
ਸਰਕਾਰ ਵਲੋਂ ਮਨਜ਼ੂਰਸ਼ੁਦਾ ਪਹਿਲਾ ਮਾਲਵਾਹਕ ਜਹਾਜ਼ ਕਾਸਿਮ ਬੰਦਰਗਾਹ ਤੋਂ ਰਵਾਨਾ
ਇਸਲਾਮਾਬਾਦ : ਪਾਕਿਸਤਾਨ ਅਤੇ ਬੰਗਲਾਦੇਸ਼ ਨੇ 1971 ਦੀ ਵੰਡ ਤੋਂ ਬਾਅਦ ਪਹਿਲੀ ਵਾਰ ਸਿੱਧਾ ਵਪਾਰ ਮੁੜ ਸ਼ੁਰੂ ਕਰ ਦਿਤਾ ਹੈ ਅਤੇ ਸਰਕਾਰ ਵਲੋਂ ਮਨਜ਼ੂਰਸ਼ੁਦਾ ਪਹਿਲਾ ਮਾਲਵਾਹਕ ਜਹਾਜ਼ ਕਾਸਿਮ ਬੰਦਰਗਾਹ ਤੋਂ ਰਵਾਨਾ ਹੋ ਗਿਆ ਹੈ। ਦੋਹਾਂ ਦੇਸ਼ਾਂ ਵਿਚਾਲੇ ਸਮਝੌਤੇ ਨੂੰ ਫ਼ਰਵਰੀ ਦੇ ਸ਼ੁਰੂ ਵਿਚ ਅੰਤਿਮ ਰੂਪ ਦਿਤਾ ਗਿਆ ਸੀ ਅਤੇ ਬੰਗਲਾਦੇਸ਼ ਟਰੇਡਿੰਗ ਕਾਰਪੋਰੇਸ਼ਨ ਆਫ ਪਾਕਿਸਤਾਨ (ਟੀ.ਸੀ.ਪੀ.) ਰਾਹੀਂ 50,000 ਟਨ ਪਾਕਿਸਤਾਨੀ ਚੌਲ ਖਰੀਦਣ ਲਈ ਸਹਿਮਤ ਹੋਇਆ ਸੀ।
‘ਐਕਸਪ੍ਰੈਸ ਟ੍ਰਿਬਿਊਨ’ ਅਖਬਾਰ ਦੀ ਖਬਰ ਮੁਤਾਬਕ, ‘‘ਪਹਿਲੀ ਵਾਰ ਪਾਕਿਸਤਾਨ ਨੈਸ਼ਨਲ ਸ਼ਿਪਿੰਗ ਕਾਰਪੋਰੇਸ਼ਨ (ਪੀ.ਐੱਨ.ਐੱਸ.ਸੀ.) ਦਾ ਜਹਾਜ਼ ਸਰਕਾਰੀ ਮਾਲ ਲੈ ਕੇ ਬੰਗਲਾਦੇਸ਼ ਦੀ ਬੰਦਰਗਾਹ ’ਤੇ ਪਹੁੰਚੇਗਾ, ਜੋ ਸਮੁੰਦਰੀ ਵਪਾਰ ਸਬੰਧਾਂ ’ਚ ਇਕ ਮਹੱਤਵਪੂਰਨ ਮੀਲ ਪੱਥਰ ਹੈ।’’ ਪੂਰਬੀ ਪਾਕਿਸਤਾਨ 1971 ’ਚ ਪਾਕਿਸਤਾਨ ਤੋਂ ਵੱਖ ਹੋ ਗਿਆ ਸੀ ਅਤੇ ਫਿਰ ਬੰਗਲਾਦੇਸ਼ ਇਕ ਸੁਤੰਤਰ ਰਾਸ਼ਟਰ ਵਜੋਂ ਹੋਂਦ ’ਚ ਆਇਆ ਸੀ। ਇਹ ਕਾਰਗੋ 1971 ਤੋਂ ਬਾਅਦ ਅਧਿਕਾਰਤ ਵਪਾਰਕ ਸਬੰਧਾਂ ਦੀ ਬਹਾਲੀ ਦੀ ਪਹਿਲੀ ਉਦਾਹਰਣ ਹੈ।
ਇਸ ਸਮਝੌਤੇ ਤਹਿਤ ਬੰਗਲਾਦੇਸ਼ ਨੇ ਟੀ.ਸੀ.ਪੀ. ਰਾਹੀਂ ਪਾਕਿਸਤਾਨ ਤੋਂ 50,000 ਟਨ ਚੌਲ ਆਯਾਤ ਕਰਨਾ ਹੈ। ਆਯਾਤ ਦੋ ਪੜਾਵਾਂ ’ਚ ਹੋਵੇਗੀ, ਜਦਕਿ ਬਾਕੀ 25,000 ਟਨ ਮਾਰਚ ਦੇ ਸ਼ੁਰੂ ’ਚ ਭੇਜੀ ਜਾਵੇਗੀ। ਇਸ ਵਿਕਾਸ ਨੂੰ ਆਰਥਕ ਸਹਿਯੋਗ ਨੂੰ ਵਧਾਉਣ ਅਤੇ ਦਹਾਕਿਆਂ ਤੋਂ ਬੰਦ ਪਏ ਵਪਾਰਕ ਮਾਰਗਾਂ ਨੂੰ ਦੁਬਾਰਾ ਖੋਲ੍ਹਣ ਦੀ ਦਿਸ਼ਾ ’ਚ ਇਕ ਸਕਾਰਾਤਮਕ ਕਦਮ ਵਜੋਂ ਵੇਖਿਆ ਜਾ ਰਿਹਾ ਹੈ।
ਤਾਜ਼ਾ ਵਪਾਰ ਸਮਝੌਤੇ ਨਾਲ ਆਰਥਕ ਸਬੰਧਾਂ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ ਅਤੇ ਦੋਹਾਂ ਦੇਸ਼ਾਂ ਦਰਮਿਆਨ ਸਿੱਧੇ ਵਪਾਰ ਮਾਰਗਾਂ ਦੀ ਸਹੂਲਤ ਮਿਲੇਗੀ। ਅਖਬਾਰ ਨੇ ਕਿਹਾ ਕਿ ਪਿਛਲੇ ਸਾਲ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਹਟਾਏ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਉੱਚ ਪੱਧਰੀ ਆਦਾਨ-ਪ੍ਰਦਾਨ ਨਾਲ ਦੁਵਲੇ ਸਬੰਧ ਨਰਮ ਹੋਏ ਹਨ। ਅਖਬਾਰ ਨੇ ਕਿਹਾ ਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਸ਼ਾਂਤੀ ਪ੍ਰਸਤਾਵ ਪੇਸ਼ ਕੀਤਾ, ਜਿਸ ’ਤੇ ਪਾਕਿਸਤਾਨ ਨੇ ਸਕਾਰਾਤਮਕ ਪ੍ਰਤੀਕਿਰਿਆ ਦਿਤੀ ।