
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਹਾਰਲੇ ਡੇਵਿਡਸਨ ਮੋਟਰਸਾਈਕਲ 'ਤੇ ਆਯਾਤ ਡਿਊਟੀ ਨੂੰ ਅੱਧਾ ਕਰਕੇ ਉਨ੍ਹਾਂ ਨੇ ਭਾਰਤ.......
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਹਾਰਲੇ ਡੇਵਿਡਸਨ ਮੋਟਰਸਾਈਕਲ 'ਤੇ ਆਯਾਤ ਡਿਊਟੀ ਨੂੰ ਅੱਧਾ ਕਰਕੇ ਉਨ੍ਹਾਂ ਨੇ ਭਾਰਤ ਨਾਲ ਇਕ ਉਚਿਤ ਸਮਝੌਤਾ ਕੀਤਾ ਹੈ, ਪਰ ਅਮਰੀਕੀ ਵ੍ਹਿਸਕੀ 'ਤੇ ਲੱਗਣ ਵਾਲੀ ਉੱਚ ਡਿਊਟੀ ਤੋਂ ਉਹ ਅਜੇ ਵੀ ਨਾਖੁਸ਼ ਹਨ। ਟਰੰਪ ਨੇ ਹਾਰਲੇ ਡੇਵਿਡਸਨ ਦੇ ਆਯਾਤ 'ਤੇ ਭਾਰਤ ਵਲੋਂ ਲਗਾਏ ਜਾਣ ਵਾਲੀ ਉੱਚ ਆਯਾਤ ਡਿਊਟੀ ਨੂੰ ਅਣਉਚਿਤ ਦਸਿਆ ਸੀ। ਉਨ੍ਹਾਂ ਨੇ ਅਮਰੀਕਾ ਆਯਾਤ ਕੀਤੀ ਜਾਣ ਵਾਲੀ ਭਾਰਤੀ ਮੋਟਰਸਾਈਕਲ 'ਤੇ ਡਿਊਟੀ ਵਧਾਉਣ ਦੀ ਧਮਕੀ ਦਿਤੀ ਸੀ
ਜਿਸ ਤੋਂ ਬਾਅਦ ਫਰਵਰੀ 'ਚ ਭਾਰਤ ਨੇ ਅਮਰੀਕਾ ਤੋਂ ਆਯਾਤ ਕੀਤੀ ਜਾਣ ਵਾਲੀ ਹਾਰਲੇ ਡੇਵਿਡਸਨ ਮੋਟਰਸਾਈਕਲ 'ਤੇ ਆਯਾਤ ਡਿਊਟੀ ਨੂੰ 50 ਫ਼ੀ ਸਦੀ ਕਰ ਦਿਤਾ ਸੀ। ਟਰੰਪ ਨੇ ਕਿਹਾ,'ਮੋਟਰਸਾਈਕਲ ਦੀ ਉਦਾਹਰਣ ਨੂੰ ਹੀ ਦੇਖੋ, ਭਾਰਤ 'ਚ ਇਸ 'ਤੇ ਆਯਾਤ ਡਿਊਟੀ 100 ਫ਼ੀ ਸਦੀ ਸੀ। ਸਿਰਫ ਦੋ ਮਿੰਟ ਦੀ ਗੱਲਬਾਤ ਨਾਲ ਮੈਂ ਇਸ ਨੂੰ 50 ਫੀਸਦੀ ਕਰਵਾਉਣ 'ਚ ਕਾਮਯਾਬ ਰਿਹਾ।
ਇਹ ਅਜੇ ਵੀ 50 ਫ਼ੀ ਸਦੀ ਹੈ ਜਦੋਂਕਿ ਅਮਰੀਕਾ 'ਚ ਆਯਾਤ ਕੀਤੀ ਜਾਣ ਵਾਲੀ ਮੋਟਰਸਾਈਕਲ 'ਤੇ ਸਿਰਫ 2.4 ਫ਼ੀ ਸਦੀ ਡਿਊਟੀ ਲਗਦੀ ਹੈ। ਪਰ ਫਿਰ ਵੀ ਇਹ ਉਚਿਤ ਸਮਝੌਤਾ ਹੈ। ਹਾਲਾਂਕਿ ਟਰੰਪ ਨੇ ਭਾਰਤ ਵਲੋਂ ਅਮਰੀਕੀ ਸ਼ਰਾਬ 'ਤੇ ਲਗਾਈ ਜਾਣ ਵਾਲੀ ਉੱਚ ਡਿਊਟੀ 'ਤੇ ਨਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ, ' ਭਾਰਤ ਵਿਚ ਬਹੁਤ ਉੱਚੀ ਡਿਊਟੀ ਲੱਗਦੀ ਹੈ। ਤੁਸੀਂ ਵ੍ਹਿਸਕੀ ਨੂੰ ਹੀ ਦੇਖ ਲਓ, ਭਾਰਤ ਉਸ 'ਤੇ 150 ਫ਼ੀ ਸਦੀ ਡਿਊਟੀ ਲਗਾਉਂਦਾ ਹੈ ਅਤੇ ਸਾਨੂੰ ਕੁਝ ਨਹੀਂ ਮਿਲਦਾ। (ਪੀਟੀਆਈ)