
ਕੇਂਦਰ ਨੇ ਕਣਕ ਦੇ ਨਿਰਯਾਤ ’ਤੇ ਪਾਬੰਦੀ ਹਟਾਉਣ ਦੇ ਕਿਸੇ ਵੀ ਪ੍ਰਸਤਾਵ ਤੋਂ ਇਨਕਾਰ ਕੀਤਾ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸੋਮਵਾਰ ਨੂੰ ਥੋਕ ਵਿਕਰੀਕਰਤਾਵਾਂ ਅਤੇ ਪ੍ਰਚੂਨ ਵਿਕਰੀਕਰਤਾਵਾਂ ਦੇ ਨਾਲ-ਨਾਲ ਪ੍ਰੋਸੈਸਿੰਗ ਕਰਨ ਵਾਲਿਆਂ ਲਈ ਕਣਕ ਸਟਾਕ ਕਰਨ ਦੀ ਹੱਦ ਤੈਅ ਕਰ ਦਿਤੀ ਹੈ। ਇਸ ਕਦਮ ਦਾ ਉਦੇਸ਼ ਜਮ?ਹਾਂਖੋਰੀ ਨੂੰ ਰੋਕਣਾ ਅਤੇ ਕੀਮਤਾਂ ਨੂੰ ਕਾਬੂ ’ਚ ਰਖਣਾ ਹੈ। ਕਣਕ ਸਟਾਕ ਕਰਨ ’ਤੇ ਹੱਦ 31 ਮਾਰਚ, 2025 ਤਕ ਰਹੇਗੀ।
ਇਕ ਸਰਕਾਰੀ ਬਿਆਨ ਮੁਤਾਬਕ ਲਾਇਸੈਂਸ ਜ਼ਰੂਰਤਾਂ, ਸਟਾਕ ਸੀਮਾ ਅਤੇ ਵਿਸ਼ੇਸ਼ ਭੋਜਨ ਪਦਾਰਥਾਂ ’ਤੇ ਆਵਾਜਾਈ ’ਤੇ ਪਾਬੰਦੀਆਂ (ਸੋਧ) ਹੁਕਮ 24 ਜੂਨ 2024 ਤੋਂ ਲਾਗੂ ਹੋ ਗਿਆ ਹੈ। ਇਹ 31 ਮਾਰਚ, 2025 ਤਕ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਤੇ ਲਾਗੂ ਰਹੇਗਾ। ਸਟਾਕ ਹੱਦ ਹਰ ਯੂਨਿਟ ’ਤੇ ਵਿਅਕਤੀਗਤ ਤੌਰ ’ਤੇ ਲਾਗੂ ਹੋਵੇਗੀ। ਉਦਾਹਰਣ ਵਜੋਂ, ਵਪਾਰੀ/ਥੋਕ ਵਿਕਰੀਕਰਤਾ - 3000 ਟਨ, ਵੱਡੇ ਪ੍ਰਚੂਨ ਚੇਨ ਵਿਕਰੀਕਰਤਾ - ਹਰ ਆਊਟਲੈਟ ਲਈ 10 ਟਨ ਅਤੇ ਉਨ੍ਹਾਂ ਦੇ ਸਾਰੇ ਡਿਪੂਆਂ ਅਤੇ ਪ੍ਰੋਸੈਸਰਾਂ ਲਈ 3000 ਟਨ।
ਕੇਂਦਰ ਨੇ ਕਣਕ ਦੇ ਨਿਰਯਾਤ ’ਤੇ ਪਾਬੰਦੀ ਹਟਾਉਣ ਦੇ ਕਿਸੇ ਵੀ ਪ੍ਰਸਤਾਵ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਜੇਕਰ ਲੋੜ ਪਈ ਤਾਂ ਪ੍ਰਚੂਨ ਕੀਮਤਾਂ ਨੂੰ ਕਾਬੂ ਵਿਚ ਰੱਖਣ ਲਈ ਅਨਾਜ ’ਤੇ ਆਯਾਤ ਡਿਊਟੀ ਘਟਾਉਣ ਸਮੇਤ ਹੋਰ ਨੀਤੀਗਤ ਬਦਲਾਂ ’ਤੇ ਵਿਚਾਰ ਕੀਤਾ ਜਾ ਸਕਦਾ ਹੈ।
ਇਸ ਸਮੇਂ ਕਣਕ ’ਤੇ 40 ਫੀ ਸਦੀ ਆਯਾਤ ਡਿਊਟੀ ਲਗਦੀ ਹੈ। ਇਸ ਫੈਸਲੇ ਦਾ ਐਲਾਨ ਕਰਦਿਆਂ ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਦੇਸ਼ ’ਚ ਕਣਕ ਦੀ ਲੋੜੀਂਦੀ ਉਪਲਬਧਤਾ ਹੈ ਅਤੇ ਇਹ ਫੈਸਲਾ ਮੰਡੀ ’ਚ ਸੱਟੇਬਾਜ਼ੀ ਅਤੇ ਅਨਾਜ ਦੀ ਜਮ੍ਹਾਖੋਰੀ ਨੂੰ ਰੋਕਣ ਲਈ ਲਿਆ ਗਿਆ ਹੈ।
ਉਨ੍ਹਾਂ ਕਿਹਾ, ‘ਮੈਂ ਦੇਸ਼ ’ਚ ਕਣਕ ਦੀ ਕਮੀ ਨੂੰ ਖਤਮ ਕਰਨਾ ਚਾਹੁੰਦਾ ਹਾਂ। ਅਸੀਂ ਚਾਹੁੰਦੇ ਹਾਂ ਕਿ ਕਣਕ ਦੀਆਂ ਕੀਮਤਾਂ ਸਥਿਰ ਰਹਿਣ।’’ ਪਿਛਲੇ ਹਫਤੇ ਕੇਂਦਰ ਨੇ ਕੀਮਤਾਂ ’ਤੇ ਲਗਾਮ ਲਗਾਉਣ ਲਈ ਤੁੜ ਅਤੇ ਚਨਾ ਦਾਲਾਂ ’ਤੇ ਸਟਾਕ ਹੱਦ ਲਾਗੂ ਕੀਤੀ ਸੀ।
ਚੋਪੜਾ ਨੇ ਕਿਹਾ ਕਿ ਸਟਾਕ ਸੀਮਾ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਪਾਰੀਆਂ/ ਥੋਕ ਵਿਕਰੇਤਾਵਾਂ, ਪ੍ਰਚੂਨ ਵਿਕਰੇਤਾਵਾਂ, ਵੱਡੀ ਚੇਨ ਪ੍ਰਚੂਨ ਵਿਕਰੇਤਾਵਾਂ ਅਤੇ ਪ੍ਰੋਸੈਸਰਾਂ ’ਤੇ ਲਾਗੂ ਹੋਵੇਗੀ। ਉਨ੍ਹਾਂ ਨੂੰ ਹਰ ਸ਼ੁਕਰਵਾਰ ਨੂੰ ਪੋਰਟਲ ’ਤੇ ਕਣਕ ਦੇ ਸਟਾਕ ਦਾ ਐਲਾਨ ਕਰਨਾ ਪੈਂਦਾ ਹੈ।
ਜੇ ਉਨ੍ਹਾਂ ਕੋਲ ਰੱਖਿਆ ਸਟਾਕ ਨਿਰਧਾਰਤ ਹੱਦ ਤੋਂ ਵੱਧ ਹੈ, ਤਾਂ ਉਨ੍ਹਾਂ ਨੂੰ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਇਸ ਨੂੰ ਨਿਰਧਾਰਤ ਸਟਾਕ ਸੀਮਾ ਤਕ ਲਿਆਉਣਾ ਪਏਗਾ। ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ ਕਿ ਅਰਹਰ ਅਤੇ ਚਨਾ ’ਤੇ ਸਟਾਕ ਸੀਮਾ ਲਗਾਉਣ ਦੇ ਸਰਕਾਰ ਦੇ ਫੈਸਲੇ ਨਾਲ ਇਨ੍ਹਾਂ ਦੋਹਾਂ ਦਾਲਾਂ ਦੀਆਂ ਪ੍ਰਚੂਨ ਕੀਮਤਾਂ ’ਚ ਕੁੱਝ ਗਿਰਾਵਟ ਆਈ ਹੈ।