
ਪੁਲਵਾਮਾ ਹਮਲੇ ਦਾ ਭਾਰਤ-ਪਾਕਿ ਵਪਾਰ 'ਤੇ ਡਾਢਾ ਅਸਰ
ਇੰਦੌਰ : ਪੁਲਵਾਮਾ ਅਤਿਵਾਦੀ ਹਮਲੇ ਤੋਂ ਭੜਕੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਪਾਕਿਸਤਾਨ ਨੂੰ ਟਮਾਟਰ ਦੀ ਸਪਲਾਈ ਕਰਨ ਤੋਂ ਇਨਕਾਰ ਕਰ ਦਿਤਾ ਹੈ ਜਦਕਿ ਕਾਰੋਬਾਰੀਆਂ ਨੇ ਐਲਾਨ ਕੀਤਾ ਹੈ ਕਿ ਉਹ ਆਰਥਕ ਮੋਰਚੇ 'ਤੇ ਗੁਆਂਢੀ ਮੁਲਕ ਨੂੰ ਸਬਕ ਸਿਖਾਉਣ ਲਈ ਛੁਹਾਰਾ ਅਤੇ ਅੰਬ ਨਹੀਂ ਖ਼ਰੀਦਣਗੇ। ਤਾਜ਼ਾ ਤਣਾਅ ਤੋਂ ਪਹਿਲਾਂ ਭਾਰਤ-ਪਾਕਿਸਤਾਨ ਵਪਾਰ 5 ਫ਼ੀ ਸਦੀ ਦੀ ਸਾਲਾਨਾ ਦਰ ਨਾਲ ਵਧ ਰਿਹਾ ਸੀ। ਤਣਾਅ ਕਾਰਨ ਵਪਾਰ 'ਤੇ ਕਾਫ਼ੀ ਅਸਰ ਪੈਣ ਦੀ ਸੰਭਾਵਨਾ ਹੈ।
ਮੱਧ ਪ੍ਰਦੇਸ਼ ਦੀ ਕਿਸਾਨ ਸੈਨਾ ਨਾਮਕ ਜਥੇਬੰਦੀ ਦੇ ਸੂਬਾ ਸਕੱਤਰ ਜਗਦੀਸ਼ ਰਾਵਲੀਆ ਨੇ ਦਸਿਆ,
'ਸੂਬੇ ਦੇ ਵੱਖ ਵੱਖ ਇਲਾਕਿਆਂ ਵਿਚ ਟਮਾਟਰ ਉਤਪਾਦਕ ਕਿਸਾਨਾਂ ਨੇ ਤੈਅ ਕੀਤਾ ਹੈ ਕਿ ਉਹ ਉਨ੍ਹਾਂ ਕਾਰੋਬਾਰੀਆਂ ਨੂੰ ਅਪਣੀ ਉਪਜ ਬਿਲਕੁਲ ਨਹੀਂ ਵੇਚਣਗੇ ਜਿਹੜੇ ਪਾਕਿਸਤਾਨ ਨੂੰ ਇਹ ਸਬਜ਼ੀ ਭੇਜਦੇ ਹਨ।' ਉਨ੍ਹਾਂ ਕਿਹਾ ਕਿ ਜਿਸ ਪਾਕਿਸਤਾਨ ਦੀ ਨਾਪਾਕ ਸ਼ਹਿ 'ਤੇ ਹੋਣ ਵਾਲੇ ਅਤਿਵਾਦੀ ਹਮਲਿਆਂ ਵਿਚ ਸਾਡੇ ਫ਼ੌਜੀਆਂ ਦਾ ਖ਼ੂਨ ਡੁੱਲ੍ਹ ਰਿਹਾ ਹੈ, ਉਸ ਮੁਲਕ ਨੂੰ ਅਸੀਂ ਅਪਣੀ ਮਿਹਨਤ ਦੀ ਉਪਜ ਨਹੀਂ ਭੇਜਾਂਗੇ ਬੇਸ਼ੱਕ ਸਾਨੂੰ ਕਿੰਨਾ ਹੀ ਮਾਲੀ ਨੁਕਸਾਨ ਝਲਣਾ ਪਵੇ।' ਸੂਤਰਾਂ ਨੇ ਦਸਿਆ ਕਿ ਸੂਬੇ ਵਿਚ ਝਾਬੂਆ, ਖਰਗੋਨ, ਸ਼ਾਜਾਪੁਰ ਅਤੇ ਧਾਰ ਜ਼ਿਲ੍ਹੇ ਪ੍ਰਮੁੱਖ ਟਮਾਟਰ ਉਤਪਾਦਕਾਂ ਵਿਚ ਸ਼ਾਮਲ ਹਨ।
ਇਨ੍ਹਾਂ ਇਲਾਕਿਆਂ ਦਾ ਟਮਾਟਰ ਮੁੱਖ ਤੌਰ 'ਤੇ ਦਿੱਲੀ ਅਤੇ ਮੁੰਬਈ ਦੀਆਂ ਮੰਡੀਆਂ ਵਿਚ ਹੁੰਦਾ ਹੋਇਆ ਪਾਕਿਸਤਾਨ ਪਹੁੰਚਦਾ ਹੈ। ਭਾਰਤੀ ਟਮਾਟਰ ਦੀ ਪਾਕਿਸਤਾਨ ਵਿਚ ਕਾਫ਼ੀ ਮੰਗ ਰਹਿੰਦੀ ਹੈ। ਉਧਰ, ਇੰਦੌਰ ਦੀ ਦੇਵੀ ਅਹਿਲਯਾਬਾਈ ਹੋਲਕਰ ਫੱਲ ਮੰਡੀ ਦੇ ਕਾਰੋਬਾਰੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਇਸ ਵਾਰ ਪਾਕਿਸਤਾਨੀ ਅੰਬ ਨਹੀਂ ਵੇਚਣਗੇ। ਇਹ ਮੰਡੀ ਸੂਬੇ ਵਿਚ ਫਲਾਂ ਦੀ ਖ਼ਰੀਦੋ-ਫ਼ਰੋਖ਼ਤ ਦਾ ਸੱਭ ਤੋਂ ਵੱਡਾ ਕੇਂਦਰ ਮੰਨੀ ਜਾਂਦੀ ਹੈ। ਫਲਾਂ ਦੇ ਵਪਾਰੀ ਨਰੇਸ਼ ਫੁੰਦਵਾਣੀ ਨੇ ਦਸਿਆ, 'ਪੁਲਵਾਮਾ ਅਤਿਵਾਦੀ ਹਮਲੇ ਕਾਰਨ ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਇਸ ਵਾਰ ਪਾਕਿਸਤਾਨੀ ਅੰਬ ਨਹੀਂ ਵੇਚਾਂਗੇ।
ਪਾਕਿਸਤਾਨੀ ਅੰਬ ਖ਼ਾਸਕਰ ਦਿੱਲੀ ਤੋਂ ਹੁੰਦਾ ਹੋਇਆ ਇੰਦੌਰ ਦੀ ਮੰਡੀ ਵਿਚ ਪੁਜਦਾ ਹੈ। ਇੰਦੌਰ ਦੇ ਸਿਆਗੰਜ ਥੋਕ ਕਰਿਆਨਾ ਵਪਾਰੀ ਸੰਘ ਦੇ ਪ੍ਰਧਾਨ ਰਮੇਸ਼ ਖੰਡੇਲਵਾਲ ਨੇ ਦਸਿਆ ਕਿ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਪਾਕਿਸਤਾਨ ਤੋਂ ਛੁਹਾਰਾ ਅਤੇ ਲੂਣ ਨਹੀਂ ਮੰਗਾਇਆ ਜਾਵੇਗਾ। ਹਮਲੇ ਤੋਂ ਪਹਿਲਾਂ ਹਰ ਦਿਨ 300 ਕੁਇੰਟਲ ਤੋਂ ਵੱਧ ਪਾਕਿਸਤਾਨੀ ਲੂਣ ਇਥੇ ਪਹੁੰਚ ਰਿਹਾ ਸੀ। ਇਥੋਂ ਇਹ ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਗੁਜਰਾਤ ਸਮੇਤ ਕਈ ਸੂਬਿਆਂ ਵਿਚ ਜਾਂਦਾ ਹੈ। ਕਈ ਵਪਾਰੀਆਂ ਨੇ ਪਾਕਿਸਤਾਨੀ ਕਾਰੋਬਾਰੀਆਂ ਨੂੰ ਦਿਤੇ ਪੁਰਾਣੇ ਆਰਡਰ ਵੀ ਰੱਦ ਕਰ ਦਿਤੇ ਹਨ। (ਏਜੰਸੀ)