
ਜਾਂਚ ਏਜੰਸੀ ਦੇ ਦਫ਼ਤਰ ਦੇ ਆਲੇ-ਦੁਆਲੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੂੰ ਵੱਡੀ ਗਿਣਤੀ ਵਿਚ ਤਾਇਨਾਤ ਕੀਤਾ ਗਿਆ ਹੈ ਅਤੇ ਸੀਆਰਪੀਸੀ ਦੀ ਧਾਰਾ 144 ਲਾਗੂ ਹੈ।
ਨਵੀਂ ਦਿੱਲੀ: ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ ਅਤੇ ਜਾਂਚ ਏਜੰਸੀ ਵੱਲੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਸੀਆਰਪੀਐਫ ਦੇ ਜਵਾਨਾਂ ਦੀ "ਜ਼ੈੱਡ+" ਸ਼੍ਰੇਣੀ ਦੀ ਸੁਰੱਖਿਆ ਨਾਲ ਸਵੇਰੇ ਕਰੀਬ 11.35 ਵਜੇ ਕੇਂਦਰੀ ਦਿੱਲੀ ਦੇ ਏਪੀਜੇ ਅਬਦੁਲ ਕਲਾਮ ਰੋਡ 'ਤੇ ਸਥਿਤ ਈਡੀ ਹੈੱਡਕੁਆਰਟਰ 'ਤੇ ਪਹੁੰਚੇ। ਉਹਨਾਂ ਦੇ ਨਾਲ ਉਹਨਾਂ ਦੀ ਭੈਣ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ।
ਸੰਘੀ ਜਾਂਚ ਏਜੰਸੀ ਦੇ ਦਫ਼ਤਰ ਦੇ ਆਲੇ-ਦੁਆਲੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੂੰ ਵੱਡੀ ਗਿਣਤੀ ਵਿਚ ਤਾਇਨਾਤ ਕੀਤਾ ਗਿਆ ਹੈ ਅਤੇ ਸੀਆਰਪੀਸੀ ਦੀ ਧਾਰਾ 144 ਲਾਗੂ ਹੈ। ਈਡੀ ਨੇ ਮੰਗਲਵਾਰ ਨੂੰ ਕਾਂਗਰਸ ਨੇਤਾ ਤੋਂ 11 ਘੰਟੇ ਅਤੇ ਸੋਮਵਾਰ ਨੂੰ 10 ਘੰਟੇ ਤੋਂ ਜ਼ਿਆਦਾ ਪੁੱਛਗਿੱਛ ਕੀਤੀ ਸੀ। ਜਾਂਚ ਏਜੰਸੀ ਨੇ ਰਾਹੁਲ ਗਾਂਧੀ ਨੂੰ ਵੀ ਅੱਜ ਪੇਸ਼ ਹੋਣ ਲਈ ਕਿਹਾ ਸੀ। ਰਾਹੁਲ ਗਾਂਧੀ ਤੋਂ ਈਡੀ ਦੀ ਪੁੱਛਗਿੱਛ ਦੇ ਤੀਜੇ ਦਿਨ ਵੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ, ਜਿਸ ਮਗਰੋਂ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਕਾਂਗਰਸ ਹੈੱਡਕੁਆਰਟਰ ਦੇ ਨਾਲ ਲੱਗਦੇ ਇਲਾਕੇ ਵਿਚ ਧਾਰਾ 144 ਲਾਗੂ ਕਰ ਦਿੱਤੀ ਹੈ। ਪਾਰਟੀ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਉਹਨਾਂ ਦੀ ਰਿਹਾਇਸ਼ ਨੂੰ 'ਸੀਲ' ਕਰ ਦਿੱਤਾ ਹੈ।
ਉਹਨਾਂ ਨੇ ਟਵੀਟ ਕੀਤਾ, "ਅੱਜ ਸਵੇਰ ਤੋਂ ਹੀ ਦਿੱਲੀ ਪੁਲਿਸ ਨੇ ਮੇਰੀ ਦਿੱਲੀ ਦੀ ਰਿਹਾਇਸ਼ ਨੂੰ ਸੀਲ ਕਰ ਦਿੱਤਾ ਹੈ, ਪਰਿਵਾਰ ਦੇ ਮੈਂਬਰ ਅਤੇ ਸੈਂਕੜੇ ਸਮਰਥਕ ਘਰ ਵਿਚ ਮੌਜੂਦ ਹਨ... ਕੀ ਦਿੱਲੀ ਵਿਚ ਸ਼ਾਂਤਮਈ ਮਾਰਚ ਕਰਨਾ ਅਪਰਾਧ ਹੈ?" ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਲੋਕਾਂ ਦੇ ਹੱਕਾਂ ਦੀ ਲੜਾਈ ਨਰਿੰਦਰ ਮੋਦੀ ਸਰਕਾਰ ਨੂੰ ਪਸੰਦ ਨਹੀਂ ਆ ਰਹੀ ਹੈ ਅਤੇ ਜਾਂਚ ਏਜੰਸੀਆਂ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਜਪਾ ਦੀ ਫਰੰਟ ਜਥੇਬੰਦੀ ਵਾਂਗ ਵਿਵਹਾਰ ਕਰ ਰਹੀਆਂ ਹਨ। ਮੁੱਖ ਵਿਰੋਧੀ ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਕਾਂਗਰਸ ਹੈੱਡਕੁਆਰਟਰ ਤੱਕ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਝੁਕਣ ਵਾਲੇ ਨਹੀਂ ਹਨ।
ਈਡੀ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਰਾਹੁਲ ਗਾਂਧੀ ਦਾ ਬਿਆਨ ਦਰਜ ਕਰ ਰਹੀ ਹੈ। ਇਸੇ ਮਾਮਲੇ ਵਿਚ ਈਡੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 23 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ। ਸੋਨੀਆ ਗਾਂਧੀ ਕੋਰੋਨਾ ਵਾਇਰਸ ਦੀ ਲਾਗ ਕਾਰਨ ਬਿਮਾਰ ਹਨ ਅਤੇ ਇਸ ਸਮੇਂ ਸਰ ਗੰਗਾ ਰਾਮ ਹਸਪਤਾਲ ਵਿਚ ਦਾਖਲ ਹਨ। ਅਧਿਕਾਰੀਆਂ ਮੁਤਾਬਕ ਸੀਨੀਅਰ ਕਾਂਗਰਸੀ ਨੇਤਾਵਾਂ ਅਤੇ ਗਾਂਧੀ ਪਰਿਵਾਰ ਤੋਂ ਪੁੱਛਗਿੱਛ 'ਯੰਗ ਇੰਡੀਅਨ' ਅਤੇ 'ਐਸੋਸੀਏਟਿਡ ਜਰਨਲਜ਼ ਲਿਮਟਿਡ' (ਏਜੇਐਲ) ਦੇ ਪ੍ਰਮੋਟਰਾਂ ਦੀ ਹਿੱਸੇਦਾਰੀ ਪੈਟਰਨ, ਵਿੱਤੀ ਲੈਣ-ਦੇਣ ਅਤੇ ਭੂਮਿਕਾ ਨੂੰ ਸਮਝਣ ਲਈ ਈਡੀ ਦੀ ਜਾਂਚ ਦਾ ਹਿੱਸਾ ਹੈ। ‘ਯੰਗ ਇੰਡੀਅਨ’ ਦੇ ਪ੍ਰਮੋਟਰਾਂ ਅਤੇ ਸ਼ੇਅਰਧਾਰਕਾਂ ਵਿਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਕੁਝ ਹੋਰ ਕਾਂਗਰਸੀ ਆਗੂ ਸ਼ਾਮਲ ਹਨ।
ਕਾਂਗਰਸ ਦਾ ਕਹਿਣਾ ਹੈ ਕਿ ਉਸ ਦੇ ਸੀਨੀਅਰ ਨੇਤਾਵਾਂ 'ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਈਡੀ ਦੀ ਇਹ ਕਾਰਵਾਈ ਬਦਲਾਖੋਰੀ ਦੀ ਰਾਜਨੀਤੀ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ। ਦਿੱਲੀ ਦੀ ਇਕ ਹੇਠਲੀ ਅਦਾਲਤ ਨੇ ‘ਯੰਗ ਇੰਡੀਅਨ’ ਵਿਰੁੱਧ ਆਮਦਨ ਕਰ ਵਿਭਾਗ ਦੀ ਜਾਂਚ ਦਾ ਨੋਟਿਸ ਲੈਣ ਤੋਂ ਬਾਅਦ ਏਜੰਸੀ ਨੇ ਪੀਐਮਐਲਏ ਦੀਆਂ ਅਪਰਾਧਿਕ ਧਾਰਾਵਾਂ ਤਹਿਤ ਨਵਾਂ ਕੇਸ ਦਰਜ ਕੀਤਾ ਸੀ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਸੁਬਰਾਮਨੀਅਮ ਸਵਾਮੀ ਨੇ 2013 'ਚ ਇਸ ਸਬੰਧ 'ਚ ਸ਼ਿਕਾਇਤ ਦਰਜ ਕਰਵਾਈ ਸੀ। ਸਵਾਮੀ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਾਂ 'ਤੇ ਧੋਖਾਧੜੀ ਅਤੇ ਫੰਡਾਂ ਦੀ ਗਬਨ ਕਰਨ ਦੀ ਸਾਜ਼ਿਸ਼ ਦਾ ਦੋਸ਼ ਲਗਾਇਆ ਸੀ ਅਤੇ ਦਾਅਵਾ ਕੀਤਾ ਸੀ ਕਿ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਨੇ 90.25 ਕਰੋੜ ਰੁਪਏ ਦੀ ਵਸੂਲੀ ਦਾ ਅਧਿਕਾਰ ਪ੍ਰਾਪਤ ਕਰਨ ਲਈ ਸਿਰਫ 50 ਲੱਖ ਰੁਪਏ ਦਾ ਭੁਗਤਾਨ ਕੀਤਾ, ਜੋ ਕਿ ਏਜੇਐਲ ਨੇ ਕਾਂਗਰਸ ਨੂੰ ਬਕਾਇਆ ਸੀ।