ਹੋਟਲਾਂ ਦਾ ਵਪਾਰ ਵਧ ਰਿਹਾ ਹੈ ਅਤੇ ਪਸੰਦੀਦਾ ਛੁੱਟੀਆਂ ਦੇ ਸਥਾਨਾਂ ਲਈ ਸਮੁੰਦਰੀ ਕੰਢੇ ਦੇ ਸਥਾਨ ਅਤੇ ਪਹਾੜੀ ਸਥਾਨਾਂ ਵਿਚਕਾਰ ਮੁਕਾਬਲਾ ਹੈ
ਨਵੀਂ ਦਿੱਲੀ: ਭਾਰਤ ’ਚ ਤਪਦੀ ਗਰਮੀ ਤੋਂ ਬਚਣ ਲਈ ਇਸ ਸਾਲ ਗਰਮੀਆਂ ਦੀ ਯਾਤਰਾ ’ਚ ਸਾਲਾਨਾ ਆਧਾਰ ’ਤੇ 40 ਫੀ ਸਦੀ ਦਾ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ, ਪ੍ਰਾਹੁਣਚਾਰੀ ਅਤੇ ਯਾਤਰਾ ਸੇਵਾਵਾਂ ਦੀ ਜ਼ੋਰਦਾਰ ਮੰਗ ਹੈ।
ਉਦਯੋਗ ਦੇ ਅੰਦਰੂਨੀ ਸੂਤਰਾਂ ਨੇ ਕਿਹਾ ਕਿ ਆਮ ਚੋਣਾਂ ਦਾ ਕਾਰਪੋਰੇਟ ਮੀਟਿੰਗ ਪ੍ਰੋਤਸਾਹਨ ਸੰਮੇਲਨ ਅਤੇ ਪ੍ਰਦਰਸ਼ਨੀ (ਐਮ.ਆਈ.ਸੀ.ਈ.) ਕਾਰੋਬਾਰ ’ਤੇ ਬਹੁਤ ਘੱਟ ਅਸਰ ਪਿਆ ਹੈ। ਹੋਟਲਾਂ ਦਾ ਵਪਾਰ ਵਧ ਰਿਹਾ ਹੈ ਅਤੇ ਪਸੰਦੀਦਾ ਛੁੱਟੀਆਂ ਦੇ ਸਥਾਨਾਂ ਲਈ ਸਮੁੰਦਰੀ ਕੰਢੇ ਦੇ ਸਥਾਨ ਅਤੇ ਪਹਾੜੀ ਸਥਾਨਾਂ ਵਿਚਕਾਰ ਮੁਕਾਬਲਾ ਹੈ।
ਹੋਟਲ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਰੈਡੀਸਨ ਹੋਟਲ ਗਰੁੱਪ ਦੇ ਚੇਅਰਮੈਨ (ਦਖਣੀ ਏਸ਼ੀਆ) ਕੇ.ਬੀ. ਕਚਰੂ ਨੇ ਕਿਹਾ ਕਿ ਦੇਸ਼ ਦੇ ਉੱਤਰੀ ਹਿੱਸੇ ਵਿਚ ਰਹਿਣ ਵਾਲੇ ਲੋਕ ਗਰਮੀ ਤੋਂ ਬਚਣ ਲਈ ਪਹਾੜਾਂ ਵਲ ਚਲੇ ਜਾਂਦੇ ਹਨ। ਸ਼ਹਿਰਾਂ ਤੋਂ ਨੇੜਲੇ ਸੈਰ-ਸਪਾਟਾ ਜਾਂ ਮਨੋਰੰਜਨ ਸਥਾਨਾਂ ਵਲ ਵੀ ਆਵਾਜਾਈ ਹੁੰਦੀ ਹੈ। ਉਦਯੋਗ ਦੇ ਸੂਤਰਾਂ ਦਾ ਅਨੁਮਾਨ ਹੈ ਕਿ ਇਸ ਸਾਲ ਗਰਮੀਆਂ ਦੀ ਯਾਤਰਾ ’ਚ ਸਾਲ-ਦਰ-ਸਾਲ 30-40 ਫੀ ਸਦੀ ਦਾ ਵਾਧਾ ਵੇਖਣ ਨੂੰ ਮਿਲੇਗਾ।
‘ਮੇਕ ਮਾਈ ਟ੍ਰਿਪ’ ਦੇ ਸਹਿ-ਸੰਸਥਾਪਕ ਅਤੇ ਸਮੂਹ ਸੀ.ਈ.ਓ. ਰਾਜੇਸ਼ ਮਾਗੋ ਨੇ ਕਿਹਾ, ‘‘ਯਾਤਰਾ ਯੋਜਨਾਬੰਦੀ ਦੇ ਮਾਮਲੇ ’ਚ ਗਰਮੀਆਂ ਹਮੇਸ਼ਾਂ ਸਾਲ ਦੀ ਵੱਡੀ ਤਿਮਾਹੀ ਹੁੰਦੀਆਂ ਹਨ ਅਤੇ ਇਸ ਸਾਲ ਵੀ ਤੇਜ਼ੀ ਜਾਰੀ ਹੈ।’’
‘ਮੇਕ ਮਾਈ ਟ੍ਰਿਪ’ ਦੇ ਸਮਰ ਟ੍ਰੈਵਲ ਟ੍ਰੈਂਡਸ ਦੇ ਅਨੁਸਾਰ, 2023 ਦੀਆਂ ਗਰਮੀਆਂ ਦੇ ਮੁਕਾਬਲੇ ਇਸ ਸਾਲ ਪਰਵਾਰਕ ਯਾਤਰਾ ਖੇਤਰ ’ਚ 20 ਫ਼ੀ ਸਦੀ ਦਾ ਵਾਧਾ ਹੋਇਆ ਹੈ, ਜਦਕਿ ਇਕੱਲੇ ਯਾਤਰਾ ’ਚ ਸਾਲ-ਦਰ-ਸਾਲ 10 ਫ਼ੀ ਸਦੀ ਦਾ ਵਾਧਾ ਹੋਇਆ ਹੈ।
ਹਿਮਾਚਲ ਪ੍ਰਦੇਸ਼, ਕਸ਼ਮੀਰ, ਗੋਆ, ਕੇਰਲ ਅਤੇ ਉੱਤਰ-ਪੂਰਬ ਵਰਗੇ ਪਹਾੜੀ ਸਟੇਸ਼ਨ ਇਸ ਗਰਮੀਆਂ ’ਚ ਛੁੱਟੀਆਂ ਮਨਾਉਣ ਲਈ ਸੱਭ ਤੋਂ ਵੱਧ ਬੁੱਕ ਕੀਤੇ ਸਥਾਨਾਂ ਦੇ ਮਾਮਲੇ ’ਚ ਮੋਹਰੀ ਹਨ।
ਰਾਇਲ ਆਰਕਿਡ ਹੋਟਲਸ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਚੰਦਰ ਕੇ. ਬਾਲਾਜੀ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਪਹਾੜੀ ਸਟੇਸ਼ਨਾਂ ’ਤੇ ਹੋਟਲਾਂ, ਰਿਜ਼ੋਰਟਾਂ ਅਤੇ ਹੋਰ ਮਨੋਰੰਜਨ ਸਥਾਨਾਂ ਦੀ ਵਧੇਰੇ ਮੰਗ ਵੇਖੀ ਜਾ ਰਹੀ ਹੈ।
ਓਯੋ ਦੇ ਇਕ ਬੁਲਾਰੇ ਨੇ ਕਿਹਾ ਕਿ ਛੁੱਟੀਆਂ ਦੀ ਕੁਲ ਬੁਕਿੰਗ ’ਚ ਸਮੁੰਦਰੀ ਕੰਢਿਆਂ ਦੀ ਹਿੱਸੇਦਾਰੀ 53 ਫੀ ਸਦੀ ਹੈ, ਜੋ ਗਰਮੀਆਂ ਦੇ ਮਹੀਨਿਆਂ ’ਚ ਵੀ ਤੱਟੀ ਸਥਾਨਾਂ ਵਲ ਮਜ਼ਬੂਤ ਝੁਕਾਅ ਦਾ ਸੰਕੇਤ ਦਿੰਦੀ ਹੈ। ਦੂਜੇ ਪਾਸੇ, ਪਹਾੜੀ ਸਥਾਨਾਂ ਦੀ ਹਿੱਸੇਦਾਰੀ 47 ਫ਼ੀ ਸਦੀ ਹੈ। ਗੋਆ ਸੱਭ ਤੋਂ ਪ੍ਰਸਿੱਧ ਸਮੁੰਦਰੀ ਕੰਢੇ ਦੀ ਮੰਜ਼ਿਲ ਬਣਿਆ ਹੋਇਆ ਹੈ। ਇਸ ਤੋਂ ਬਾਅਦ ਵਰਕਾਲਾ, ਪੁਡੂਚੇਰੀ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਹਨ।