
ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਕਮਜ਼ੋਰੀ ਵੇਖਣ ਨੂੰ ਮਿਲੀ ਹੈ। ਦਿੱਲੀ ਸਰਾਫ਼ਾ ਬਾਜ਼ਾਰ 'ਚ ਅੱਜ ਸੋਨੇ ਦੀ ਕੀਮਤ 31,570 ਰੁਪਏ......
ਨਵੀਂ ਦਿੱਲੀ : ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਕਮਜ਼ੋਰੀ ਵੇਖਣ ਨੂੰ ਮਿਲੀ ਹੈ। ਦਿੱਲੀ ਸਰਾਫ਼ਾ ਬਾਜ਼ਾਰ 'ਚ ਅੱਜ ਸੋਨੇ ਦੀ ਕੀਮਤ 31,570 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ, ਜੋ ਪਿਛਲੇ ਦਿਨ 31,595 ਰੁਪਏ ਸੀ। ਸੋਨਾ ਭਟੂਰ ਵੀ 25 ਰੁਪਏ ਘੱਟ ਕੇ 31,420 ਰੁਪਏ 10 ਗ੍ਰਾਮ 'ਤੇ ਵਿਕਿਆ। ਪਿਛਲੇ ਦਿਨੀਂ ਸੋਨੇ ਦੀ ਕੀਮਤ 55 ਰੁਪਏ ਘਟੀ ਸੀ। ਗਿੰਨੀ ਦੀ ਕੀਮਤ 24,800 ਰੁਪਏ ਪ੍ਰਤੀ 8 ਗ੍ਰਾਮ 'ਤੇ ਲਗਾਤਾਰ ਜਿਉਂ ਦੀ ਤਿਉਂ ਟਿਕੀ ਹੋਈ ਹੈ।
ਉਥੇ ਹੀ ਚਾਂਦੀ ਦੀ ਕੀਮਤ ਵੀ 120 ਰੁਪਏ ਦਾ ਗੋਤਾ ਲਾ ਕੇ 41,000 ਰੁਪਏ ਤੋਂ ਹੇਠਾਂ ਬੋਲੀ ਗਈ। ਬਾਜ਼ਾਰ ਮਾਹਰਾਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ ਤੋਂ ਕਮਜ਼ੋਰ ਸੰਕੇਤ ਕਾਰਨ ਕੀਮਤੀ ਧਾਤਾਂ 'ਚ ਗਿਰਾਵਟ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਡਾਲਰ ਦੇ ਮਜ਼ਬੂਤ ਹੋਣ ਨਾਲ ਸੋਨੇ ਦੀ ਮੰਗ ਡਿੱਗੀ, ਜਿਸ ਕਾਰਨ ਵਿਦੇਸ਼ੀ ਬਾਜ਼ਾਰਾਂ 'ਚ ਇਸ ਦੀ ਕੀਮਤ ਕਮਜ਼ੋਰ ਹੋਈ। ਅਮਰੀਕੀ ਫ਼ੈਡਰਲ ਰਿਜ਼ਰਵ ਵਲੋਂ ਇਕ ਵਾਰ ਫਿਰ ਵਿਆਜ ਦਰਾਂ ਵਧਾਉਣ ਦੇ ਆਸਾਰ ਹਨ,
ਜਿਸ ਨਾਲ ਡਾਲਰ ਮਜ਼ਬੂਤ ਅਤੇ ਕੀਮਤੀ ਧਾਤਾਂ ਦੀ ਮੰਗ ਪ੍ਰਭਾਵਤ ਹੋਈ ਹੈ। ਵਿਦੇਸ਼ੀ ਬਾਜ਼ਾਰ ਸਿੰਗਾਪੁਰ 'ਚ ਸੋਨਾ 0.32 ਫ਼ੀ ਸਦੀ ਡਿੱਗ ਕੇ 1,254 ਡਾਲਰ ਪ੍ਰਤੀ ਔਂਸ 'ਤੇ ਰਿਹਾ, ਜੋ ਕਿ ਪਿਛਲੇ ਸਾਲ ਦੇ ਦਸੰਬਰ ਮਹੀਨੇ ਦਾ ਹੇਠਲਾ ਪੱਧਰ ਹੈ। ਇਸ ਵਿਚਕਾਰ ਚਾਂਦੀ ਵੀ 0.49 ਫ਼ੀ ਸਦੀ ਘੱਟ ਕੇ 16.19 ਡਾਲਰ ਪ੍ਰਤੀ ਔਂਸ 'ਤੇ ਆ ਗਈ। (ਏਜੰਸੀ)