
ਕਰਜ਼ੇ ਵਿਚ ਡੁੱਬੀ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਦੇ ਵਿਨਿਵੇਸ਼ ਲਈ ਬੋਲੀ ਮੰਗਣ ਦੀ ਡੈੱਡਲਾਈਨ ਇਕ ਵਾਰ ਫਿਰ ਵਧਾ ਦਿੱਤੀ ਗਈ ਹੈ।
ਨਵੀਂ ਦਿੱਲੀ: ਕਰਜ਼ੇ ਵਿਚ ਡੁੱਬੀ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਦੇ ਵਿਨਿਵੇਸ਼ ਲਈ ਬੋਲੀ ਮੰਗਣ ਦੀ ਡੈੱਡਲਾਈਨ ਇਕ ਵਾਰ ਫਿਰ ਵਧਾ ਦਿੱਤੀ ਗਈ ਹੈ। ਇਹ ਤੀਜਾ ਮੌਕਾ ਹੈ, ਜਦੋਂ ਸਰਕਾਰ ਨੂੰ ਡੈੱਡਲਾਈਨ ਅੱਗੇ ਵਧਾਉਣ ਦਾ ਫੈਸਲਾ ਲੈਣਾ ਪਿਆ ਹੈ। ਦਰਅਸਲ ਸਰਕਾਰ ਨੇ ਏਅਰ ਇੰਡੀਆ ਦੇ ਵਿਨਿਵੇਸ਼ ਲਈ ਬੋਲੀ ਮੰਗਣ ਦੀ ਡੈੱਡਲਾਈਨ ਨੂੰ 30 ਜੂਨ ਤੱਕ ਵਧਾ ਕੇ 31 ਅਗਸਤ ਕਰ ਦਿੱਤਾ ਹੈ।
Air india
ਇਸ ਤੋਂ ਬਾਅਦ ਏਅਰ ਇੰਡੀਆ ਲਈ ਬੋਲੀ ਲਗਾਉਣ ਵਾਲੇ ਸਾਰੇ ਨਿਲਾਮੀਕਰਤਾ 31 ਅਗਸਤ ਤੱਕ ਲੈਟਰ ਆਫ ਇੰਟਰਸਟ (EOI) ਨੂੰ ਸ਼ਾਮ 5 ਵਜੇ ਤੱਕ ਜਮਾਂ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਬੋਲੀਕਾਰਾਂ ਨੂੰ ਅਪਣੀ ਬੋਲੀ ਵਾਪਸ ਲੈਣ ਦੀ ਤਰੀਕ ਨੂੰ 14 ਜੁਲਾਈ ਤੋਂ ਵਧਾ ਕੇ 14 ਸਤੰਬਰ 2020 ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਬੋਲੀ ਲਗਾਉਣ ਲਈ ਤਰੀਕ ਦਾ ਬਦਲਾਅ ਕੀਤਾ ਗਿਆ ਹੈ।
Air India
ਦਰਅਸਲ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਏਅਰ ਇੰਡੀਆ ਦੀ ਖਰੀਦਦਾਰੀ ਲਈ ਕੋਈ ਖਾਸ ਦਿਲਚਸਪੀ ਨਹੀਂ ਦੇਖਣ ਨੂੰ ਮਿਲੀ ਹੈ। ਇਹੀ ਕਾਰਨ ਹੈ ਕਿ ਈਓਆਈ ਜਮਾਂ ਕਰਵਾਉਣ ਦੀ ਆਖਰੀ ਤਰੀਕ ਨੂੰ ਵਾਰ-ਵਾਰ ਵਧਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸੇ ਸਾਲ 27 ਜਨਵਰੀ ਨੂੰ ਜਾਰੀ ਸ਼ੁਰੂਆਤੀ ਨੋਟਿਸ ਵਿਚ ਬੋਲੀ ਲਗਾਉਣ ਦੀ ਆਖਰੀ ਤਰੀਕ 17 ਮਾਰਚ ਤੱਕ ਦੀ ਦਿੱਤੀ ਗਈ ਸੀ, ਜਿਸ ਨੂੰ ਬਾਅਦ ਵਿਚ ਵਧਾ ਕੇ 30 ਅਪ੍ਰੈਲ ਕੀਤਾ ਗਿਆ ਸੀ।
Air India
ਉਸ ਤੋਂ ਬਾਅਦ ਫਿਰ ਵਧਾ ਕੇ 30 ਜੂਨ ਤੱਕ ਕਰ ਦਿੱਤਾ ਗਿਆ ਅਤੇ ਹੁਣ ਦੋ ਮਹੀਨੇ ਵਧਾ ਕੇ 31 ਅਗਸਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਏਅਰ ਇੰਡੀਆ ਦੀ ਵਿਨਿਵੇਸ਼ ਪ੍ਰਕਿਰਿਆ ਨੂੰ ਰਫ਼ਤਾਰ ਦਿੰਦੇ ਹੋਏ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੀ 100 ਫੀਸਦੀ ਹਿੱਸੇਦਾਰੀ ਵੇਚਣ ਲਈ ਬੋਲੀ ਮੰਗਵਾਈ ਸੀ। ਇਸ ਦੇ ਨਾਲ ਹੀ ਏਅਰ ਇੰਡੀਆ ਦੇ ਵਿਨਿਵੇਸ਼ ਨੂੰ ਲੈ ਕੇ ਸਰਕਾਰ ਨੇ ਇਸ ਕੰਪਨੀ ਦੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੇ ਹਿੱਤਾਂ ਦੀ ਪੂਰੀ ਰੱਖਿਆ ਕੀਤੀ ਜਾਵੇਗੀ।