਂ ਦੇ ਸਮਝੌਤੇ ’ਤੇ ਹਸਤਾਖਰ ਇਕ ਮਹੱਤਵਪੂਰਨ ਮੀਲ ਪੱਥਰ ਹੈ।’’ ਭਾਰਤ ਨੇ 13 ਮਈ ਨੂੰ ਓਮਾਨ ਦੀ ਖਾੜੀ ’ਚ ਚਾਬਹਾਰ ਬੰਦਰਗਾਹ ਨੂੰ ਚਾਲੂ ਕਰਨ ਲਈ 10 ਸਾਲ ਦੇ ਸਮਝੌਤੇ ’ਤੇ ਹਸਤਾਖਰ ਕੀਤੇ ਸਨ, ਜਿਸ ਨਾਲ ਭਾਰਤ ਨੂੰ ਪਾਕਿਸਤਾਨ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕੌਮਾਂਤਰੀ ਉੱਤਰ-ਦਖਣੀ ਟਰਾਂਸਪੋਰਟ ਕੋਰੀਡੋਰ ਨਾਂ ਦੇ ਸੜਕ ਅਤੇ ਰੇਲ ਪ੍ਰਾਜੈਕਟ ਦੀ ਵਰਤੋਂ ਕਰ ਕੇ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਤਕ ਪਹੁੰਚ ਦਿਤੀ ਗਈ ਸੀ।