
ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ 303 ਸੀਟਾਂ ਨਾਲ ਵੱਡੀ ਜਿੱਤ ਤੋਂ ਬਾਜ਼ਾਰ ਵੀ ਉਤਸ਼ਾਹਤ ਹੈ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਤਿਹਾਸਕ ਜਿੱਤ ਮਗਰੋਂ ਆਉਣ ਵਾਲੇ ਦਿਨਾਂ ਵਿਚ ਵੀ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਬਣੇ ਰਹਿਣ ਦਾ ਅੰਦਾਜ਼ਾ ਹੈ। ਹਾਲਾਂਕਿ ਨਿਵੇਸ਼ਕਾਂ ਦਾ ਧਿਆਨ ਹੁਣ ਨੀਤੀਗਤ ਸੁਧਾਰਾਂ, ਕੰਪਨੀਆਂ ਦੇ ਵਿੱਤੀ ਨਤੀਜੇ ਅਤੇ ਆਲਮੀ ਸੰਕੇਤਾਂ 'ਤੇ ਵੀ ਜਾ ਸਕਦਾ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ਬੜ੍ਹਤ ਮਿਲਣ ਨਾਲ ਬੀ. ਐੱਸ. ਈ. ਦਾ ਸੈਂਸੈਕਸ ਕਾਰੋਬਾਰ ਦੌਰਾਨ ਪਹਿਲੀ ਵਾਰ 40 ਹਜ਼ਾਰ ਦੇ ਪਾਰ ਜਾਣ ਵਿਚ ਸਫ਼ਲ ਰਿਹਾ ਸੀ।
Stock Market
ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ 303 ਸੀਟਾਂ ਨਾਲ ਵੱਡੀ ਜਿੱਤ ਹਾਸਲ ਹੋਈ ਹੈ, ਜਿਸ ਨਾਲ ਬਾਜ਼ਾਰ ਵੀ ਉਤਸ਼ਾਹਤ ਹੈ। ਯੈੱਸ ਸਕਿਓਰਿਟੀਜ਼ ਦੇ ਮੁਖੀ ਤੇ ਰਿਸਰਚ ਪ੍ਰਮੁੱਖ ਅਮਰ ਅੰਬਾਨੀ ਨੇ ਕਿਹਾ, ''ਸਟਾਕ ਬਾਜ਼ਾਰ ਨੂੰ ਯਕੀਨੀ ਪਸੰਦ ਹੈ। ਭਾਜਪਾ ਨੂੰ ਇਸ ਤਰ੍ਹਾਂ ਦਾ ਜਨਆਦੇਸ਼ ਮਿਲਣ ਨਾਲ ਸਰਕਾਰ ਦੀ ਸਥਿਰਤਾ, ਪ੍ਰਸ਼ਾਸਨ ਵਿਚ ਸਥਿਰਤਾ ਤੇ ਅਗਲੇ ਪੰਜ ਸਾਲਾਂ ਤਕ ਵਿਕਾਸ ਦਾ ਕੰਮ ਜਾਰੀ ਰਹਿਣਾ ਯਕੀਨੀ ਹੁੰਦਾ ਹੈ। ਕਿਸੇ ਵੀ ਸਥਿਤੀ ਵਿਚ ਆਉਣ ਵਾਲੇ ਦਿਨਾਂ ਵਿਚ ਬਾਜ਼ਾਰ ਦਾ ਮਾਹੌਲ ਹਾਂ-ਪੱਖੀ ਬਣਿਆ ਰਹੇਗਾ।''
BJP
ਬਾਜ਼ਾਰ ਮਾਹਰਾਂ ਮੁਤਾਬਕ, ਉਥਲ-ਪੁਥਲ ਵਿਚ ਹੁਣ ਕਮੀ ਆਵੇਗੀ ਤੇ ਧਾਰਨਾ ਮਜ਼ਬੂਤ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸੈਂਸੈਕਸ 1,503 ਅੰਕ ਮਜ਼ਬੂਤ ਹੋ ਕੇ 39,434.72 'ਤੇ ਬੰਦ ਹੋਇਆ ਸੀ। ਹਾਲਾਂਕਿ ਇਸ ਹਫ਼ਤੇ ਕੰਪਨੀਆਂ ਦੇ ਜਾਰੀ ਹੋਣ ਵਾਲੇ ਵਿੱਤੀ ਨਤੀਜੇ ਤੇ ਚੀਨ ਅਤੇ ਅਮਰੀਕਾ ਵਿਚਕਾਰ ਵਪਾਰ ਵਿਵਾਦ, ਰੁਪਏ ਤੇ ਕੱਚੇ ਤੇਲ ਵਿਚ ਉਤਰਾਅ-ਚੜ੍ਹਾਅ, ਵਿਦੇਸ਼ੀ ਨਿਵੇਸ਼ਕਾਂ ਦਾ ਨਿਵੇਸ਼ ਨੂੰ ਲੈ ਕੇ ਰੁਝਾਨ ਆਦਿ ਵੀ ਬਾਜ਼ਾਰ ਦੀ ਧਾਰਨਾ ਨੂੰ ਪ੍ਰਭਾਵਤ ਕਰਨਗੇ।