
ਕਿਹਾ, ਪਟਰੌਲ-ਡੀਜ਼ਲ ’ਤੇ ਐਕਸਾਈਜ਼ ਡਿਊਟੀ ਘਟਾਉਣ ਦੀ ਕੋਈ ਯੋਜਨਾ ਨਹੀਂ
ਕੌਮਾਂਤਰੀ ਬਾਜ਼ਾਰ ’ਚ 90 ਡਾਲਰ ਪ੍ਰਤੀ ਬੈਰਲ ਨੇੜੇ ਪੁੱਜੀਆਂ ਕੱਚੇ ਤੇਲ ਦੀਆਂ ਕੀਮਤਾਂ
ਨਵੀਂ ਦਿੱਲੀ: ਸਰਕਾਰ ਨੂੰ ਉਮੀਦ ਹੈ ਕਿ ਬਾਜ਼ਾਰ ’ਚ ਨਵੀਂਆਂ ਫ਼ਸਲਾਂ ਦੇ ਆਉਣ ਨਾਲ ਅਗਲੇ ਮਹੀਨੇ ਤੋਂ ਸਬਜ਼ੀਆਂ ਦੀਆਂ ਕੀਮਤਾਂ ਘੱਟ ਹੋਣ ਲਗਣਗੀਆਂ।
ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਥੋੜ੍ਹੀ ਚਿੰਤਾ ਹੈ, ਹਾਲਾਂਕਿ ਇਹ ਅਜੇ ਵੀ 90 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਐਕਸਾਈਜ਼ ਡਿਊਟੀ ’ਚ ਕਟੌਤੀ ਦੀ ਯੋਜਨਾ ਨਹੀਂ ਹੈ। ਸਰਕਾਰ ਬੁਨਿਆਦੀ ਢਾਂਚੇ ’ਚ ਨਿਵੇਸ਼ ਵਧਾ ਰਹੀ ਹੈ, ਅਤੇ ਨਿਜੀ ਖੇਤਰ ਦੇ ਪੂੰਜੀ ਨਿਵੇਸ਼ ’ਚ ਅਜੇ ਤੇਜ਼ੀ ਆਉਣਾ ਬਾਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਦਾ ਪੂੰਜੀਗਤ ਖ਼ਰਚ ਸਤੰਬਰ ਦੇ ਅੰਤ ਤਕ ਬਜਟ ਅੰਦਾਜ਼ੇ ਦਾ 50 ਫ਼ੀ ਸਦੀ ਤਕ ਹੋ ਜਾਵੇਗਾ। ਇਹ ਅੰਕੜਾ ਜੂਨ ਤਿਮਾਹੀ ਦੇ ਅੰਤ ’ਚ 28 ਫ਼ੀ ਸਦੀ ਸੀ। ਸਰਕਾਰ ਨੇ 2023-24 ਦੇ ਬਜਟ ’ਚ ਪੂੰਜੀਗਤ ਖ਼ਰਚ ਨੂੰ 33 ਫ਼ੀ ਸਦੀ ਵਧਾ ਕੇ 10 ਲੱਖ ਕਰੋੜ ਰੁਪਏ ਕਰ ਦਿਤਾ ਸੀ।
ਅਧਿਕਾਰੀ ਨੇ ਅੱਗੇ ਕਿਹਾ ਕਿ ਛੇ ਫ਼ੀ ਸਦੀ ਮੀਂਹ ਦੀ ਕਮੀ ਨਾਲ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ’ਤੇ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਖੇਤੀ ਖੇਤਰ ਕਾਫ਼ੀ ਲਚੀਲਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਮਹਿੰਗਾਈ ਨੂੰ ਕਾਬੂ ’ਚ ਕਰਨ ਲਈ ਕਦਮ ਚੁੱਕ ਰਹੀ ਹੈ ਜਿਸ ਨਾਲ ਕਣਕ ਅਤੇ ਚੌਲਾਂ ਦੇ ਭੰਡਾਰ ਨੂੰ ਜਾਰੀ ਕਰਨਾ, ਚੌਲ, ਚੀਨੀ ਦੇ ਨਿਰਯਾਤ ’ਤੇ ਪਾਬੰਦੀ ਲਾਉਣਾ ਅਤੇ ਦਾਲਾਂ ਤੇ ਤੇਲ ਦੇ ਬੀਜਾਂ ਦੇ ਆਯਾਤ ਦੀ ਇਜਾਜ਼ਤ ਦੇਣਾ ਸ਼ਾਮਲ ਹੈ।
ਅਧਿਕਾਰੀ ਨੇ ਕਿਹਾ, ‘‘ਕੀਮਤਾਂ ਨੂੰ ਹੇਠਾਂ ਰੱਖਣ ਲਈ ਲਚੀਲੀ ਵਪਾਰ ਨੀਤੀ ਅਪਣਾਈ ਗਈ ਹੈ। ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਯੂਕਰੇਨ ਜੰਗ ਕਾਰਨ ਕੌਮਾਂਤਰੀ ਭੋਜਨ ਕੀਮਤਾਂ ਬਹੁਤ ਜ਼ਿਆਦਾ ਹਨ ਅਤੇ ਭੋਜਨ ਪਦਾਰਥਾਂ ਦੀ ਸਪਲਾਈ ਪ੍ਰਭਾਵਤ ਹੋਈ ਹੈ। ਇਹ ਇਕ ਕੌਮਾਂਤਰੀ ਕਾਰਕ ਹੈ, ਜਿਸ ਤੋਂ ਭਾਰਤੀ ਵੱਖ ਨਹੀਂ ਰਹਿ ਸਕਦੇ ਹਨ।’’
ਉਨ੍ਹਾਂ ਕਿਹਾ, ‘‘ਅਸੀਂ ਅਪਣੇ ਲੋਕਾਂ ਨੂੰ ਮਹਿੰਗਾਈ ਤੋਂ ਬਚਾਉਣ ਲਈ ਕਦਮ ਚੁੱਕੇ ਹਨ ਅਤੇ ਦੂਜਿਆਂ ਮੁਕਾਬਲੇ ਅਸੀਂ ਕਾਫ਼ੀ ਬਿਹਤਰ ਸਥਿਤੀ ’ਚ ਹਾਂ।’’ ਉਨ੍ਹਾਂ ਕਿਹਾ ਕਿ ਟਮਾਟਰ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਵੀ ਕਦਮ ਚੁੱਕੇ ਗਏ ਹਨ ਅਤੇ ਆਉਣ ਵਾਲੇ ਮਹੀਨਿਆਂ ’ਚ ਇਸ ਦਾ ਅਸਰ ਵਿਖਾਈ ਦੇਵੇਗਾ।
ਅਧਿਕਾਰੀ ਨੇ ਕਿਹਾ, ‘‘ਮੌਜੂਦਾ ਅਸਥਾਈ ਰੂਪ ’ਚ ਉੱਚੀ ਮਹਿੰਗਾਈ ਦਰ ਅੰਸ਼ਕ ਰੂਪ ’ਚ ਸਬਜ਼ੀਆਂ ਕਾਰਨ ਹੈ। ਮੈਨੂੰ ਉਮੀਦ ਹੈ ਕਿ ਸਬਜ਼ੀਆਂ ਦੀਆਂ ਕੀਮਤਾਂ ਛੇਤੀ ਹੀ ਘੱਟ ਹੋ ਜਾਣਗੀਆਂ, ਸ਼ਾਇਦ ਅਗਲੇ ਮਹੀਨੇ ਤਕ।’’
ਜੁਲਾਈ ਨੂੰ ਪ੍ਰਚੂਨ ਮਹਿੰਗਾਈ ਦਰ 15 ਮਹੀਨਿਆਂ ਦੇ ਸਭ ਤੋਂ ਉੱਚੇ ਪਧਰ 7.44 ਫ਼ੀ ਸਦੀ ’ਤੇ ਪੁੱਜ ਗਈ ਸੀ।