ਸੰਜੇ ਪਾਂਡੇ 30 ਜੂਨ ਨੂੰ ਸੇਵਾਮੁਕਤ ਹੋ ਗਏ ਸਨ।
ਮੁੰਬਈ: ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ ਕਰਮਚਾਰੀਆਂ ਦੇ ਕਥਿਤ ਫੋਨ ਟੈਪਿੰਗ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿਚ ਈਡੀ ਨੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿਛਲੇ ਦੋ ਦਿਨਾਂ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਵੱਲੋਂ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਸੰਜੇ ਪਾਂਡੇ 30 ਜੂਨ ਨੂੰ ਸੇਵਾਮੁਕਤ ਹੋ ਗਏ ਸਨ।
ਮੁੰਬਈ ਪੁਲਿਸ ਕਮਿਸ਼ਨਰ ਵਜੋਂ ਆਪਣੇ ਚਾਰ ਮਹੀਨੇ ਦੇ ਕਾਰਜਕਾਲ ਤੋਂ ਪਹਿਲਾਂ ਉਹਨਾਂ ਨੇ ਮਹਾਰਾਸ਼ਟਰ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ ਵਜੋਂ ਵੀ ਕੰਮ ਕੀਤਾ। ਇਸ ਦੌਰਾਨ ਸੀਬੀਆਈ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁਖ ਦੇ ਖਿਲਾਫ 100 ਕਰੋੜ ਰੁਪਏ ਦੀ ਫਿਰੌਤੀ ਦੇ ਦੋਸ਼ਾਂ ਵਿਚ ਪਾਂਡੇ ਅਤੇ ਮੁੰਬਈ ਦੇ ਇਕ ਹੋਰ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਤੋਂ ਪੁੱਛਗਿੱਛ ਕੀਤੀ।
ਸੀਬੀਆਈ ਅਤੇ ਈਡੀ ਦੋਵਾਂ ਨੇ ਐਨਐਸਈ ਕਰਮਚਾਰੀਆਂ ਦੇ ਕਥਿਤ ਫੋਨ ਟੈਪਿੰਗ ਦੇ ਮਾਮਲੇ ਵਿਚ ਸੰਜੇ ਪਾਂਡੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਈਡੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ 'ਕੋ ਲੋਕੇਸ਼ਨ' ਘੁਟਾਲੇ ਦੇ ਮਾਮਲੇ 'ਚ ਵੀ ਉਹਨਾਂ ਤੋਂ ਪੁੱਛਗਿੱਛ ਕੀਤੀ ਸੀ।