ਆਸਟਰੇਲੀਆ ਨਾਲ ਅਜਿਹਾ ਸਮਝੌਤਾ ਕਰਨ ਤੋਂ ਇਨਕਾਰ ਕੀਤਾ
ਨਵੀਂ ਦਿੱਲੀ : ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਬੁਧਵਾਰ ਨੂੰ ਕਿਹਾ ਕਿ ਡੇਅਰੀ ਭਾਰਤ ਦਾ ਇਕ ਸੰਵੇਦਨਸ਼ੀਲ ਖੇਤਰ ਹੈ ਕਿਉਂਕਿ ਇਸ ਵਿਚ ਛੋਟੇ ਕਿਸਾਨਾਂ ਦੀ ਰੋਜ਼ੀ-ਰੋਟੀ ਦੇ ਮੁੱਦੇ ਸ਼ਾਮਲ ਹਨ ਅਤੇ ਇਸ ਖੇਤਰ ਵਿਚ ਕਿਸੇ ਵੀ ਮੁਕਤ ਵਪਾਰ ਸਮਝੌਤੇ (FTA) ਦੇ ਤਹਿਤ ਡਿਊਟੀ ਰਿਆਇਤਾਂ ਦੇਣ ਦੀ ਕੋਈ ਯੋਜਨਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੇ EFTA (ਯੂਰਪੀਅਨ ਫ੍ਰੀ ਟਰੇਡ ਐਸੋਸੀਏਸ਼ਨ) ਵਪਾਰ ਸਮਝੌਤੇ ਤਹਿਤ ਸਵਿਟਜ਼ਰਲੈਂਡ ਅਤੇ ਨਾਰਵੇ ਨੂੰ ਡੇਅਰੀ ਸੈਕਟਰ ’ਚ ਕੋਈ ਡਿਊਟੀ ਰਿਆਇਤਾਂ ਨਹੀਂ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਬਾਰੇ ਆਸਟਰੇਲੀਆ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਸੀ ਪਰ ਭਾਰਤ ਨੇ ਉਨ੍ਹਾਂ ਨੂੰ ਇਸ ਖੇਤਰ ਨਾਲ ਜੁੜੀਆਂ ਸੰਵੇਦਨਸ਼ੀਲ ਗੱਲਾਂ ਬਾਰੇ ਸਪੱਸ਼ਟ ਤੌਰ ’ਤੇ ਸੂਚਿਤ ਕੀਤਾ ਸੀ।
ਗੋਇਲ ਨੇ ਆਸਟਰੇਲੀਆ ਦੇ ਵਪਾਰ ਮੰਤਰੀ ਡੌਨ ਫੈਰਲ ਨਾਲ ਐਡੀਲੇਡ ’ਚ ਸਾਂਝੀ ਪ੍ਰੈਸ ਕਾਨਫਰੰਸ ’ਚ ਪੱਤਰਕਾਰਾਂ ਨੂੰ ਕਿਹਾ, ‘‘ਸਾਡੇ ਕਿਸਾਨਾਂ ਕੋਲ ਔਸਤਨ ਬਹੁਤ ਘੱਟ ਜ਼ਮੀਨ ਹੈ। ਇਹ 2-3 ਏਕੜ ਦਾ ਫਾਰਮ ਹੈ ਜਿਸ ’ਚ 3-4 ਪਸ਼ੂ ਹਨ, ਜਦਕਿ ਆਸਟਰੇਲੀਆ ਦੇ ਫਾਰਮ ਅਤੇ ਡੇਅਰੀ ਫਾਰਮ ਦੋਵੇਂ ਬਹੁਤ ਵੱਡੇ ਹਨ ਅਤੇ ਇਨ੍ਹਾਂ ਵੱਡੇ ਅਤੇ ਛੋਟੇ ਫਾਰਮਾਂ ਲਈ ਇਕ-ਦੂਜੇ ਨਾਲ ਬਰਾਬਰ ਦੇ ਪੱਧਰ ’ਤੇ ਮੁਕਾਬਲਾ ਕਰਨਾ ਲਗਭਗ ਅਸੰਭਵ ਹੋਵੇਗਾ।’’
ਉਨ੍ਹਾਂ ਕਿਹਾ, ‘‘ਅਸੀਂ ਤਿੰਨ ਸਾਲ ਪਹਿਲਾਂ ਅਤੇ ਪਹਿਲਾਂ ਵੀ ਇਸ ਮੁੱਦੇ ’ਤੇ ਚਰਚਾ ਕੀਤੀ ਸੀ ਅਤੇ ਡੇਅਰੀ ਇੰਨਾ ਸੰਵੇਦਨਸ਼ੀਲ ਖੇਤਰ ਹੈ ਕਿ ਦੁਨੀਆਂ ਭਰ ਵਿਚ ਸਾਡੇ ਕਿਸੇ ਵੀ FTA ਵਿਚ ਅਸੀਂ ਡਿਊਟੀ ਰਿਆਇਤਾਂ ਦੇ ਨਾਲ ਇਸ ਖੇਤਰ ਨੂੰ ਖੋਲ੍ਹਣ ਦੇ ਯੋਗ ਨਹੀਂ ਹਾਂ।’’ ਮੰਤਰੀ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਦੁਵਲੀ ਗੱਲਬਾਤ ਲਈ ਆਸਟਰੇਲੀਆ ਹਨ। ਉਨ੍ਹਾਂ ਕਿਹਾ ਕਿ ਇਹ ਖੇਤਰ ਵਪਾਰ ਲਈ ਖੁੱਲ੍ਹਾ ਹੈ ਪਰ ਇਸ ’ਤੇ ਕੁੱਝ ਕਸਟਮ ਡਿਊਟੀ ਲਗਾਈ ਗਈ ਹੈ।
ਉਨ੍ਹਾਂ ਕਿਹਾ, ‘‘ਅਸੀਂ ਨਾ ਤਾਂ ਯੂਰਪ ਲਈ ਡੇਅਰੀ ਖੋਲ੍ਹੀ ਹੈ ਅਤੇ ਨਾ ਹੀ ਅਸੀਂ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਾਂ ... ਨਾ ਹੀ ਅਸੀਂ ਇਸ ਨੂੰ ਸਵਿਟਜ਼ਰਲੈਂਡ ਅਤੇ ਨਾਰਵੇ ਲਈ ਖੋਲ੍ਹਿਆ ਹੈ, ਜਿਨ੍ਹਾਂ ਨਾਲ ਅਸੀਂ ਹਾਲ ਹੀ ’ਚ EFTA ਵਪਾਰ ਸਮਝੌਤੇ ’ਤੇ ਦਸਤਖਤ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਸਮਝੌਤਾ ਹੈ ਜਿਸ ’ਤੇ ਸਵਿਟਜ਼ਰਲੈਂਡ ਨੇ ਡੇਅਰੀ ਸੈਕਟਰ ਤੋਂ ਬਿਨਾਂ ਦਸਤਖਤ ਕੀਤੇ ਹਨ।’’
ਭਾਰਤ ਅਤੇ ਆਸਟਰੇਲੀਆ ਨੇ ਦਸੰਬਰ, 2022 ’ਚ ਇਕ ਅੰਤਰਿਮ ਵਪਾਰ ਸਮਝੌਤਾ ਲਾਗੂ ਕੀਤਾ ਸੀ ਅਤੇ ਹੁਣ ਸੀ.ਈ.ਪੀ.ਏ. ਰਾਹੀਂ ਸਮਝੌਤੇ ਦੇ ਦਾਇਰੇ ਨੂੰ ਵਧਾਉਣ ਲਈ ਗੱਲਬਾਤ ਕਰ ਰਹੇ ਹਨ।
ਦੋਹਾਂ ਦੇਸ਼ਾਂ ਵਿਚਾਲੇ ਦੁਵਲਾ ਵਪਾਰ 2022-23 ਵਿਚ 26 ਅਰਬ ਡਾਲਰ ਤੋਂ ਘਟ ਕੇ 2023-24 ਵਿਚ 24 ਅਰਬ ਡਾਲਰ ਰਹਿ ਗਿਆ। ਵਪਾਰ ਦਾ ਸੰਤੁਲਨ ਆਸਟਰੇਲੀਆ ਦੇ ਪੱਖ ’ਚ ਝੁਕਿਆ ਹੋਇਆ ਹੈ। ਪਿਛਲੇ ਵਿੱਤੀ ਸਾਲ ਵਿਚ ਭਾਰਤ ਦਾ ਨਿਰਯਾਤ 7.94 ਅਰਬ ਡਾਲਰ ਅਤੇ ਆਯਾਤ 16.15 ਅਰਬ ਡਾਲਰ ਸੀ। ਆਸਟਰੇਲੀਆ ਭਾਰਤ ਦੇਸ਼ ’ਚ 25ਵਾਂ ਸੱਭ ਤੋਂ ਵੱਡਾ ਸਿੱਧਾ ਵਿਦੇਸ਼ੀ ਨਿਵੇਸ਼ਕ ਹੈ, ਜਿਸ ਨੇ ਅਪ੍ਰੈਲ 2000 ਅਤੇ ਜੂਨ 2024 ਦੌਰਾਨ 1.5 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ।
ਗੋਇਲ ਨੇ ਦੁਵਲੇ ਨਿਵੇਸ਼ਾਂ ਨੂੰ ਉਤਸ਼ਾਹਤ ਕਰਨ ’ਚ ਸਹਾਇਤਾ ਲਈ ਜਲਦੀ ਹੀ ਸਿਡਨੀ ’ਚ ਇਕ ਇਨਵੈਸਟ ਇੰਡੀਆ ਦਫਤਰ ਖੋਲ੍ਹਣ ਦਾ ਵੀ ਐਲਾਨ ਕੀਤਾ। ਦੋਵੇਂ ਧਿਰਾਂ ਆਉਣ ਵਾਲੇ ਸਾਲਾਂ ’ਚ ਦੁਵਲੇ ਵਪਾਰ ਨੂੰ ਦੁੱਗਣਾ ਕਰ ਕੇ 100 ਅਰਬ ਡਾਲਰ ਕਰਨ ’ਤੇ ਵਿਚਾਰ ਕਰ ਰਹੀਆਂ ਹਨ।
                    
                