
ਕਿਹਾ, ਛੋਟੇ ਪ੍ਰਚੂਨ ਵਿਕਰੀਕਰਤਾਵਾਂ ’ਤੇ ਪੈ ਰਿਹੈ ਐਮਾਜ਼ਾਨ ਦੇ ਤੌਰ-ਤਰੀਕਿਆਂ ਦਾ ਬੁਰਾ ਅਸਰ
ਨਵੀਂ ਦਿੱਲੀ: ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਬੁਧਵਾਰ ਨੂੰ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਭਾਰਤ ’ਚ ਇਕ ਅਰਬ ਡਾਲਰ ਦੇ ਨਿਵੇਸ਼ ਦੇ ਐਲਾਨ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਮਰੀਕੀ ਕੰਪਨੀ ਭਾਰਤੀ ਅਰਥਵਿਵਸਥਾ ਦੀ ਕੋਈ ਵੱਡੀ ਸੇਵਾ ਨਹੀਂ ਕਰ ਰਹੀ, ਸਗੋਂ ਦੇਸ਼ ’ਚ ਹੋਏ ਨੁਕਸਾਨ ਦੀ ਭਰਪਾਈ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਰਤ ’ਚ ਐਮਾਜ਼ਾਨ ਦਾ ਭਾਰੀ ਘਾਟਾ ਅਸਲ ’ਚ ਉਨ੍ਹਾਂ ਦੇ ਬਾਜ਼ਾਰ ਵਿਗਾੜਨ ਵਾਲੀਆਂ ਕੀਮਤਾਂ ’ਤੇ ਉਤਪਾਦ ਵੇਚਣ ਦੇ ਤਰੀਕੇ ਨੂੰ ਦਰਸਾਉਂਦਾ ਹੈ ਪਰ ਇਹ ਭਾਰਤ ਲਈ ਚੰਗਾ ਨਹੀਂ ਹੈ ਕਿਉਂਕਿ ਇਹ ਲੱਖਾਂ ਛੋਟੇ ਪ੍ਰਚੂਨ ਵਿਕਰੀਕਰਤਾਵਾਂ ਨੂੰ ਪ੍ਰਭਾਵਤ ਕਰਦਾ ਹੈ। ਗੋਇਲ ਨੇ ‘ਭਾਰਤ ਵਿਚ ਰੁਜ਼ਗਾਰ ਅਤੇ ਖਪਤਕਾਰ ਭਲਾਈ ’ਤੇ ਈ-ਕਾਮਰਸ ਦਾ ਸ਼ੁੱਧ ਪ੍ਰਭਾਵ’ ’ਤੇ ਇਕ ਰੀਪੋਰਟ ਜਾਰੀ ਕਰਦਿਆਂ ਈ-ਕਾਮਰਸ ਕੰਪਨੀਆਂ ਦੇ ਕਾਰੋਬਾਰੀ ਮਾਡਲ ਬਾਰੇ ਕਈ ਸਵਾਲ ਉਠਾਏ।
ਉਨ੍ਹਾਂ ਕਿਹਾ, ‘‘ਜਦੋਂ ਐਮਾਜ਼ਾਨ ਭਾਰਤ ’ਚ ਇਕ ਅਰਬ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕਰਦੀ ਹੈ ਤਾਂ ਅਸੀਂ ਜਸ਼ਨ ਮਨਾਉਂਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਇਹ ਅਰਬਾਂ ਡਾਲਰ ਭਾਰਤੀ ਅਰਥਵਿਵਸਥਾ ਦੀ ਵੱਡੀ ਸੇਵਾ ਜਾਂ ਨਿਵੇਸ਼ ਲਈ ਨਹੀਂ ਆ ਰਹੇ ਹਨ। ਉਸ ਸਾਲ ਕੰਪਨੀ ਨੂੰ ਅਪਣੀਆਂ ਕਿਤਾਬਾਂ ਵਿਚ ਇਕ ਅਰਬ ਡਾਲਰ ਦਾ ਘਾਟਾ ਹੋਇਆ ਸੀ ਅਤੇ ਉਨ੍ਹਾਂ ਨੇ ਉਸ ਘਾਟੇ ਦੀ ਭਰਪਾਈ ਕਰਨੀ ਸੀ।’’
ਉਨ੍ਹਾਂ ਕਿਹਾ, ‘‘ਇਹ ਘਾਟਾ ਪੇਸ਼ੇਵਰਾਂ ਨੂੰ 1,000 ਕਰੋੜ ਰੁਪਏ ਦੇ ਭੁਗਤਾਨ ਕਾਰਨ ਹੋਇਆ ਹੈ। ਮੈਨੂੰ ਨਹੀਂ ਪਤਾ ਕਿ ਇਹ ਪੇਸ਼ੇਵਰ ਕੌਣ ਹਨ। ਮੈਂ ਇਹ ਜਾਣਨਾ ਚਾਹਾਂਗਾ ਕਿ ਕਿਹੜੇ ਚਾਰਟਰਡ ਅਕਾਊਂਟੈਂਟਾਂ, ਪੇਸ਼ੇਵਰਾਂ ਜਾਂ ਵਕੀਲਾਂ ਨੂੰ 1,000 ਕਰੋੜ ਰੁਪਏ ਉਦੋਂ ਤਕ ਮਿਲਦੇ ਹਨ ਜਦੋਂ ਤਕ ਤੁਸੀਂ ਸਾਰੇ ਵੱਡੇ ਵਕੀਲਾਂ ਨੂੰ ਉਨ੍ਹਾਂ ਨੂੰ ਰੋਕਣ ਲਈ ਭੁਗਤਾਨ ਨਹੀਂ ਕਰਦੇ ਤਾਂ ਜੋ ਕੋਈ ਵੀ ਤੁਹਾਡੇ ਵਿਰੁਧ ਕੇਸ ਨਾ ਲੜ ਸਕੇ।’’
ਉਨ੍ਹਾਂ ਹੈਰਾਨੀ ਜ਼ਾਹਰ ਕੀਤੀ ਕਿ ਕੀ ਇਕ ਸਾਲ ’ਚ 6,000 ਕਰੋੜ ਰੁਪਏ ਦਾ ਘਾਟਾ ਕੀਮਤਾਂ ਨੂੰ ਬਹੁਤ ਘੱਟ ਰੱਖਣ ਦਾ ਸੰਕੇਤ ਨਹੀਂ ਦਿੰਦਾ? ਇਹ ਸਿਰਫ ਇਕ ਈ-ਕਾਮਰਸ ਮੰਚ ਹੈ ਅਤੇ ਉਨ੍ਹਾਂ ਕੰਪਨੀਆਂ ਨੂੰ ਗਾਹਕਾਂ ਨੂੰ ਸਿੱਧੇ ਵੇਚਣ (ਬੀ 2 ਸੀ) ਦੀ ਇਜਾਜ਼ਤ ਨਹੀਂ ਹੈ। ਸਰਕਾਰ ਦੀ ਸਥਾਪਿਤ ਨੀਤੀ ਮੁਤਾਬਕ ਕੋਈ ਵੀ ਈ-ਕਾਮਰਸ ਮੰਚ ਦੇਸ਼ ’ਚ ਸਿੱਧੇ ਗਾਹਕਾਂ ਨਾਲ ਬੀ2ਸੀ ਕਾਰੋਬਾਰ ਨਹੀਂ ਕਰ ਸਕਦਾ।
ਹਾਲਾਂਕਿ, ਮੰਤਰੀ ਨੇ ਦੋਸ਼ ਲਾਇਆ ਕਿ ਇਹ ਕੰਪਨੀਆਂ ਖ਼ੁਦ ਨੂੰ ਬੀ2ਬੀ ਵਜੋਂ ਵਿਖਾਉਣ ਲਈ ਸਿਰਫ ਇਕ ਇਕਾਈ ਰਾਹੀਂ ਸਾਰੇ ਕਾਰੋਬਾਰਾਂ ਨੂੰ ਰੀਡਾਇਰੈਕਟ ਕਰਦੀਆਂ ਹਨ। ਉਨ੍ਹਾਂ ਕਿਹਾ, ‘‘ਉਹ ਇਹ ਕਿਵੇਂ ਕਰ ਰਹੇ ਹਨ, ਕੀ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ।’’
ਉਨ੍ਹਾਂ ਕਿਹਾ ਕਿ ਅਰਥਵਿਵਸਥਾ ’ਚ ਈ-ਕਾਮਰਸ ਖੇਤਰ ਦੀ ਭੂਮਿਕਾ ਹੈ ਪਰ ਉਨ੍ਹਾਂ ਦੀ ਭੂਮਿਕਾ ’ਤੇ ਬਹੁਤ ਧਿਆਨ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਈ-ਕਾਮਰਸ ਕੰਪਨੀਆਂ ਛੋਟੇ ਪ੍ਰਚੂਨ ਵਿਕਰੇਤਾਵਾਂ ਦੇ ਉੱਚ ਮੁੱਲ ਵਾਲੇ ਅਤੇ ਉੱਚ ਮਾਰਜਨ ਵਾਲੇ ਉਤਪਾਦਾਂ ਨੂੰ ਮਾਰ ਰਹੀਆਂ ਹਨ, ਜਦਕਿ ਛੋਟੀਆਂ ਦੁਕਾਨਾਂ ਉਨ੍ਹਾਂ ’ਤੇ ਗੁਜ਼ਾਰਾ ਕਰ ਰਹੀਆਂ ਹਨ।
ਮੰਤਰੀ ਨੇ ਦੇਸ਼ ’ਚ ਆਨਲਾਈਨ ਪ੍ਰਚੂਨ ਕਾਰੋਬਾਰ ਤੇਜ਼ੀ ਨਾਲ ਵਧਣ ’ਤੇ ਰਵਾਇਤੀ ਦੁਕਾਨਾਂ ਨਾਲ ਵੱਡੇ ਸਮਾਜਕ ਵਿਘਨ ਪੈਦਾ ਹੋਣ ਦੀ ਚੇਤਾਵਨੀ ਵੀ ਦਿਤੀ। ਪਛਮੀ ਦੇਸ਼ਾਂ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਯੂਰਪ ਅਤੇ ਅਮਰੀਕਾ ਨੇ ਇਸ ਰੁਝਾਨ ਦੇ ਨਤੀਜੇ ਵੇਖੇ ਹਨ।
ਗੋਇਲ ਨੇ ਕਿਹਾ, ‘‘ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਤਕਨਾਲੋਜੀ ਅਪਣੀ ਭੂਮਿਕਾ ਨਿਭਾਏਗੀ। ਤਕਨਾਲੋਜੀ ਸਸ਼ਕਤੀਕਰਨ ਨਵੀਨਤਾ ਖਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਇਕ ਸਾਧਨ ਹੈ ਪਰ ਸਾਨੂੰ ਇਹ ਵੀ ਵੇਖਣਾ ਪਏਗਾ ਕਿ ਇਹ ਯੋਜਨਾਬੱਧ ਤਰੀਕੇ ਨਾਲ ਅੱਗੇ ਵਧੇ।’’ ਉਨ੍ਹਾਂ ਕਿਹਾ, ‘‘ਅਸੀਂ ਆਨਲਾਈਨ ਪ੍ਰਚੂਨ ਵਿਕਰੇਤਾਵਾਂ ਦੇ ਬਾਜ਼ਾਰ ’ਚ 27 ਫੀ ਸਦੀ ਸਾਲਾਨਾ ਹਿੱਸੇਦਾਰੀ ਦੀ ਦੌੜ ’ਚ ਭਾਰਤ ਦੇ 10 ਕਰੋੜ ਛੋਟੇ ਪ੍ਰਚੂਨ ਵਿਕਰੇਤਾਵਾਂ ਲਈ ਬਹੁਤ ਵੱਡੀਆਂ ਰੁਕਾਵਟਾਂ ਪੈਦਾ ਨਹੀਂ ਕਰਨਾ ਚਾਹੁੰਦੇ।’’