ਬਦਨਾਮ ਮਾਰਕੀਟਪਲੇਸ ਸੂਚੀ ’ਚ ਵੱਡੇ ਪੈਮਾਨੇ ’ਤੇ ਟ੍ਰੇਡਮਾਰਕ ਜਾਅਲਸਾਜ਼ੀ ਜਾਂ ਕਾਪੀਰਾਈਟ ਚੋਰੀ ’ਚ ਸ਼ਾਮਲ ਹੋਣ ਜਾਂ ਉਤਸ਼ਾਹਤ ਕਰਨ ਦੀ ਰੀਪੋਰਟ ਕੀਤੀ ਗਈ
ਵਾਸ਼ਿੰਗਟਨ: ਅਮਰੀਕੀ ਵਪਾਰ ਪ੍ਰਤੀਨਿਧੀਆਂ ਦੀ ਮੰਗਲਵਾਰ ਨੂੰ ਜਾਰੀ ਕੀਤੀ ਗਈ ‘ਬਦਨਾਮ’ ਬਾਜ਼ਾਰਾਂ ਦੀ ਸੂਚੀ ’ਚ ਨਵੀਂ ਦਿੱਲੀ ਸਮੇਤ ਤਿੰਨ ਸ਼ਹਿਰਾਂ ’ਚ ਤਿੰਨ ਭਾਰਤੀ ਬਾਜ਼ਾਰ ਅਤੇ ਤਿੰਨ ਆਨਲਾਈਨ ਮਾਰਕੀਟਪਲੇਸ ਸ਼ਾਮਲ ਹਨ। ਚੀਨ ਇਸ ਸੂਚੀ ’ਚ ਪਹਿਲੇ ਸਥਾਨ ’ਤੇ ਬਣਿਆ ਹੋਇਆ ਹੈ।
ਅਮਰੀਕਾ ਦੀ 2023 ਦੀ ਬਦਨਾਮ ਮਾਰਕੀਟਪਲੇਸ ਸੂਚੀ 33 ਬਾਜ਼ਾਰਾਂ ਅਤੇ 39 ਆਨਲਾਈਨ ਬਾਜ਼ਾਰਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਨੂੰ ਵੱਡੇ ਪੈਮਾਨੇ ’ਤੇ ਟ੍ਰੇਡਮਾਰਕ ਜਾਅਲਸਾਜ਼ੀ ਜਾਂ ਕਾਪੀਰਾਈਟ ਚੋਰੀ ’ਚ ਸ਼ਾਮਲ ਹੋਣ ਜਾਂ ਉਤਸ਼ਾਹਤ ਕਰਨ ਦੀ ਰੀਪੋਰਟ ਕੀਤੀ ਗਈ ਹੈ।
ਇਹ ਤਿੰਨ ਭਾਰਤੀ ਬਾਜ਼ਾਰ ਮੁੰਬਈ ਦੇ ਹੀਰਾ, ਪੰਨਾ, ਨਵੀਂ ਦਿੱਲੀ ਦੇ ਕਰੋਲ ਬਾਗ ਵਿਚ ਟੈਂਕ ਰੋਡ ਅਤੇ ਬੈਂਗਲੁਰੂ ਵਿਚ ਸਦਰ ਪੱਤਰੱਪਾ ਰੋਡ ਮਾਰਕੀਟ ਹਨ। ਇੰਡੀਆਮਾਰਟ, ਵੇਗਾਮੂਵੀਜ਼ ਅਤੇ ਡਬਲਯੂ.ਐਚ.ਐਮ.ਸੀ.ਐਸ. ਸਮਾਰਟਰਸ ਆਨਲਾਈਨ ਭਾਰਤੀ ਬਾਜ਼ਾਰਾਂ ਵਿਚੋਂ ਹਨ ਜਿਨ੍ਹਾਂ ਨੇ ਸੂਚੀ ਵਿਚ ਜਗ੍ਹਾ ਬਣਾਈ ਹੈ।
ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਨੇ ਕਿਹਾ, ‘‘ਨਕਲੀ ਅਤੇ ਜਲਸਾਜ਼ੀ ਵਾਲੀਆਂ ਚੀਜ਼ਾਂ ਦਾ ਕਾਰੋਬਾਰ ਕਰਨ ਨਾਲ ਕਾਮਿਆਂ, ਖਪਤਕਾਰਾਂ ਅਤੇ ਛੋਟੇ ਕਾਰੋਬਾਰਾਂ ਨੂੰ ਨੁਕਸਾਨ ਹੁੰਦਾ ਹੈ। ਆਖਰਕਾਰ, ਅਮਰੀਕੀ ਆਰਥਕਤਾ ਨੂੰ ਨੁਕਸਾਨ ਹੁੰਦਾ ਹੈ।’’
ਇਸ ਸਾਲ ਦੀ ਬਦਨਾਮ ਮਾਰਕੀਟ ਸੂਚੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਨਕਲੀ ਚੀਜ਼ਾਂ ਦੇ ਸੰਭਾਵਤ ਖਤਰਿਆਂ ਨੂੰ ਦਰਸਾਉਂਦੀ ਹੈ। ਸੂਚੀ ਅਨੁਸਾਰ ਪਛਾਣੇ ਗਏ 33 ਬਾਜ਼ਾਰ ਅਤੇ 39 ਆਨਲਾਈਨ ਮਾਰਕੀਟਪਲੇਸ ਵੱਡੇ ਪੱਧਰ ’ਤੇ ਟ੍ਰੇਡਮਾਰਕ ਧੋਖਾਧੜੀ ਜਾਂ ਕਾਪੀਰਾਈਟ ਚੋਰੀ ’ਚ ਲੱਗੇ ਹੋਏ ਹਨ ਜਾਂ ਉਤਸ਼ਾਹਤ ਕਰਦੇ ਹਨ। ਇਸ ’ਚ ਚੀਨ ਦੇ ਈ-ਕਾਮਰਸ ਅਤੇ ਸੋਸ਼ਲ ਕਾਮਰਸ ਬਾਜ਼ਾਰ ਤਾਓਬਾਓ, ਵੀਚੈਟ, ਡੀਐਚਗੇਟ ਅਤੇ ਪਿੰਡੁਓਡੁਓ ਦੇ ਨਾਲ-ਨਾਲ ਕਲਾਉਡ ਸਟੋਰੇਜ ਸੇਵਾ ਬਾਈਡੂ ਵਾਂਗਪਨ ਵੀ ਹੈ। ਹੋਰ ਸੂਚੀਬੱਧ ਬਾਜ਼ਾਰਾਂ ’ਚ ਚੀਨ ਦੇ ਸੱਤ ਬਾਜ਼ਾਰ ਸ਼ਾਮਲ ਹਨ ਜੋ ਨਕਲੀ ਚੀਜ਼ਾਂ ਦੇ ਨਿਰਮਾਣ, ਵੰਡ ਅਤੇ ਵਿਕਰੀ ਲਈ ਬਦਨਾਮ ਹਨ।