
ਕਿਹਾ, ਐਗਜ਼ਿਟ ਪੋਲ ਨਾਲ ਸਿਰਫ਼ ਮਸ਼ਹੂਰੀ ਮਿਲਦੀ ਹੈ, ਕਮਾਈ ਕਾਰਪੋਰੇਟ ਗਾਹਕਾਂ ਤੋਂ ਹੀ ਹੁੰਦੀ ਹੈ
ਨਵੀਂ ਦਿੱਲੀ: ਐਕਸਿਸ ਮਾਈ ਇੰਡੀਆ ਦੇ ਮੁਖੀ ਪ੍ਰਦੀਪ ਗੁਪਤਾ ਨੇ ਕਿਹਾ ਹੈ ਕਿ ਐਗਜ਼ਿਟ ਪੋਲ ਕਰਵਾਉਣਾ ਘਾਟੇ ਦਾ ਕੰਮ ਹੈ ਅਤੇ ਇਹ ਸਿਰਫ ਸਰਵੇ ਕਰਨ ਵਾਲੇ ਨੂੰ ਮਾਨਤਾ ਦਿੰਦਾ ਹੈ। ਗੁਪਤਾ ਨੂੰ 4 ਜੂਨ ਤਕ ਐਗਜ਼ਿਟ ਪੋਲ ਦਾ ਮਾਹਰ ਮੰਨਿਆ ਜਾਂਦਾ ਸੀ, ਪਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਪੋਲਰਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਜਦੋਂ ਉਨ੍ਹਾਂ ਦੀਆਂ ਭਵਿੱਖਬਾਣੀਆਂ ਗਲਤ ਹੋ ਗਈਆਂ।
ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਕਰਵਾਉਣਾ ਘਾਟੇ ਵਾਲਾ ਕੰਮ ਹੈ ਕਿਉਂਕਿ ਕੋਈ ਵੀ ਮੀਡੀਆ ਜ਼ਮੀਨੀ ਪੱਧਰ ’ਤੇ ਨਿਵੇਸ਼ ਕੀਤੇ ਪੈਸੇ ਤੋਂ ਜ਼ਿਆਦਾ ਪੈਸਾ ਨਹੀਂ ਦੇਵੇਗਾ। ਉਨ੍ਹਾਂ ਕਿਹਾ, ‘‘ਐਗਜ਼ਿਟ ਪੋਲ ਤੋਂ ਸਾਨੂੰ ਇਕੋ ਇਕ ਫਾਇਦਾ ਇਹ ਮਿਲਦਾ ਹੈ ਕਿ ਸਾਨੂੰ ਮਸ਼ਹੂਰੀ ਮਿਲਦੀ ਹੈ ਜੋ ਸਾਨੂੰ ਕਾਰਪੋਰੇਟ ਗਾਹਕਾਂ ਲਈ ਮਾਰਕੀਟ ਰੀਸਰਚ ਕਰਦੇ ਸਮੇਂ ਨਹੀਂ ਮਿਲਦੀ।’’
ਏਜੰਸੀ ਦੇ ਹੈੱਡਕੁਆਰਟਰ ’ਚ ਪੀ.ਟੀ.ਆਈ. ਦੇ ਸੰਪਾਦਕਾਂ ਨਾਲ ਗੱਲਬਾਤ ਦੌਰਾਨ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੇ 70 ਫੀ ਸਦੀ ਗਾਹਕ ਕਾਰਪੋਰੇਟ ਗਾਹਕ ਹਨ ਅਤੇ ਮੁੱਖ ਮਾਲੀਆ ਇਥੋਂ ਆਉਂਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਜ਼ਮੀਨ ’ਤੇ ਜੋ ਨਿਵੇਸ਼ ਕਰਦੇ ਹਾਂ, ਉਸ ਤੋਂ ਇਲਾਵਾ ਹਰ ਸਰਵੇਖਣਕਰਤਾ ਨੂੰ ਸਹੀ ਭਵਿੱਖਬਾਣੀ ਕਰਨ ਲਈ 500 ਰੁਪਏ ਮਿਲਦੇ ਹਨ ਅਤੇ ਅਸੀਂ (ਇਸ ਚੋਣਾਂ ਵਿੱਚ) 3,605 ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ ਹੈ। ਜੇ ਭਵਿੱਖਬਾਣੀ ਸੱਚ ਹੋ ਜਾਂਦੀ ਹੈ ਤਾਂ ਹੋਰ ਪੈਸਾ ਵੀ ਮਿਲਦਾ ਹੈ।’’
ਮੱਧ ਪ੍ਰਦੇਸ਼ ਦੇ ਬਾਲਾਘਾਟ ’ਚ ਜਨਮੇ ਗੁਪਤਾ ਨੇ ਦਿੱਲੀ ’ਚ ਥਾਮਸਨ ਪ੍ਰੈੱਸ ’ਚ ਕੰਮ ਕੀਤਾ ਅਤੇ ਫਿਰ 1993 ’ਚ ਇਕ ਇਸ਼ਤਿਹਾਰਬਾਜ਼ੀ ਏਜੰਸੀ ’ਚ ਕੰਮ ਕਰਨ ਲਈ ਮੁੰਬਈ ਚਲੇ ਗਏ। ਗੁਪਤਾ ਬਾਅਦ ’ਚ ਹਾਰਵਰਡ ਬਿਜ਼ਨਸ ਸਕੂਲ ਚਲੇ ਗਏ ਅਤੇ ਭਾਰਤ ਵਾਪਸ ਆਉਣ ਤੋਂ ਬਾਅਦ, ਉਨ੍ਹਾਂ ਨੇ 2013 ’ਚ ਚੋਣ ਸਰਵੇਖਣ ਕਰਨਾ ਸ਼ੁਰੂ ਕੀਤਾ। ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ 65 ’ਚੋਂ 60 ਚੋਣਾਂ ਦੀ ਸਹੀ ਭਵਿੱਖਬਾਣੀ ਕੀਤੀ।
ਗੁਪਤਾ ਉਦੋਂ ਵਿਵਾਦਾਂ ਦਾ ਕੇਂਦਰ ਬਣ ਗਏ ਜਦੋਂ ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਜਾਣਬੁਝ ਕੇ ਸ਼ੇਅਰ ਬਾਜ਼ਾਰ ਨਾਲ ਛੇੜਛਾੜ ਕਰਨ ਲਈ ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਐਗਜ਼ਿਟ ਪੋਲ ਦੇ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ ਰੀਕਾਰਡ ਉਚਾਈ ’ਤੇ ਪਹੁੰਚ ਗਿਆ ਸੀ ਅਤੇ 4 ਜੂਨ ਨੂੰ ਵੋਟਾਂ ਦੀ ਗਿਣਤੀ ਦੇ ਦਿਨ ਡਿੱਗ ਗਿਆ ਸੀ।
ਉਸ ਨੇ ਦਾਅਵਾ ਕੀਤਾ ਕਿ ਉਸ ਦੇ ਸਰਵੇਖਣ ’ਚ ਕਿਸੇ ਹੇਰਾਫੇਰੀ ਜਾਂ ਪੱਖਪਾਤ ਦੀ ਕੋਈ ਗੁੰਜਾਇਸ਼ ਨਹੀਂ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਐਕਸਿਸ ਮਾਈ ਇੰਡੀਆ ਯੋਜਨਾ ਅਨੁਸਾਰ ਸ਼ੇਅਰ ਬਾਜ਼ਾਰਾਂ ’ਚ ਸੂਚੀਬੱਧ ਹੋਵੇਗੀ, ਗੁਪਤਾ ਨੇ ਕਿਹਾ, ‘ਅਸੀਂ ਕੁੱਝ ਉਤਪਾਦਾਂ ’ਤੇ ਕੰਮ ਕਰ ਰਹੇ ਹਾਂ ਜੋ ਲਾਂਚ ਲਈ ਤਿਆਰ ਹਨ। ਇਕ ਵਾਰ ਜਦੋਂ ਉਹ ਮੁਨਾਫੇ ’ਚ ਆ ਜਾਂਦੇ ਹਨ, ਤਾਂ ਅਸੀਂ ਸਟਾਕ ਮਾਰਕੀਟ ’ਚ ਸੂਚੀਬੱਧ ਹੋਵਾਂਗੇ।