
ਸੈਂਸੈਕਸ 63,523.15 ਦੇ ਰੀਕਾਰਡ ਉੱਚ ਪੱਧਰ ’ਤੇ ਬੰਦ ਹੋਇਆ
ਮੁੰਬਈ: ਯੂਰਪੀ ਬਾਜ਼ਾਰਾਂ ਦੇ ਸਾਕਾਰਾਤਮਕ ਸੰਕੇਤਾਂ ਵਿਚਕਾਰ ਭਾਰਤ ਦੇ ਸ਼ੇਅਰ ਬਾਜ਼ਾਰ ’ਚ ਬੁਧਵਾਰ ਨੂੰ ਵੱਡੀਆਂ ਕੰਪਨੀਆਂ ਰਿਲਾਇੰਸ ਇੰਡਸਟਰੀਜ਼ ਅਤੇ ਐਚ.ਡੀ.ਐਫ਼.ਸੀ. ਦੇ ਸ਼ੇਅਰਾਂ ਦੀ ਖ਼ਰੀਦ ਨਾਲ ਮਾਨਕ ਸੂਚਕ ਅੰਕ ਸੈਂਸੈਕਸ ਅਤੇ ਨਿਫ਼ਟੀ ਅਪਣੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ।
ਬੀ.ਐਸ.ਈ. ਦਾ 40 ਸ਼ੇਅਰਾਂ ਵਾਲਾ ਸੈਂਸੈਕਸ 195.45 ਅੰਕ, ਯਾਨੀਕਿ 0.31 ਫ਼ੀ ਸਦੀ ਦੇ ਵਾਧੇ ਨਾਲ 63,523.15 ਦੇ ਰੀਕਾਰਡ ਉੱਚ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 260.61 ਅੰਕ ਵਧ ਕੇ 63,588.31 ਦੇ ਦਿਨ ’ਚ ਕਾਰੋਬਾਰ ਦੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ ਸੀ। ਇਸ ਤੋਂ ਪਹਿਲਾਂ ਬੀਤੇ ਸਾਲ ਇਕ ਦਸੰਬਰ ਨੂੰ ਸੈਂਸੈਕਸ ਕਾਰੋਬਾਰ ਦੌਰਾਨ 63,583.07 ਦੇ ਰੀਕਾਰਡ ਪੱਧਰ ’ਤੇ ਪਹੁੰਚਿਆ ਸੀ।
ਇਹ ਵੀ ਪੜ੍ਹੋ: ਦਿਲ ਦਾ ਦੌਰਾ ਪੈਣ ਕਾਰਨ ASI ਦੀ ਮੌਤ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 40.15 ਅੰਕ ਯਾਨੀਕਿ 0.21 ਫ਼ੀ ਸਦੀ ਵਧ ਕੇ 18,856.85 ਦੇ ਅਪਣੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ। ਨਿਫ਼ਟੀ ਨੇ ਦਿਨ ’ਚ ਕਾਰੋਬਾਰ ਦੌਰਾਨ 18,875.90 ਦੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ਨੂੰ ਵੀ ਛੂਹਿਆ। ਸੈਂਸੈਕਸ ਦੀਆਂ ਕੰਪਨੀਆਂ ’ਚ ਪਾਵਰ ਗਰਿੱਡ ’ਚ ਸਭ ਤੋਂ ਵੱਧ 3.68 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਐਚ.ਡੀ.ਐਫ਼.ਸੀ. ਬੈਂਕ 1.71 ਫ਼ੀ ਸਦੀ ਅਤੇ ਐਚ.ਡੀ.ਐਫ਼.ਸੀ. 1.66 ਫ਼ੀ ਸਦੀ ਚੜ੍ਹ ਗਏ। ਟੈਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵੀਸਿਜ਼, ਵਿਪਰੋ, ਰਿਲਾਇੰਸ ਇੰਡਸਟਰੀਜ਼ ਅਤੇ ਲਾਰਸਨ ਐਂਡ ਟਰਬੋ ਵੀ ਵਾਧਾ ਦਰਜ ਕਰਨ ’ਚ ਸਫ਼ਲ ਰਹੀਆਂ।
ਜਿਯੋਜੀਤ ਫ਼ਾਈਨਾਂਸ਼ੀਅਲ ਸਰਵੀਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ.ਕੇ. ਵਿਜੈ ਕੁਮਾਰ ਨੇ ਕਿਹਾ, ‘‘ਸੈਂਸੈਕਸ ਦਾ ਅਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਣਾ ਸ਼ੇਅਰ ਬਾਜ਼ਾਰ ’ਚ ਕੌਮਾਂਤਰੀ ਪੱਧਰ ’ਤੇ ਜਾਰੀ ਤੇਜ਼ੀ ਅਨੁਸਾਰ ਹੈ। ਜ਼ਿਆਦਾਤਰ ਬਾਜ਼ਾਰ ਇਸ ਸਮੇਂ 52 ਹਫ਼ਤਿਆਂ ਦੇ ਸਭ ਤੋਂ ਉੱਪਰਲੇ ਪੱਧਰ ’ਤੇ ਹਨ।’’ ਇਸ ਦੌਰਾਨ ਕੌਮਾਂਤਰੀ ਤੇਲ ਮਾਨਕ ਬਰੈਂਟ ਕਰੂਡ 0.03 ਫ਼ੀ ਸਦੀ ਵਧ ਕੇ 75.98 ਡਾਲਰ ਪ੍ਰਤੀ ਬੈਰਲ ’ਤੇ ਪੁੱਜ ਗਿਆ।