
ਕੇਂਦਰ ਵਲੋਂ NCCF ਅਤੇ NAFED ਨੂੰ ਇਕ-ਇਕ ਲੱਖ ਟਨ ਪਿਆਜ਼ ਖਰੀਦਣ ਦੇ ਨਿਰਦੇਸ਼
ਨਵੀਂ ਦਿੱਲੀ: ਪਿਆਜ਼ ਦੀਆਂ ਪ੍ਰਚੂਨ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਇਸ ਸਾਲ ਦੋ ਲੱਖ ਟਨ ਹੋਰ ਪਿਆਜ਼ ਖਰੀਦੇਗੀ। ਇਸ ਨਾਲ ਬਫਰ ਸਟਾਕ ਪੰਜ ਲੱਖ ਟਨ ਹੋ ਜਾਵੇਗਾ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ, ਰਾਸ਼ਟਰੀ ਸਹਿਕਾਰੀ ਖਪਤਕਾਰ ਮਹਾਸੰਘ (ਐਨ. ਸੀ. ਸੀ. ਐਫ.) ਅਤੇ ਰਾਸ਼ਟਰੀ ਖੇਤੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ (ਨੈਫੇਡ) ਨੂੰ ਇਕ-ਇਕ ਲੱਖ ਟਨ ਪਿਆਜ਼ ਖਰੀਦਣ ਲਈ ਕਿਹਾ ਗਿਆ ਹੈ। ਇਹ ਪਿਆਜ਼ ਜ਼ਿਆਦਾ ਖਪਤ ਵਾਲੇ ਕੇਂਦਰਾਂ ਨੂੰ ਭੇਜੇ ਜਾਣਗੇ।
ਇਹ ਵੀ ਪੜ੍ਹੋ: ਪੰਜਾਬ ਵਿਚ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ 71.1 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ
ਸਰਕਾਰ ਸੋਮਵਾਰ ਯਾਨੀ ਅੱਜ ਤੋਂ ਦਿੱਲੀ 'ਚ ਸਬਸਿਡੀ 'ਤੇ ਪਿਆਜ਼ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣਾ ਸ਼ੁਰੂ ਕਰੇਗੀ। ਸਸਤੇ ਪਿਆਜ਼ ਨੂੰ ਵੇਚਣ ਲਈ 10 ਮੋਬਾਈਲ ਵੈਨਾਂ ਅਤੇ ONDC ਪਲੇਟਫਾਰਮ ਤਿਆਰ ਕੀਤੇ ਗਏ ਹਨ। ਖਪਤਕਾਰ ਮਾਮਲਿਆਂ ਦਾ ਮੰਤਰਾਲਾ ਦਿੱਲੀ, ਆਂਧਰਾ ਪ੍ਰਦੇਸ਼, ਤੇਲੰਗਾਨਾ, ਹਿਮਾਚਲ ਪ੍ਰਦੇਸ਼ ਅਤੇ ਅਸਾਮ ਵਰਗੇ ਪ੍ਰਮੁੱਖ ਕੇਂਦਰਾਂ 'ਚ ਕੀਮਤ ਕੰਟਰੋਲ ਲਈ ਜ਼ੋਰ ਦੇ ਰਿਹਾ ਹੈ।
ਇਹ ਵੀ ਪੜ੍ਹੋ: ਜੁੜਵਾ ਭੈਣਾਂ ਨੇ ਅੰਤਰਰਾਸ਼ਟਰੀ ਡਾਂਸ ਮੁਕਾਬਲੇ ’ਚ ਚਮਕਾਇਆ ਟਰਾਈਸਿਟੀ ਦਾ ਨਾਂਅ
ਉਧਰ ਮਹਾਰਾਸ਼ਟਰ ਦੇ ਅਹਿਮਦਨਗਰ 'ਚ ਕਿਸਾਨਾਂ ਨੇ ਐਤਵਾਰ ਨੂੰ ਕੇਂਦਰ ਦੇ 40 ਫ਼ੀ ਸਦੀ ਨਿਰਯਾਤ ਡਿਊਟੀ ਲਗਾਉਣ ਦੇ ਫੈਸਲੇ ਦੇ ਵਿਰੋਧ 'ਚ ਥੋਕ ਬਾਜ਼ਾਰ 'ਚ ਪਿਆਜ਼ ਦੀ ਨਿਲਾਮੀ ਰੋਕ ਦਿਤੀ। ਜ਼ਿਲ੍ਹੇ ਦੀ ਰਹੂੜੀ ਤਹਿਸੀਲ ਦੇ ਪਿਆਜ਼ ਕਿਸਾਨਾਂ ਨੇ ਇਹ ਕਦਮ ਚੁੱਕਿਆ ਹੈ। ਸਵਾਭਿਮਾਨੀ ਸੇਤਕਾਰੀ ਸੰਗਠਨ ਦੇ ਸੂਬਾ ਪ੍ਰਧਾਨ ਸੰਦੀਪ ਜਗਤਾਪ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਕਿਸਾਨ ਵਿਰੋਧੀ ਪੈਂਤੜਾ ਫਿਰ ਲੋਕਾਂ ਦੇ ਸਾਹਮਣੇ ਆ ਗਿਆ ਹੈ।