
ਸ਼ੈੱਟੀ ਨੂੰ ਜਨਵਰੀ 2020 ’ਚ ਪ੍ਰਬੰਧ ਨਿਰਦੇਸ਼ਕ ਵਜੋਂ ਚੁਣਿਆ ਗਿਆ ਸੀ
ਨਵੀਂ ਦਿੱਲੀ: ਸਰਕਾਰੀ ਨਿਯੁਕਤੀ ਚੋਣ ਕਮਿਸ਼ਨ ਵਿੱਤੀ ਸੇਵਾਵਾਂ ਸੰਸਥਾਵਾਂ ਬਿਊਰੋ (ਐਫ.ਐਸ.ਆਈ.ਬੀ.) ਨੇ ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਦੇ ਚੇਅਰਮੈਨ ਦੇ ਅਹੁਦੇ ਲਈ ਸੀਨੀਅਰ ਮੈਨੇਜਿੰਗ ਡਾਇਰੈਕਟਰ ਸੀ ਐਸ ਸ਼ੈੱਟੀ ਦੇ ਨਾਂ ਦੀ ਸਿਫਾਰਸ਼ ਕੀਤੀ ਹੈ। ਸ਼ੈੱਟੀ ਨੂੰ ਜਨਵਰੀ 2020 ’ਚ ਪ੍ਰਬੰਧ ਨਿਰਦੇਸ਼ਕ ਵਜੋਂ ਚੁਣਿਆ ਗਿਆ ਸੀ। ਉਹ ਇਸ ਸਮੇਂ ਕੌਮਾਂਤਰੀ ਬੈਂਕਿੰਗ, ਗਲੋਬਲ ਮਾਰਕੀਟ ਅਤੇ ਤਕਨਾਲੋਜੀ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਹੈ।
ਉਹ ਦਿਨੇਸ਼ ਕੁਮਾਰ ਖਾਰਾ ਦੀ ਥਾਂ ਲੈਣਗੇ, ਜੋ 28 ਅਗੱਸਤ ਨੂੰ ਸੇਵਾਮੁਕਤ ਹੋ ਰਹੇ ਹਨ। ਖਾਰਾ 28 ਅਗੱਸਤ ਨੂੰ 63 ਸਾਲ ਦੇ ਹੋ ਜਾਣਗੇ, ਜੋ ਐਸ.ਬੀ.ਆਈ. ਦੇ ਚੇਅਰਮੈਨ ਦੇ ਅਹੁਦੇ ਲਈ ਉਪਰਲੀ ਉਮਰ ਸੀਮਾ ਹੈ। ਜਨਤਕ ਖੇਤਰ ਦੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਡਾਇਰੈਕਟਰਾਂ ਦੀ ਭਾਲ ਕਰਨ ਵਾਲੀ ਸੰਸਥਾ ਐਫ.ਐਸ.ਆਈ.ਬੀ. ਨੇ 29 ਜੂਨ, 2024 ਨੂੰ ਇਸ ਅਹੁਦੇ ਲਈ ਤਿੰਨ ਉਮੀਦਵਾਰਾਂ ਦੀ ਇੰਟਰਵਿਊ ਲਈ ਸੀ।
ਐਫ.ਐਸ.ਆਈ.ਬੀ. ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰਦਰਸ਼ਨ, ਸਮੁੱਚੇ ਤਜਰਬੇ ਅਤੇ ਮੌਜੂਦਾ ਮਾਪਦੰਡਾਂ ਨੂੰ ਧਿਆਨ ਵਿਚ ਰਖਦੇ ਹੋਏ ਬਿਊਰੋ ਨੇ ਐਸ.ਬੀ.ਆਈ. ਦੇ ਚੇਅਰਮੈਨ ਦੇ ਅਹੁਦੇ ਲਈ ਚਾਲਾ ਸ਼੍ਰੀਨਿਵਾਸੁਲੂ ਸ਼ੈੱਟੀ ਦੀ ਸਿਫਾਰਸ਼ ਕੀਤੀ ਹੈ।
ਪ੍ਰਥਾ ਦੇ ਅਨੁਸਾਰ, ਚੇਅਰਮੈਨ ਦੀ ਨਿਯੁਕਤੀ ਐਸ.ਬੀ.ਆਈ. ਦੇ ਮੌਜੂਦਾ ਪ੍ਰਬੰਧ ਨਿਰਦੇਸ਼ਕਾਂ ’ਚੋਂ ਕੀਤੀ ਜਾਂਦੀ ਹੈ। ਐਫ.ਐਸ.ਆਈ.ਬੀ. ਕੈਬਨਿਟ ਦੀ ਨਿਯੁਕਤੀ ਕਮੇਟੀ (ਏ.ਸੀ.ਸੀ.) ਨੂੰ ਨਾਮ ਦੀ ਸਿਫਾਰਸ਼ ਕਰੇਗਾ, ਜੋ ਇਸ ਸਬੰਧ ’ਚ ਅੰਤਿਮ ਫੈਸਲਾ ਲਵੇਗੀ। ਏ.ਸੀ.ਸੀ. ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ। ਐਫ.ਐਸ.ਆਈ.ਬੀ. ਦੀ ਅਗਵਾਈ ਅਮਲਾ ਅਤੇ ਸਿਖਲਾਈ ਵਿਭਾਗ (ਡੀ.ਓ.ਪੀ.ਟੀ.) ਦੇ ਸਾਬਕਾ ਸਕੱਤਰ ਭਾਨੂ ਪ੍ਰਤਾਪ ਸ਼ਰਮਾ ਕਰ ਰਹੇ ਹਨ। ਬਿਊਰੋ ਦੇ ਮੈਂਬਰਾਂ ’ਚ ਵਿੱਤੀ ਸੇਵਾਵਾਂ ਸਕੱਤਰ, ਜਨਤਕ ਉੱਦਮ ਵਿਭਾਗ ਦੇ ਸਕੱਤਰ ਅਤੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਡਿਪਟੀ ਗਵਰਨਰ ਸ਼ਾਮਲ ਹਨ।