
ਤਾਨਿਆ ਅਤੇ ਤਨੀਸ਼ਾ ਨੇ ਵਿਸ਼ਵ ਡਾਂਸ ਫ਼ੈਸਟੀਵਲ ਵਿਚ ਜਿੱਤੇ ਦੋ ਸੋਨ ਤਮਗ਼ੇ
ਚੰਡੀਗੜ੍ਹ: ਟਰਾਈਸਿਟੀ ਦੀਆਂ 13 ਸਾਲਾ ਜੁੜਵਾ ਭੈਣਾਂ ਤਾਨਿਆ ਅਤੇ ਤਨੀਸ਼ਾ ਨੇ ਦੱਖਣੀ ਕੋਰੀਆ ’ਚ ਹਾਲ ਹੀ ਵਿਚ ਹੋਏ ਵਿਸ਼ਵ ਡਾਂਸ ਫ਼ੈਸਟੀਵਲ ਵਿਚ ਦੋ ਸੋਨ ਤਮਗ਼ੇ ਜਿੱਤੇ ਹਨ। ਉਨ੍ਹਾਂ ਨੂੰ ਇੰਟਰਨੈਸ਼ਨਲ ਡਾਂਸ ਆਰਗ਼ੇਨਾਈਜ਼ੇਸ਼ਨ (ਆਈਡੀਓ), ਦੱਖਣੀ ਕੋਰੀਆ ਦੁਆਰਾ ਕਰਵਾਏ ਡਾਂਸ ਫ਼ੈਸਟੀਵਲ ਵਿਚ ਉੱਤਰੀ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਗਿਆ ਸੀ। ਇਨ੍ਹਾਂ ਜੁੜਵਾ ਬੱਚੀਆਂ ਨੇ ਨਾ ਸਿਰਫ਼ ਟਰਾਈਸਿਟੀ ਦਾ, ਸਗੋਂ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਚੈਂਪੀਅਨਸ਼ਿਪ ਵਿਚ 20 ਤੋਂ ਵੱਧ ਦੇਸ਼ਾਂ ਨੇ ਭਾਗ ਲਿਆ ਸੀ।
ਤਾਨਿਆ ਅਤੇ ਤਨੀਸ਼ਾ ਨੇ ਡਾਂਸ ਡਾਇਰੈਕਟਰ, ਸਮੀਰ ਮਹਾਜਨ ਅਤੇ ਸਾਕਸ਼ੀ ਰੌਥਨ, ਹਰਪ੍ਰੀਤ ਦੂਬੇ, ਲੜਕੀਆਂ ਦੇ ਕਥਕ ਕੋਚ ਅਤੇ ਦੋਵਾਂ ਲੜਕੀਆਂ ਦੇ ਪਿਤਾ ਵਿਨੋਦ ਕੁਮਾਰ ਨੇ ਇੱਥੇ ਪ੍ਰੈੱਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ‘‘ਅਸੀਂ ‘ਆਧੁਨਿਕ ਸਮਕਾਲੀ’ ਅਤੇ ‘ਲੋਕਧਾਰਾ’ ਦੀਆਂ ਸ਼੍ਰੇਣੀਆਂ ਵਿੱਚ ਦੋ ਸੋਨ ਤਮਗ਼ੇ ਜਿੱਤੇ ਹਨ ਅਤੇ ਇਸ ਪ੍ਰਾਪਤੀ ’ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ।” ਤਨੀਸ਼ਾ ਨੇ ਕਿਹਾ, ‘‘ਅਸੀਂ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰਨ ਲਈ ਸਖ਼ਤ ਮਿਹਨਤ ਕੀਤੀ। ਕੋਰੀਆ ਵਿਚ ਪ੍ਰਦਰਸ਼ਨ ਨੇ ਸਾਨੂੰ ਭਵਿੱਖ ਦੇ ਮੁਕਾਬਲਿਆਂ ਵਿਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਤ ਕੀਤਾ ਹੈ।”
ਸਮੀਰ ਮਹਾਜਨ, ਜੋ ਇਕ ਅਭਿਨੇਤਾ, ਕਲਾਕਾਰ ਅਤੇ ਕੋਰੀਓਗ੍ਰਾਫ਼ਰ ਵੀ ਹਨ, ਨੇ ਪ੍ਰਗਟਾਵਾ ਕੀਤਾ ਕਿ ਇਸ ਜੋੜੀ ਨੇ ਅਪ੍ਰੈਲ ਵਿਚ ਬੈਂਗਲੁਰੂ ਵਿੱਚ ਡਾਂਸ ਵਿਸ਼ਵ ਕੱਪ ਵਿੱਚ ਪ੍ਰਦਰਸ਼ਨ ਕੀਤਾ ਸੀ, ਜਿਥੇ ਉਨ੍ਹਾਂ ਕਈ ਮੁਕਾਬਲਿਆਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਇੰਨਾ ਹੀ ਨਹੀਂ, ਜੂਨ ’ਚ ਹੋਈ ਏਸ਼ੀਆ ਪੈਸੀਫ਼ਿਕ ਡਾਂਸ ਕਾਂਗਰਸ ਦੁਬਈ ’ਚ ਵੀ ਜੁੜਵਾ ਬੱਚੀਆਂ ਜੇਤੂ ਰਹੀਆਂ ਸਨ। ਸਮੀਰ ਨੇ ਦਸਿਆ ਕਿ ਵਿਸ਼ਵ ਡਾਂਸ ਫੈਸਟੀਵਲ ਆਈਡੀਓ, ਕੋਰੀਆ ਦੁਆਰਾ ਇੱਕ ਸਮਾਗਮ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਪਰਫ਼ਾਰਮਿੰਗ ਆਰਟਸ ਲਈ ਆਈਡੀਓ ਇੰਡੀਆ (ਉੱਤਰੀ) ਦਾ ਬ੍ਰਾਂਡ ਅੰਬੈਸਡਰ ਹੈ ਅਤੇ ਉਹ ਫੋਕ ਅਤੇ ਕਪਲ ਡਾਂਸ ਦਾ ਮੁਖੀ ਵੀ ਹੈ।
ਉਨ੍ਹਾਂ ਕਿਹਾ ਕਿ ਸਾਕਸ਼ੀ ਰੌਥਨ ਨੇ ਵੀ ਸੋਲੋ ਵਿੱਚ ‘ਲੋਕ ਗੀਤ-ਸੋਲੋ ਵਰਗ’ ਵਿਚ ਸੋਨ ਤਮਗ਼ਾ ਜਿਤਿਆ ਹੈ। ਜੁੜਵਾ ਭੈਣਾਂ ਨੇ ਇਸ ਮੌਕੇ ਅਪਣੇ ਤਜਰਬੇ ਸਾਂਝੇ ਕਰਦਿਆਂ ਦਸਿਆ ਕਿ ਜਦੋਂ ਸਾਡੇ ਸਾਹਮਣੇ ਅੰਤਰਰਾਸ਼ਟਰੀ ਪੱਧਰ ਦੇ ਕਲਾਕਾਰਾਂ ਦੀ ਪੇਸ਼ਕਾਰੀ ਹੁੰਦੀ ਹੈ ਤਾਂ ਘਬਰਾਹਟ ਹੋਣੀ ਸੁਭਾਵਕ ਹੈ ਪਰ ਸਾਡੇ ਅਧਿਆਪਕਾਂ ਨੇ ਸਾਨੂੰ ਹਮੇਸ਼ਾ ਆਪਣੇ ਆਪ ਅਤੇ ਆਪਣੇ ਹੁਨਰ ’ਤੇ ਵਿਸ਼ਵਾਸ ਕਰਨ ਲਈ ਕਿਹਾ ਸੀ, ਜੋ ਅਸੀਂ ਸਟੇਜ ’ਤੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ, ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ ਅਤੇ ਰਿਐਲਿਟੀ ਸ਼ੋਅਜ਼ ਵਿੱਚ ਲਗਾਤਾਰ ਹਿੱਸਾ ਲੈ ਕੇ ਅਤੇ ਵੱਖ-ਵੱਖ ਪੱਧਰਾਂ ’ਤੇ ਜਿੱਤਾਂ ਪ੍ਰਾਪਤ ਕਰ ਕੇ ਆਤਮਵਿਸ਼ਵਾਸ ਪੈਦਾ ਕੀਤਾ ਹੈ।