
ਸੀ.ਸੀ.ਆਈ. ਨੇ ਸੌਦੇ ਨੂੰ ਮਨਜ਼ੂਰੀ ਮਿਲਣ ਦੇ ਲਗਭਗ ਦੋ ਮਹੀਨੇ ਬਾਅਦ ਮੰਗਲਵਾਰ ਨੂੰ ਅਪਣਾ ਵਿਸਥਾਰਤ ਹੁਕਮ ਪ੍ਰਕਾਸ਼ਤ ਕੀਤਾ
ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਅਤੇ ਵਾਲਟ ਡਿਜ਼ਨੀ ਦੇ ਮੀਡੀਆ ਕਾਰੋਬਾਰਾਂ ਦੇ ਰਲੇਵੇਂ ਨੂੰ ਮਨਜ਼ੂਰੀ ਦਿੰਦੇ ਹੋਏ ਮੁਕਾਬਲੇਬਾਜ਼ੀ ਰੈਗੂਲੇਟਰ ਨੇ ਸੱਤ ਟੀ.ਵੀ. ਚੈਨਲਾਂ ਦੀ ਵਿਕਰੀ ਕਰਨ ਅਤੇ ਇਸ਼ਤਿਹਾਰਬਾਜ਼ੀ ਸਲਾਟਾਂ ਦੀ ਵਿਕਰੀ ਨੂੰ ਕ੍ਰਿਕਟ ਟੂਰਨਾਮੈਂਟਾਂ ਦੇ ਪ੍ਰਸਾਰਣ ਅਧਿਕਾਰਾਂ ਨਾਲ ਨਾ ਜੋੜਨ ਲਈ ਕਿਹਾ ਹੈ।
ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ.ਸੀ.ਆਈ.) ਨੇ ਦੋਹਾਂ ਸਮੂਹਾਂ ਦੀਆਂ ਮੀਡੀਆ ਜਾਇਦਾਦਾਂ ਦੇ ਰਲੇਵੇਂ ਲਈ ਇਨ੍ਹਾਂ ਉਪਾਵਾਂ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ਰਲੇਵੇਂ ਨਾਲ 70,000 ਕਰੋੜ ਰੁਪਏ ਦੀ ਭਾਰਤ ਦੀ ਸੱਭ ਤੋਂ ਵੱਡੀ ਮੀਡੀਆ ਕੰਪਨੀ ਬਣ ਜਾਵੇਗੀ।
ਸੀ.ਸੀ.ਆਈ. ਨੇ ਸੌਦੇ ਨੂੰ ਮਨਜ਼ੂਰੀ ਮਿਲਣ ਦੇ ਲਗਭਗ ਦੋ ਮਹੀਨੇ ਬਾਅਦ ਮੰਗਲਵਾਰ ਨੂੰ ਅਪਣਾ ਵਿਸਥਾਰਤ ਹੁਕਮ ਪ੍ਰਕਾਸ਼ਤ ਕੀਤਾ। ਇਸ ’ਚ ਰਲੇਵੇਂ ਤੋਂ ਬਾਅਦ ਸੰਭਾਵਤ ਮੁਕਾਬਲੇਬਾਜ਼ੀ ਵਿਰੋਧੀ ਸਥਿਤੀਆਂ ਨਾਲ ਨਜਿੱਠਣ ਲਈ ਵੱਖ-ਵੱਖ ਉਪਾਵਾਂ ਦੀ ਸੂਚੀ ਦਿਤੀ ਗਈ ਹੈ।
ਰਲੇਵੇਂ ਵਾਲੀ ਇਕਾਈ ਕੋਲ ਇੰਡੀਅਨ ਪ੍ਰੀਮੀਅਰ ਲੀਗ (ਟੀ.ਵੀ. ਅਤੇ ਡਿਜੀਟਲ), ਆਈਸੀਸੀ ਕ੍ਰਿਕਟ ਟੂਰਨਾਮੈਂਟ (ਟੀ.ਵੀ. ਅਤੇ ਡਿਜੀਟਲ), ਵਿੰਬਲਡਨ, ਪ੍ਰੋ ਕਬੱਡੀ ਲੀਗ ਅਤੇ ਬੀ.ਸੀ.ਸੀ.ਆਈ. ਘਰੇਲੂ ਕ੍ਰਿਕਟ ਮੈਚਾਂ ਦੇ ਪ੍ਰਸਾਰਣ ਅਧਿਕਾਰ ਹੋਣਗੇ।
ਇਸ਼ਤਿਹਾਰਬਾਜ਼ੀ ਉਦਯੋਗ ਨੇ ਰਿਲਾਇੰਸ ਮੀਡੀਆ ਦੀਆਂ ਜਾਇਦਾਦਾਂ ਅਤੇ ਵਾਲਟ ਡਿਜ਼ਨੀ ਦੇ ਕੰਟਰੋਲ ਵਾਲੀ ਸਟਾਰ ਇੰਡੀਆ ਦੇ ਰਲੇਵੇਂ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਸੀ ਕਿ ਵੱਡੇ ਕ੍ਰਿਕਟ ਸਮਾਗਮਾਂ ਦੇ ਪ੍ਰਸਾਰਣ ਦੌਰਾਨ ਇਸ਼ਤਿਹਾਰਾਂ ਲਈ ਵਧੇਰੇ ਫੀਸ ਹੋ ਸਕਦੀ ਹੈ। ਸੀ.ਸੀ.ਆਈ. ਦੇ ਹੁਕਮ ਅਨੁਸਾਰ ਦੋਹਾਂ ਧਿਰਾਂ ਨੇ ਫੈਸਲਾ ਕੀਤਾ ਹੈ ਕਿ ਉਹ ਆਈ.ਸੀ.ਸੀ. ਟੂਰਨਾਮੈਂਟਾਂ ਅਤੇ ਆਈ.ਪੀ.ਐਲ. ਮੈਚਾਂ ਦੇ ਪ੍ਰਸਾਰਣ ਅਧਿਕਾਰਾਂ ਲਈ ਅਪਣੇ ਟੀ.ਵੀ. ਅਤੇ ਓ.ਟੀ.ਟੀ. ਪਲੇਟਫਾਰਮਾਂ ’ਤੇ ਇਸ਼ਤਿਹਾਰਾਂ ਦੀਆਂ ਦਰਾਂ ’ਚ ਅਣਉਚਿਤ ਵਾਧਾ ਨਹੀਂ ਕਰਨਗੇ।
ਸੀ.ਸੀ.ਆਈ. ਨੇ ਰਿਲਾਇੰਸ ਇੰਡਸਟਰੀਜ਼ ਅਤੇ ਵਾਲਟ ਡਿਜ਼ਨੀ ਦੋਹਾਂ ਨੂੰ ਮੁਕਾਬਲੇਬਾਜ਼ੀ ਵਿਰੋਧੀ ਖਦਸ਼ਿਆਂ ਕਾਰਨ ਦੱਸੋ ਨੋਟਿਸ ਭੇਜੇ ਸਨ। ਇਸ ਦੇ ਜਵਾਬ ’ਚ, ਦੋਹਾਂ ਧਿਰਾਂ ਨੇ ਸਵੈ-ਇੱਛਾ ਨਾਲ ਵਚਨਬੱਧਤਾ ਜਤਾਈ ਹੈ ਕਿ ਉਹ ਅਪਣੇ ਕੋਲ ਉਪਲਬਧ ਤਿੰਨਾਂ ਕ੍ਰਿਕਟ ਅਧਿਕਾਰਾਂ ਲਈ ਓ.ਟੀ.ਟੀ. ਇਸ਼ਤਿਹਾਰ ਸਲਾਟ ਦੀ ਵਿਕਰੀ ਨੂੰ ਨਹੀਂ ਜੋੜਨਗੇ।
ਇਸ ਦੌਰਾਨ, ਦੋਵੇਂ ਓ.ਟੀ.ਟੀ. ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ਅਤੇ ਜਿਓਸਿਨੇਮਾ ਵੱਖਰੇ ਤੌਰ ’ਤੇ ਕੰਮ ਕਰਦੇ ਰਹਿਣਗੇ।
ਸੀ.ਸੀ.ਆਈ. ਦੇ ਹੁਕਮ ਅਨੁਸਾਰ ਸਟਾਰ ਜਲਸਾ ਮੂਵੀਜ਼, ਸਟਾਰ ਜਲਸਾ ਮੂਵੀਜ਼ ਐਚ.ਡੀ., ਕਲਰਸ ਮਰਾਠੀ ਅਤੇ ਕਲਰਸ ਮਰਾਠੀ ਐਚ.ਡੀ. ਸਮੇਤ ਸੱਤ ਚੈਨਲ ਵੇਚੇ ਜਾਣਗੇ। ਇਨ੍ਹਾਂ ’ਚੋਂ ਪੰਜ ਚੈਨਲ ਰਿਲਾਇੰਸ ਇੰਡਸਟਰੀਜ਼ ਦਾ ਹਿੱਸਾ ਵਾਇਕਾਮ 18 ਵਲੋਂ ਸੰਚਾਲਿਤ ਕੀਤੇ ਜਾਂਦੇ ਹਨ। ਸਟਾਰ ਇੰਡੀਆ ਦੇ ਚੈਨਲ ਹੰਗਾਮਾ ਅਤੇ ਸੁਪਰ ਹੰਗਾਮਾ ਵੀ ਵੇਚੇ ਜਾਣਗੇ।
ਇਸ ਦੇ ਨਾਲ ਹੀ ਸੀ.ਸੀ.ਆਈ. ਨੇ ਇਹ ਸ਼ਰਤ ਵੀ ਲਗਾਈ ਹੈ ਕਿ ਇਨ੍ਹਾਂ ਚੈਨਲਾਂ ਨੂੰ ਜ਼ੀ ਐਂਟਰਟੇਨਮੈਂਟ, ਕਲਵਰ ਮੈਕਸ ਐਂਟਰਟੇਨਮੈਂਟ (ਸੋਨੀ ਪਿਕਚਰਜ਼) ਜਾਂ ਸਾਊਥ ਅਧਾਰਤ ਸਨ ਟੀ.ਵੀ. ਨੈੱਟਵਰਕ ਵਲੋਂ ਨਹੀਂ ਖਰੀਦਿਆ ਜਾਣਾ ਚਾਹੀਦਾ। ਰੈਗੂਲੇਟਰ ਵਿਨਿਵੇਸ਼ ਕੀਤੇ ਟੀ.ਵੀ. ਚੈਨਲ ਦੀ ਵਿਕਰੀ ਦੀ ਨਿਗਰਾਨੀ ਲਈ ਇਕ ਸੁਤੰਤਰ ਏਜੰਸੀ ਨਿਯੁਕਤ ਕਰੇਗਾ।
ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ.ਸੀ.ਆਈ.) ਨੇ 28 ਅਗੱਸਤ ਨੂੰ ਕਿਹਾ ਸੀ ਕਿ ਉਸ ਨੇ ਰਿਲਾਇੰਸ ਇੰਡਸਟਰੀਜ਼ ਅਤੇ ਵਾਲਟ ਡਿਜ਼ਨੀ ਕੰਪਨੀ ਦੀਆਂ ਮੀਡੀਆ ਜਾਇਦਾਦਾਂ ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿਤੀ ਹੈ। ਰਲੇਵੇਂ ਦੇ ਸੌਦੇ ਦਾ ਐਲਾਨ 2024 ਦੀ ਸ਼ੁਰੂਆਤ ’ਚ ਕੀਤਾ ਗਿਆ ਸੀ। ਹਾਲਾਂਕਿ, ਇਸ ਸੌਦੇ ਨੂੰ ਮੁਕਾਬਲਾ ਕਮਿਸ਼ਨ ਦੀ ਜਾਂਚ ਦਾ ਸਾਹਮਣਾ ਕਰਨਾ ਪਿਆ। ਇਹ ਪ੍ਰਵਾਨਗੀ ਸੌਦੇ ਦੇ ਮੂਲ ਲੈਣ-ਦੇਣ ਢਾਂਚੇ ’ਚ ਕੁੱਝ ਸੋਧਾਂ ਦਾ ਪ੍ਰਸਤਾਵ ਦੇਣ ਤੋਂ ਬਾਅਦ ਆਈ ਹੈ।