
ਬਜਟ ’ਚ ਪੂੰਜੀਗਤ ਲਾਭ ਟੈਕਸ ’ਚ ਵਾਧਾ ਅਤੇ ਇੰਡੈਕਸੇਸ਼ਨ ਲਾਭ ਨੂੰ ਹਟਾਉਣਾ ਡਾਲਰ ਖਰੀਦਣ ਦੇ ਮੁੱਖ ਕਾਰਨ ਸਨ
Rupee vs dollar : ਮੁੰਬਈ: ਡਾਲਰ ਦੇ ਮੁਕਾਬਲੇ ਰੁਪਿਆ ਬੁਧਵਾਰ ਨੂੰ 2 ਪੈਸੇ ਦੀ ਗਿਰਾਵਟ ਨਾਲ 83.71 ਦੇ ਸੱਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਇਹ ਗਿਰਾਵਟ ਜੋਖਮ ਭਰੇ ਐਸੇਟਸ ਪ੍ਰਤੀ ਨਿਵੇਸ਼ਕਾਂ ਦੇ ਆਕਰਸ਼ਣ ’ਚ ਕਮੀ ਦੇ ਵਿਚਕਾਰ ਪ੍ਰਮੁੱਖ ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਕਾਰਨ ਸੀ।
ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਮੰਗਲਵਾਰ ਨੂੰ ਵਿੱਤੀ ਸਾਲ 2024-25 ਦੇ ਬਜਟ ’ਚ ਐਲਾਨੇ ਗਏ ਪੂੰਜੀਗਤ ਲਾਭ ਟੈਕਸ ’ਚ ਵਾਧਾ ਅਤੇ ਇੰਡੈਕਸੇਸ਼ਨ ਲਾਭ ਨੂੰ ਹਟਾਉਣਾ ਡਾਲਰ ਖਰੀਦਣ ਦੇ ਮੁੱਖ ਕਾਰਨ ਸਨ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁਧਵਾਰ ਨੂੰ 5,130.90 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 83.69 ਦੇ ਪੱਧਰ ’ਤੇ ਖੁੱਲ੍ਹਿਆ। ਕਾਰੋਬਾਰ ਦੌਰਾਨ ਇਹ 83.68 ਦੇ ਉੱਚੇ ਅਤੇ 83.72 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ। ਅੰਤ ’ਚ ਡਾਲਰ ਦੇ ਮੁਕਾਬਲੇ ਰੁਪਿਆ 2 ਪੈਸੇ ਦੀ ਗਿਰਾਵਟ ਨਾਲ 83.71 ਦੇ ਸੱਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ।
ਸਰਕਾਰ ਵਲੋਂ ਵਿੱਤੀ ਸਾਲ 2024-25 ਦੇ ਬਜਟ ’ਚ ਪੂੰਜੀਗਤ ਲਾਭ ’ਤੇ ਟੈਕਸ ਦਰਾਂ ਵਧਾਉਣ ਤੋਂ ਬਾਅਦ ਰੁਪਿਆ ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 3 ਪੈਸੇ ਦੀ ਗਿਰਾਵਟ ਨਾਲ 83.69 ਦੇ ਪੱਧਰ ’ਤੇ ਬੰਦ ਹੋਇਆ।
ਇਸ ਦੌਰਾਨ ਡਾਲਰ ਇੰਡੈਕਸ 0.05 ਫੀ ਸਦੀ ਦੀ ਤੇਜ਼ੀ ਨਾਲ 104.50 ਦੇ ਪੱਧਰ ’ਤੇ ਪਹੁੰਚ ਗਿਆ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.79 ਫੀ ਸਦੀ ਦੀ ਤੇਜ਼ੀ ਨਾਲ 81.65 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ।
ਘਰੇਲੂ ਸ਼ੇਅਰ ਬਾਜ਼ਾਰ ’ਚ ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 280.16 ਅੰਕ ਡਿੱਗ ਕੇ 80,148.88 ਅੰਕ ’ਤੇ ਬੰਦ ਹੋਇਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 65.55 ਅੰਕ ਡਿੱਗ ਕੇ 24,413.50 ਅੰਕ ’ਤੇ ਬੰਦ ਹੋਇਆ।