
ਅਪ੍ਰੈਲ-ਸਤੰਬਰ, 2023 ’ਚ ਭਾਰਤ ਅਤੇ ਅਮਰੀਕਾ ਵਿਚਕਾਰ ਦੁਵੱਲਾ ਵਪਾਰ 11.3 ਫ਼ੀ ਸਦੀ ਘੱਟ ਕੇ 59.67 ਅਰਬ ਡਾਲਰ ਰਹਿ ਗਿਆ
ਨਵੀਂ ਦਿੱਲੀ: ਵਿਸ਼ਵ ਆਰਥਕ ਅਨਿਸ਼ਚਿਤਤਾਵਾਂ ਅਤੇ ਘਟਦੇ ਨਿਰਯਾਤ ਅਤੇ ਆਯਾਤ ਦੇ ਬਾਵਜੂਦ, ਅਮਰੀਕਾ ਚਾਲੂ ਵਿੱਤੀ ਸਾਲ 2023-24 ਦੀ ਪਹਿਲੀ ਛਿਮਾਹੀ ਵਿਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣ ਕੇ ਉਭਰਿਆ ਹੈ। ਸਰਕਾਰੀ ਅੰਕੜਿਆਂ ’ਚ ਇਹ ਗੱਲ ਸਾਹਮਣੇ ਆਈ ਹੈ। ਵਣਜ ਮੰਤਰਾਲੇ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ, ਅਪ੍ਰੈਲ-ਸਤੰਬਰ, 2023 ’ਚ ਭਾਰਤ ਅਤੇ ਅਮਰੀਕਾ ਵਿਚਕਾਰ ਦੁਵੱਲਾ ਵਪਾਰ 11.3 ਫ਼ੀ ਸਦੀ ਘੱਟ ਕੇ 59.67 ਅਰਬ ਡਾਲਰ ਰਹਿ ਗਿਆ ਹੈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ 67.28 ਅਰਬ ਡਾਲਰ ਸੀ।
ਅਮਰੀਕਾ ਨੂੰ ਨਿਰਯਾਤ ਅਪ੍ਰੈਲ-ਸਤੰਬਰ, 2023 ’ਚ ਘਟ ਕੇ 38.28 ਅਰਬ ਡਾਲਰ ਰਹਿ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 41.49 ਅਰਬ ਡਾਲਰ ਸੀ। ਅਮਰੀਕਾ ਤੋਂ ਆਯਾਤ ਵੀ ਘਟ ਕੇ 21.39 ਅਰਬ ਡਾਲਰ ਰਹਿ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 25.79 ਅਰਬ ਡਾਲਰ ਸੀ।
ਇਸੇ ਤਰ੍ਹਾਂ ਭਾਰਤ ਅਤੇ ਚੀਨ ਵਿਚਾਲੇ ਦੁਵੱਲਾ ਵਪਾਰ ਵੀ 3.56 ਫੀ ਸਦੀ ਘਟ ਕੇ 58.11 ਅਰਬ ਡਾਲਰ ਰਹਿ ਗਿਆ।
ਮੌਜੂਦਾ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਚੀਨ ਨੂੰ ਨਿਰਯਾਤ ਮਾਮੂਲੀ ਤੌਰ ’ਤੇ ਘਟ ਕੇ 7.74 ਅਰਬ ਡਾਲਰ ’ਤੇ ਆ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 7.84 ਅਰਬ ਡਾਲਰ ਸੀ। ਚੀਨ ਤੋਂ ਦਰਾਮਦ ਵੀ ਘਟ ਕੇ 50.47 ਅਰਬ ਡਾਲਰ ਰਹਿ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 52.42 ਅਰਬ ਡਾਲਰ ਸੀ। ਮਾਹਰਾਂ ਦਾ ਮੰਨਣਾ ਹੈ ਕਿ ਆਲਮੀ ਮੰਗ ’ਚ ਕਮਜ਼ੋਰੀ ਕਾਰਨ ਭਾਰਤ-ਅਮਰੀਕਾ ਵਿਚਾਲੇ ਬਰਾਮਦ ਅਤੇ ਦਰਾਮਦ ਘੱਟ ਰਹੀ ਹੈ, ਪਰ ਵਪਾਰ ਵਿਕਾਸ ਛੇਤੀ ਹੀ ਸਕਾਰਾਤਮਕ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਅਮਰੀਕਾ ਨਾਲ ਦੁਵੱਲੇ ਵਪਾਰ ਨੂੰ ਵਧਾਉਣ ਦਾ ਰੁਝਾਨ ਆਉਣ ਵਾਲੇ ਸਾਲਾਂ ’ਚ ਵੀ ਜਾਰੀ ਰਹੇਗਾ ਕਿਉਂਕਿ ਭਾਰਤ ਅਤੇ ਅਮਰੀਕਾ ਆਰਥਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ। ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਦੇ ਨਿਰਯਾਤ ਅਤੇ ਦਰਾਮਦ ਦੀ ਰਾਸ਼ਟਰੀ ਕਮੇਟੀ (ਐਗਜ਼ਿਮ) ਦੇ ਚੇਅਰਮੈਨ ਸੰਜੇ ਬੁਧੀਆ ਨੇ ਪਹਿਲਾਂ ਕਿਹਾ ਸੀ ਕਿ ਭਾਰਤੀ ਨਿਰਯਾਤਕਾਂ ਨੂੰ ਅਮਰੀਕਾ ਵਲੋਂ ‘ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸ’ (ਜੀ.ਐਸ.ਪੀ.) ਲਾਭਾਂ ਦੀ ਬਹਾਲੀ ਲਈ ਛੇਤੀ ਹੱਲ ਦੀ ਲੋੜ ਹੈ ਕਿਉਂਕਿ ਇਹ ਇਸ ਨਾਲ ਦੁਵੱਲੇ ਵਪਾਰ ਨੂੰ ਹੋਰ ਉਤਸ਼ਾਹਿਤ ਕਰਨ ’ਚ ਮਦਦ ਮਿਲੇਗੀ।
ਮੁੰਬਈ ਸਥਿਤ ਬਰਾਮਦਕਾਰ ਖਾਲਿਦ ਖਾਨ ਨੇ ਕਿਹਾ ਕਿ ਰੁਝਾਨ ਦੇ ਮੁਤਾਬਕ ਅਮਰੀਕਾ ਵਿਸ਼ਵ ਚੁਨੌਤੀਆਂ ਦੇ ਬਾਵਜੂਦ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ ਰਹੇਗਾ। ਲੁਧਿਆਣਾ ਦੇ ਐਕਸਪੋਰਟਰ ਐੱਸ. ਸੀ ਰਲਹਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਆਉਣ ਵਾਲੇ ਸਾਲਾਂ 'ਚ ਵਧਦਾ ਰਹੇਗਾ।