‘ਮੇਰਾ ਬਿਲ ਮੇਰੇ ਅਧਿਕਾਰ’ ਯੋਜਨਾ ਅਧੀਨ 10 ਹਜ਼ਾਰ ਤੋਂ 1 ਕਰੋੜ ਤਕ ਦੇ ਇਨਾਮ ਜਿੱਤਣ ਦਾ ਮਿਲੇਗਾ ਮੌਕਾ
1 ਸਤੰਬਰ ਤੋਂ ਅਸਾਮ, ਗੁਜਰਾਤ ਅਤੇ ਹਰਿਆਣਾ, ਪੁਡੂਚੇਰੀ, ਦਮਨ ਅਤੇ ਦੀਵ ਅਤੇ ਦਾਦਰਾ ਅਤੇ ਨਗਰ ਹਵੇਲੀ ’ਚ ਲਾਂਚ ਕੀਤੀ ਜਾਵੇਗੀ ਯੋਜਨਾ
ਨਵੀਂ ਦਿੱਲੀ: ਸਰਕਾਰ 1 ਸਤੰਬਰ ਤੋਂ ਛੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ‘ਮੇਰਾ ਬਿਲ ਮੇਰਾ ਅਧਿਕਾਰ’ ਯੋਜਨਾ ਜਾਰੀ ਕਰੇਗੀ। ਇਸ ਦੇ ਮੋਬਾਈਲ ਐਪ ’ਤੇ ਬਿਲ ‘ਅਪਲੋਡ’ ਕਰ ਕੇ ਲੋਕ 10,000 ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤਕ ਦੇ ਨਕਦ ਇਨਾਮ ਜਿੱਤ ਸਕਦੇ ਹਨ।
ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀ.ਬੀ.ਆਈ.ਸੀ.) ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਲੋਕਾਂ ਨੂੰ ਹਰ ਵਾਰ ਖਰੀਦਦਾਰੀ ਕਰਨ ’ਤੇ ਬਿਲ ਮੰਗਣ ਲਈ ਪ੍ਰੇਰਿਤ ਕਰਨਾ ਹੈ। ਇਸ ਨੂੰ ਅਸਾਮ, ਗੁਜਰਾਤ ਅਤੇ ਹਰਿਆਣਾ, ਪੁਡੂਚੇਰੀ, ਦਮਨ ਅਤੇ ਦੀਵ ਅਤੇ ਦਾਦਰਾ ਅਤੇ ਨਗਰ ਹਵੇਲੀ ’ਚ ਲਾਂਚ ਕੀਤਾ ਜਾਵੇਗਾ।
ਸੀ.ਬੀ.ਆਈ.ਸੀ. ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ’ਤੇ ਦਿਤੀ। ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਬਿਲ ‘ਅੱਪਲੋਡ’ ਕਰ ਕੇ ਲੋਕ ਨਕਦ ਇਨਾਮ ਪ੍ਰਾਪਤ ਕਰ ਸਕਦੇ ਹਨ।
‘ਮੇਰਾ ਬਿਲ ਮੇਰਾ ਅਧਿਕਾਰ’ ਐਪ ’ਤੇ ਅਪਲੋਡ ਕੀਤੇ ਗਏ ‘ਇਨਵੌਇਸ’ ’ਚ ਵਿਕਰੇਤਾ ਦਾ ਜੀ.ਐੱਸ.ਟੀ.ਆਈ.ਐਨ., ਇਨਵੌਇਸ ਨੰਬਰ, ਭੁਗਤਾਨ ਕੀਤੀ ਰਕਮ ਅਤੇ ਟੈਕਸ ਦੀ ਰਕਮ ਹੋਣੀ ਚਾਹੀਦੀ ਹੈ। ਇਕ ਵਿਅਕਤੀ ਇਕ ਮਹੀਨੇ ’ਚ ਵੱਧ ਤੋਂ ਵੱਧ 25 ਬਿਲਾਂ ਨੂੰ ‘ਅੱਪਲੋਡ’ ਕਰ ਸਕਦਾ ਹੈ, ਜਿਸ ਦੀ ਘੱਟੋ-ਘੱਟ ਕੀਮਤ 200 ਰੁਪਏ ਹੋਣੀ ਚਾਹੀਦੀ ਹੈ।