
ਆਮਦਨ ਟੈਕਸ ਰਿਟਰਨ ਭਰਨ ਵਾਲਿਆਂ ਦੀ ਗਿਣਤੀ ਸਾਲਾਨਾ 8% ਦੀ ਦਰ ਨਾਲ ਵਧ ਰਹੀ ਹੈ।
Income Tax: ਭਾਰਤ ਭਾਵੇਂ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਵੇ, ਪਰ ਇੱਥੇ ਟੈਕਸ ਅਦਾ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਅੰਕੜੇ ਦੱਸਦੇ ਹਨ ਕਿ 140 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿਚ ਸਿਰਫ਼ 6.65 ਕਰੋੜ ਲੋਕ ਹੀ ਨਿੱਜੀ ਆਮਦਨ ਕਰ ਅਦਾ ਕਰਦੇ ਹਨ। ਇਹ ਸੰਖਿਆ ਕੁੱਲ ਆਬਾਦੀ ਦਾ 4.8% ਅਤੇ ਬਾਲਗ ਆਬਾਦੀ ਦਾ 6.3% ਹੈ। ਇਹ ਤੱਥ ਹੈਰਾਨ ਕਰਨ ਵਾਲਾ ਹੈ ਕਿ 32 ਲੱਖ (5%) ਲੋਕ ਸਰਕਾਰ ਨੂੰ ਮਿਲਣ ਵਾਲੇ ਕੁੱਲ ਆਮਦਨ ਟੈਕਸ ਦਾ 76% ਅਦਾ ਕਰਦੇ ਹਨ। ਇਹ 9 ਸਾਲਾਂ ਤੋਂ ਚੱਲ ਰਿਹਾ ਹੈ।
ਸਰਕਾਰ ਨੇ ਟੈਕਸ ਕੁਲੈਕਸ਼ਨ ਵਧਾਉਣ ਲਈ ਨੋਟਬੰਦੀ, ਜੀਐਸਟੀ ਅਤੇ ਵੱਡੇ ਲੈਣ-ਦੇਣ ਵਿਚ ਪੈਨ ਨੂੰ ਲਾਜ਼ਮੀ ਬਣਾਉਣ ਵਰਗੇ ਕਦਮ ਚੁੱਕੇ, ਪਰ ਇਸ ਨਾਲ ਬਹੁਤਾ ਫਰਕ ਨਹੀਂ ਪਿਆ। ਗਲੋਬਲ ਇਨਵੈਸਟਮੈਂਟ ਬੈਂਕ ਜੈਫਰੀਜ਼ ਨੇ ਦੇਸ਼ ਦੇ 10 ਸਾਲਾਂ ਦੇ ਵਿਅਕਤੀਗਤ ਆਮਦਨ ਟੈਕਸ ਰੁਝਾਨ ਦਾ ਵਿਸ਼ਲੇਸ਼ਣ ਕੀਤਾ, ਜਿਸ ਦੇ ਅਨੁਸਾਰ ਆਮਦਨ ਟੈਕਸ ਰਿਟਰਨ ਭਰਨ ਵਾਲਿਆਂ ਦੀ ਗਿਣਤੀ ਸਾਲਾਨਾ 8% ਦੀ ਦਰ ਨਾਲ ਵਧ ਰਹੀ ਹੈ।
ਵਿਸ਼ਲੇਸ਼ਣ ਤੋਂ ਆਮਦਨੀ ਸਰੋਤਾਂ ਬਾਰੇ ਵੀ ਦਿਲਚਸਪ ਜਾਣਕਾਰੀ ਮਿਲੀ ਹੈ। ਇਸ ਅਨੁਸਾਰ ਕੁੱਲ ਆਮਦਨ ਵਿਚ ਤਨਖ਼ਾਹ ਤੋਂ ਆਮਦਨ ਦਾ ਹਿੱਸਾ 47%, ਕਾਰੋਬਾਰ ਤੋਂ ਆਮਦਨ ਦਾ ਹਿੱਸਾ 45% ਹੈ। 2012 ਤੋਂ 2021 ਦਰਮਿਆਨ ਤਨਖ਼ਾਹ ਦੀ ਆਮਦਨ 16% ਦੀ ਦਰ ਨਾਲ ਵਧ ਕੇ 25 ਲੱਖ ਕਰੋੜ ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ, ਕਾਰੋਬਾਰ ਤੋਂ ਆਮਦਨ (ਮਾਲਕੀਅਤ, ਸਲਾਹਕਾਰਾਂ ਸਮੇਤ) ਸਿਰਫ਼ 13% ਵਧ ਕੇ 15 ਲੱਖ ਕਰੋੜ ਰੁਪਏ ਹੋ ਗਈ ਹੈ।
ਵਿਸ਼ਲੇਸ਼ਣ ਦੇ ਅਨੁਸਾਰ, ਕਾਰੋਬਾਰੀ ਆਮਦਨ ਘੋਸ਼ਿਤ ਕਰਨ ਵਾਲੇ ਲੋਕਾਂ ਦੀ ਔਸਤ ਆਮਦਨ 5 ਲੱਖ ਰੁਪਏ ਹੈ, ਜੋ ਟੈਕਸਯੋਗ ਆਮਦਨ ਸੀਮਾ ਤੋਂ ਘੱਟ ਹੈ। ਇਸ ਦੇ ਉਲਟ ਨੌਕਰੀ ਕਰਨ ਵਾਲੇ ਲੋਕਾਂ ਦੀ ਔਸਤ ਆਮਦਨ 7.9 ਲੱਖ ਰੁਪਏ ਹੈ। ਇਸ ਦਾ ਕਾਰਨ ਟੀਡੀਐਸ ਸਿਸਟਮ ਹੈ, ਜਿਸ ਕਾਰਨ ਨੌਕਰੀ ਕਰਨ ਵਾਲੇ ਦੀ ਆਮਦਨ ਨੂੰ ਛੁਪਾਇਆ ਨਹੀਂ ਜਾ ਸਕਦਾ। ਕਾਰੋਬਾਰੀਆਂ ਨੂੰ ਆਪਣੀ ਆਮਦਨ ਦਾ ਐਲਾਨ ਖ਼ੁਦ ਕਰਨਾ ਪੈਂਦਾ ਹੈ।