
ਨੋਟਬੰਦੀ ਦੌਰਾਨ 20 ਲੱਖ ਤੋਂ ਜ਼ਿਆਦਾ ਜਮ੍ਹਾਂ ਕਰਵਾਉਣ ਵਾਲੇ 2 ਲੱਖ ਲੋਕਾਂ ਨੂੰ ਨੋਟਿਸ
ਨਵੀਂ ਦਿੱਲੀ, 19 ਫ਼ਰਵਰੀ: ਆਮਦਨ ਕਰ ਵਿਭਾਗ ਨੇ ਕਰੀਬ ਦੋ ਲੱਖ ਖ਼ਾਤਾਧਾਰਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਲੋਕਾਂ ਨੇ ਨੋਟਬੰਦੀ ਤੋਂ ਬਾਅਦ ਅਪਣੇ ਖਾਤੇ 'ਚ 20 ਲੱਖ ਰੁਪਏ ਤੋਂ ਜ਼ਿਆਦਾ ਰਕਮ ਜਮ੍ਹਾਂ ਕਰਵਾਉਣ ਦੇ ਬਾਵਜੂਦ ਟੈਕਸ ਰੀਟਰਨ ਨਹੀਂ ਭਰਿਆ ਹੈ।ਵਿੱਤ ਮੰਤਰਾਲੇ ਦੇ ਇਕ ਉਚ ਅਧਿਕਾਰੀ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਨੋਟਿਸ ਭੇਜਿਆ ਗਿਆ ਹੈ, ਜਿਨ੍ਹਾਂ ਨੇ ਅਪਣੇ ਖਾਤੇ 'ਚ ਵੱਡੀ ਰਾਸ਼ੀ ਜਮ੍ਹਾਂ ਕਰਵਾਈ ਹੈ ਅਤੇ ਟੈਕਸ ਰੀਟਰਨ ਫ਼ਾਈਲ ਨਹੀਂ ਕੀਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਨੋਟਬੰੰਦੀ ਦੌਰਾਨ 1.10 ਕਰੋੜ ਬੈਂਕ ਖਾਤਿਆਂ 'ਚ ਦੋ ਲੱਖ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਜਮ੍ਹਾਂ ਕਰਵਾਈ ਗਈ ਸੀ। ਪਿਛਲੇ ਸਾਲ ਆਮਦਨ ਕਰ ਵਿਭਾਗ ਨੇ ਨੋਟਬੰਦੀ ਤੋਂ ਬਾਅਦ 18 ਲੱਖ ਲੋਕਾਂ ਨੂੰ ਨੋਟਿਸ ਜਾਰੀ ਕਰ ਕੇ ਅਪਣੇ ਨਕਦ ਲੈਣ-ਦੇਣ 'ਤੇ ਸਪਸ਼ਟੀਕਰਨ ਦੇਣ ਲਈ ਕਿਹਾ ਸੀ। ਵਿਭਾਗ ਮੁਤਾਬਕ ਅਜਿਹੇ ਲੋਕਾਂ ਦਾ ਨਕਦ ਲੈਣ-ਦੇਣ ਉਨ੍ਹਾਂ ਦੇ ਕਮਾਈ ਮੁਤਾਬਕ ਨਹੀਂ ਸੀ। ਇਨ੍ਹਾਂ ਲੋਕਾਂ ਨੂੰ ਆਮਦਨ ਕਰ ਨੋਟਿਸ ਤੋਂ ਬਚਣ ਲਈ 10 ਦਿਨਾਂ 'ਚ ਜਵਾਬ ਦੇਣ ਲਈ ਕਿਹਾ ਗਿਆ ਸੀ।
ਵਿੱਤ ਮੰਤਰਾਲੇ ਅਨੁਸਾਰ ਨੋਟਬੰਦੀ ਕਾਰਨ ਟੈਕਸ ਰੀਟਰਨ ਫ਼ਾਈਲ ਕਰਨ ਵਾਲਿਆਂ ਦੀ ਗਿਣਤੀ 'ਚ ਕਾਫ਼ੀ ਇਜ਼ਾਫ਼ਾ ਹੋਇਆ ਹੈ। ਵਿੱਤੀ ਸਾਲ 2016-17 'ਚ ਟੈਕਸ ਭਰਨ ਵਾਲਿਆਂ ਦੀ ਗਿਣਤੀ ਸਾਲਾਨਾ ਆਧਾਰ 'ਤੇ 29 ਫ਼ੀ ਸਦੀ ਵਧ ਕੇ 8.56 ਕਰੋੜ ਹੋ ਗਈ ਹੈ। ਆਰਥਕ ਸਰਵੇਖਣ ਮੁਤਾਬਕ 2015-16 'ਚ ਕੁਲ ਟੈਕਸਦਾਤਾਵਾਂ ਦੀ ਗਿਣਤੀ 5.93 ਕਰੋੜ ਸੀ। ਜ਼ਿਕਰਯੋਗ ਹੈ ਕਿ ਟੈਕਸ ਵਿਭਾਗ ਦੇ ਮੌਜੂਦਾ ਨਿਯਮਾਂ ਤਹਿਤ ਸਾਲਾਨਾ 2.5 ਲੱਖ ਰੁਪਏ ਤੋਂ ਜ਼ਿਆਦਾ ਕਮਾਈ ਕਰਨ ਵਾਲਿਆਂ ਲਈ ਟੈਕਸ ਫ਼ਾਈਲ ਕਰਨਾ ਜ਼ਰੂਰੀ ਹੈ। ਜੇਕਰ ਕੋਈ ਵਿਅਕਤੀ ਟੈਕਸ ਰੀਟਰਨ ਫ਼ਾਈਲ ਨਹੀਂ ਕਰਦਾ ਹੈ ਤਾਂ ਆਮਦਨ ਕਰ ਵਿਭਾਗ ਉਸ ਵਿਅਕਤੀ ਨੂੰ ਨੋਟਿਸ ਜਾਰੀ ਕਰ ਕੇ ਪੁਛਗਿੱਛ ਕਰ ਸਕਦਾ ਹੈ ਕਿ ਤੁਹਾਡੀ ਆਮਦਨ ਕਿੰਨੀ ਹੈ ਅਤੇ ਤੁਸੀਂ ਰੀਟਰਨ ਫ਼ਾਈਲ ਕਿਉਂ ਨਹੀਂ ਕਰ ਰਹੇ। ਜੇਕਰ ਵਿਭਾਗ ਨੂੰ ਪਤਾ ਚਲਦਾ ਹੈ ਕਿ ਕਿਸੇ ਵਿਅਕਤੀ ਦੀ ਆਮਦਨ ਟੈਕਸ ਯੋਗ ਹੈ ਅਤੇ ਉਹ ਟੈਕਸ ਨਹੀਂ ਭਰ ਰਿਹਾ ਤਾਂ ਵਿਭਾਗ ਉਸ ਤੋਂ ਟੈਕਸ ਦੇ ਨਾਲ-ਨਾਲ ਜ਼ੁਰਮਾਨਾ ਵੀ ਵਸੂਲ ਕਰ ਸਕਦਾ ਹੈ। (ਏਜੰਸੀ)