
ਰਲੇਵੇਂ ਮਗਰੋਂ ਖਤਮ ਹੋ ਜਾਵੇਗਾ ਵਿਸਤਾਰ ਬ੍ਰਾਂਡ ਦਾ ਵਜੂਦ!
ਨਵੀਂ ਦਿੱਲੀ : ਟਾਟਾ ਸਮੂਹ ਦੀ ਏਅਰਲਾਈਨ ਏਅਰ ਇੰਡੀਆ ਨਾਲ ਵਿਸਤਾਰਾ ਏਅਰਲਾਈਨ ਦੇ ਰਲੇਵੇਂ ਤੋਂ ਬਾਅਦ ਪੂਰੀ ਸੇਵਾ ਵਾਲੀ ਏਅਰਲਾਈਨ ਨੂੰ ਏਅਰ ਇੰਡੀਆ ਵਜੋਂ ਜਾਣਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਵਿਸਤਾਰਾ ਬ੍ਰਾਂਡ ਹੁਣ ਇਤਿਹਾਸ ਬਣ ਜਾਵੇਗਾ। ਇਸ ਦੌਰਾਨ, ਸਿੰਗਾਪੁਰ ਏਅਰਲਾਈਨਜ਼ ਨੇ ਏਅਰ ਇੰਡੀਆ ਵਿੱਚ USD 267 ਮਿਲੀਅਨ ਨਿਵੇਸ਼ ਕਰਨ ਦੀ ਯੋਜਨਾ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਚ ਸੁਪਰੀਮ ਕੋਰਟ ਦਾ ਆਦੇਸ਼ : ਪੰਜਾਬ ਤੋਂ ਬਾਹਰ ਹੋਵੇਗੀ ਬਰਗਾੜੀ ਬੇਅਦਬੀ ਮਾਮਲੇ ਦੀ ਸੁਣਵਾਈ
ਦੱਸ ਦੇਈਏ ਕਿ ਨਵੰਬਰ 2022 ਵਿੱਚ ਸਿੰਗਾਪੁਰ ਏਅਰਲਾਈਨਜ਼ ਅਤੇ ਟਾਟਾ ਸੰਨਜ਼ ਵਿਚਕਾਰ ਇੱਕ ਡੀਲ ਹੋਈ ਸੀ। ਇਸ ਸੌਦੇ ਤਹਿਤ ਸਿੰਗਾਪੁਰ ਏਅਰਲਾਈਨਜ਼ ਨੂੰ ਏਅਰ ਇੰਡੀਆ 'ਚ 25.1 ਫੀਸਦੀ ਹਿੱਸੇਦਾਰੀ ਮਿਲੇਗੀ। ਪਿਛਲੇ ਸਾਲ ਜਨਵਰੀ 'ਚ ਸਰਕਾਰ ਤੋਂ ਏਅਰ ਇੰਡੀਆ ਦਾ ਕੰਟਰੋਲ ਲੈਣ ਤੋਂ ਬਾਅਦ ਤੋਂ ਹੀ ਟਾਟਾ ਸਮੂਹ ਇਸ ਦੇ ਪੁਨਰਗਠਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਿਲਸਿਲੇ ਵਿੱਚ, ਵਿਸਤਾਰਾ ਨੂੰ ਏਅਰ ਇੰਡੀਆ ਵਿੱਚ ਮਿਲਾਇਆ ਜਾ ਰਿਹਾ ਹੈ ਜਦੋਂਕਿ ਏਅਰਏਸ਼ੀਆ ਇੰਡੀਆ ਨੂੰ ਏਅਰ ਇੰਡੀਆ ਐਕਸਪ੍ਰੈਸ ਵਿੱਚ ਮਿਲਾਇਆ ਜਾ ਰਿਹਾ ਹੈ।
ਏਅਰ ਇੰਡੀਆ ਦੇ ਮੁਖੀ ਕੈਂਪਬੈਲ ਵਿਲਸਨ ਨੇ ਕਿਹਾ ਕਿ ਟਾਟਾ ਸਮੂਹ ਏਅਰ ਇੰਡੀਆ ਅਤੇ ਵਿਸਤਾਰਾ ਦੋਵਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਇੱਛੁਕ ਹੈ ਅਤੇ ਇਸ ਦਿਸ਼ਾ ਵਿੱਚ ਯਤਨ ਜਾਰੀ ਹਨ। ਉਨ੍ਹਾਂ ਕਿਹਾ, “ਵਿਸਤਾਰਾ ਦੀ ਭਾਰਤੀ ਹਵਾਬਾਜ਼ੀ ਬਾਜ਼ਾਰ ਵਿੱਚ ਮਜ਼ਬੂਤ ਮੌਜੂਦਗੀ ਹੈ ਪਰ ਏਅਰ ਇੰਡੀਆ ਭਾਰਤ ਤੋਂ ਬਾਹਰ ਜਾਣੀ ਜਾਂਦੀ ਹੈ ਅਤੇ ਇਸ ਦਾ 90 ਸਾਲਾਂ ਦਾ ਇਤਿਹਾਸ ਹੈ। ਭਵਿੱਖ ਦੀ ਪੂਰੀ-ਸੇਵਾ ਵਾਲੀ ਏਅਰਲਾਈਨ ਨੂੰ ਏਅਰ ਇੰਡੀਆ ਕਿਹਾ ਜਾਵੇਗਾ ਪਰ ਵਿਸਤਾਰਾ ਦੀ ਕੁਝ ਵਿਰਾਸਤ ਨੂੰ ਬਰਕਰਾਰ ਰੱਖਿਆ ਜਾਵੇਗਾ। ਵਿਲਸਨ ਨੇ ਕਿਹਾ ਕਿ ਇਸ ਰਲੇਵੇਂ ਦੇ ਸੰਦਰਭ ਵਿੱਚ ਭਾਰਤ ਦੇ ਮੁਕਾਬਲੇ ਕਮਿਸ਼ਨ ਤੋਂ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਹ ਵੀ ਪੜ੍ਹੋ : ਸੰਗੀਨ ਜੁਰਮਾਂ ਦੇ ਮੁਲਜ਼ਮਾਂ ਲਈ ਸੁਰੱਖਿਅਤ ਪਨਾਹਗਾਹ ਸਾਬਤ ਹੋ ਰਹੀਆਂ ਹਨ ਪੰਜਾਬ ਦੀਆਂ ਜੇਲ੍ਹਾਂ!
ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਏਅਰ ਇੰਡੀਆ ਨੇ 470 ਜਹਾਜ਼ਾਂ ਦੇ ਆਰਡਰ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿੱਚੋਂ 70 ਵੱਡੇ ਆਕਾਰ ਦੇ ਜਹਾਜ਼ ਹਨ। ਏਅਰ ਇੰਡੀਆ ਨੇ ਏਅਰਬੱਸ ਅਤੇ ਬੋਇੰਗ ਤੋਂ 470 ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਇਸ ਦੇ ਨਾਲ ਹੀ ਏਅਰਲਾਈਨ ਕੋਲ 370 ਹੋਰ ਜਹਾਜ਼ ਖਰੀਦਣ ਦਾ ਵਿਕਲਪ ਵੀ ਹੈ। ਇਸ ਸਬੰਧੀ ਵਿਲਸਨ ਨੇ ਕਿਹਾ ਕਿ 370 ਹੋਰ ਜਹਾਜ਼ ਖਰੀਦਣ ਦੇ ਵਿਕਲਪ ਦੀ ਕੋਈ ਸਮਾਂ ਸੀਮਾ ਨਹੀਂ ਹੈ। ਅਸੀਂ ਮਾਰਕੀਟ ਦਾ ਜਾਇਜ਼ਾ ਲਵਾਂਗੇ ਅਤੇ ਉਸ ਤੋਂ ਬਾਅਦ ਹੀ ਇਸ ਸਬੰਧੀ ਕੋਈ ਕਾਰਵਾਈ ਕੀਤੀ ਜਾਵੇਗੀ।