
ਏ.ਐਸ.ਆਰ.ਟੀ.ਯੂ., ਬੀ.ਓ.ਸੀ.ਆਈ. ਅਤੇ ਏ.ਆਈ.ਐਮ.ਟੀ.ਸੀ. ਨੇ ਮਿਲ ਕੇ ਕੀਤਾ ਫੈਸਲਾ
ਨਵੀਂ ਦਿੱਲੀ : ਦੇਸ਼ ਦੀਆਂ ਵੱਖ-ਵੱਖ ਟਰਾਂਸਪੋਰਟ ਸੰਸਥਾਵਾਂ ਨੇ ਹਰ ਸਾਲ 24 ਜਨਵਰੀ ਨੂੰ ਡਰਾਈਵਰ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸੰਸਥਾਵਾਂ ’ਚ ਏ.ਐਸ.ਆਰ.ਟੀ.ਯੂ., ਬੀ.ਓ.ਸੀ.ਆਈ. ਅਤੇ ਏ.ਆਈ.ਐਮ.ਟੀ.ਸੀ. ਸ਼ਾਮਲ ਹਨ।
ਐਸੋਸੀਏਸ਼ਨ ਆਫ ਸਟੇਟ ਰੋਡ ਟਰਾਂਸਪੋਰਟ ਅੰਡਰਟੇਕਿੰਗਜ਼ (ਏ.ਐਸ.ਆਰ.ਟੀ.ਯੂ.), ਬੱਸ ਐਂਡ ਕਾਰ ਆਪਰੇਟਰਸ ਕਨਫੈਡਰੇਸ਼ਨ ਆਫ ਇੰਡੀਆ (ਬੀ.ਓ.ਸੀ.ਆਈ.) ਅਤੇ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (ਏ.ਆਈ.ਐੱਮ.ਟੀ.ਸੀ.) ਨੇ ਐਤਵਾਰ ਨੂੰ ਦੇਸ਼ ਦੀ ਆਰਥਕਤਾ ਵਿਚ ਡਰਾਈਵਰਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ‘ਡਰਾਈਵਰ ਦਿਵਸ’ ਨੂੰ ਸਾਲਾਨਾ ਤਿਉਹਾਰ ਵਜੋਂ ਮਨਾਉਣ ਦਾ ਐਲਾਨ ਕੀਤਾ। ਪਹਿਲਾ ਡਰਾਈਵਰ ਦਿਵਸ ਸ਼ੁਕਰਵਾਰ ਨੂੰ ਮਨਾਇਆ ਗਿਆ।
ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਡਰਾਈਵਰ ਭਾਰਤ ਦੇ ਟਰਾਂਸਪੋਰਟ ਨੈੱਟਵਰਕ ਦੀ ਜੀਵਨ ਰੇਖਾ ਹਨ, ਜੋ ਲੱਖਾਂ ਲੋਕਾਂ ਲਈ ਆਵਾਜਾਈ ਨੂੰ ਯਕੀਨੀ ਬਣਾਉਂਦੇ ਹਨ ਅਤੇ ਦੇਸ਼ ਦੀ ਆਰਥਕ ਤਾ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ। ਇਹ ਅਣਗੌਲੇ ਨਾਇਕ, ਜੋ ਮੁਸਾਫ਼ਰਾਂ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਮੰਜ਼ਿਲਾਂ ਤਕ ਪਹੁੰਚਾਉਂਦੇ ਹਨ ਅਤੇ ਭਾਰਤ ਦਾ 70 ਫ਼ੀ ਸਦੀ ਮਾਲ ਚੁੱਕਦੇ ਹਨ, ਨੂੰ ਅਕਸਰ ਲੰਮੇ ਸਮੇਂ ਤਕ ਕੰਮ ਕਰਨਾ ਪੈਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਪਹਿਲ ਦਾ ਉਦੇਸ਼ 8 ਕਰੋੜ ਤੋਂ ਵੱਧ ਵਪਾਰਕ ਡਰਾਈਵਰਾਂ ਨੂੰ ਸਨਮਾਨਿਤ ਕਰਨਾ ਹੈ ਜੋ ਭਾਰਤ ਦੇ ਆਵਾਜਾਈ ਖੇਤਰ ਦੀ ਰੀੜ੍ਹ ਦੀ ਹੱਡੀ ਹਨ। ਦੇਸ਼ ਦੀ ਵਿਆਪਕ ਆਵਾਜਾਈ ਪ੍ਰਣਾਲੀ ’ਚ 15 ਲੱਖ ਤੋਂ ਵੱਧ ਨਿੱਜੀ ਬੱਸਾਂ ਅਤੇ ਰਾਜ ਸੜਕ ਆਵਾਜਾਈ ਉੱਦਮਾਂ ਅਧੀਨ 1.5 ਲੱਖ ਬੱਸਾਂ ਸ਼ਾਮਲ ਹਨ ਜੋ ਰੋਜ਼ਾਨਾ 7 ਕਰੋੜ ਤੋਂ ਵੱਧ ਮੁਸਾਫ਼ਰਾਂ ਨੂੰ ਪੂਰਾ ਕਰਦੀਆਂ ਹਨ।
ਏ.ਐਮ.ਆਰ.ਟੀ.ਯੂ. ਦੇ ਕਾਰਜਕਾਰੀ ਡਾਇਰੈਕਟਰ ਸੂਰਿਆ ਕਿਰਣ ਨੇ ਕਿਹਾ, ‘‘ਡਰਾਈਵਰ ਹਰ ਰੋਜ਼ ਲੱਖਾਂ ਲੋਕਾਂ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਯਕੀਨੀ ਬਣਾਉਂਦੇ ਹਨ। ਡਰਾਈਵਰ ਦਿਵਸ ਉਨ੍ਹਾਂ ਦੀ ਸਖਤ ਮਿਹਨਤ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦੀ ਤੰਦਰੁਸਤੀ ’ਚ ਸੁਧਾਰ ਕਰਨ ਦੀ ਦਿਸ਼ਾ ’ਚ ਇਕ ਕਦਮ ਹੈ।’’