
ਪਿਛਲੇ ਦੋ ਸਾਲਾਂ ’ਚ ਔਸਤਨ ਪਰਵਾਰ ਨੇ ਬੋਤਲਬੰਦ ਸਾਫਟ ਡਰਿੰਕ ਦੀ ਖਪਤ ’ਚ 250 ਮਿਲੀਲੀਟਰ ਦਾ ਵਾਧਾ ਹੋਇਆ
ਨਵੀਂ ਦਿੱਲੀ, 21 ਜੂਨ: ਪਿਛਲੇ ਦੋ ਸਾਲਾਂ ’ਚ ਔਸਤ ਭਾਰਤੀ ਪਰਵਾਰਾਂ ’ਚ ਬੋਤਲਬੰਦ ਸਾਫਟ ਡਰਿੰਕ ਦੀ ਖਪਤ ਵਧੀ ਹੈ ਅਤੇ ਪਿਛਲੇ ਵਿੱਤੀ ਸਾਲ 2023-24 ’ਚ ਇਹ ਅੰਕੜਾ ਵਧ ਕੇ 50 ਫ਼ੀ ਸਦੀ ਤੋਂ ਵੱਧ ਹੋ ਗਿਆ ਹੈ। ਕਾਂਤਾਰ ਐਫ.ਐਮ.ਸੀ.ਜੀ. ਪਲਸ ਦੀ ਤਾਜ਼ਾ ਰੀਪੋਰਟ ਮੁਤਾਬਕ ਗਰਮੀਆਂ ਦੀ ਸ਼ੁਰੂਆਤ ਦੇ ਨਾਲ ਇਹ ਰੁਝਾਨ ਹੋਰ ਵਧਣ ਦੀ ਸੰਭਾਵਨਾ ਹੈ।
ਰੀਪੋਰਟ ਮੁਤਾਬਕ ਪਿਛਲੇ ਦੋ ਸਾਲਾਂ ’ਚ ਔਸਤਨ ਪਰਵਾਰ ਨੇ ਬੋਤਲਬੰਦ ਸਾਫਟ ਡਰਿੰਕ ਦੀ ਖਪਤ ’ਚ 250 ਮਿਲੀਲੀਟਰ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ‘ਫੈਬਰਿਕ ਸਾਫ਼ਟਨਰ’ ਹੁਣ ਦੇਸ਼ ਦੇ ਹਰ ਚਾਰ ਘਰਾਂ ’ਚੋਂ ਇਕ ਤਕ ਪਹੁੰਚ ਗਏ ਹਨ। ਇਸ ਨੂੰ ਅਜੇ ਵੀ ਪ੍ਰੀਮੀਅਮ ਧੋਣ ਵਾਲਾ ਉਤਪਾਦ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ ਪ੍ਰਮੁੱਖ ਐਫ.ਐਮ.ਸੀ.ਜੀ. (ਰੋਜ਼ਾਨਾ ਵਰਤੋਂ) ਕੰਪਨੀਆਂ ਦਾ ਇਕ ਹੋਰ ਪ੍ਰੀਮੀਅਮ ਵਾਸ਼ਿੰਗ ਪ੍ਰੋਡਕਟ ਵਾਸ਼ਿੰਗ ਲਿਕੁਇਡ ਵਿੱਤੀ ਸਾਲ 2023-24 ਵਿਚ ਇਕ ਲੱਖ ਟਨ ਦੇ ਅੰਕੜੇ ਨੂੰ ਪਾਰ ਕਰ ਗਿਆ। ਖਪਤਕਾਰ ਹੁਣ ਸਾਲ ’ਚ 156 ਵਾਰ ਜਾਂ ਹਰ 56 ਘੰਟਿਆਂ ’ਚ ਇਕ ਵਾਰ ਆਨਲਾਈਨ ਜਾਂ ਆਫਲਾਈਨ ਚੈਨਲਾਂ ਰਾਹੀਂ ਐਫ.ਐਮ.ਸੀ.ਜੀ. ਉਤਪਾਦ ਖਰੀਦਦੇ ਹਨ।
ਹਾਲਾਂਕਿ, ਰੀਪੋਰਟ ’ਚ ਕਿਹਾ ਗਿਆ ਹੈ ਕਿ ਔਸਤ ਖਰੀਦ ਕੀਮਤ ’ਚ ਕਮੀ ਆਈ ਹੈ ਕਿਉਂਕਿ ਗਾਹਕ ਹੁਣ ਪਹਿਲਾਂ ਵਾਂਗ ਵੱਡੀ ਖਰੀਦਦਾਰੀ ਨਹੀਂ ਕਰ ਰਹੇ ਹਨ।
ਧੋਣ ਵਾਲੇ ਤਰਲ ਪਦਾਰਥਾਂ ਅਤੇ ਬੋਤਲਬੰਦ ਸਾਫਟ ਡਰਿੰਕ ਵਰਗੇ ਉਤਪਾਦਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ, ਪਰ ਕਰਿਆਨੇ ਦਾ ਸਾਮਾਨ ਅਜੇ ਵੀ ਸੱਭ ਤੋਂ ਵੱਡਾ ਘਰੇਲੂ ਖਰਚ ਹੈ। ਇਹ ਸਾਰੇ ਤਿਮਾਹੀ ਖਰਚਿਆਂ ਦਾ 24 ਫ਼ੀ ਸਦੀ ਤੋਂ ਵੱਧ ਹੈ। ਰੀਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਹਾਲਾਂਕਿ ਮਹਿੰਗਾਈ ’ਚ ਗਿਰਾਵਟ ਆਈ ਹੈ ਪਰ ਇਸ ਦਾ ਖਪਤਕਾਰਾਂ ’ਤੇ ਕੋਈ ਅਸਰ ਨਹੀਂ ਪਿਆ ਹੈ।