
ਨਵੀਂ ਦਿੱਲੀ, 30 ਦਸੰਬਰ: ਸਰਕਾਰ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ, ਖ਼ਾਸ ਕਰ ਕੇ ਪੇਂਡੂ ਖੇਤਰਾਂ 'ਚ ਮੋਬਾਈਲ ਫ਼ੋਨ ਸੰਪਰਕ ਵਧਾਉਣ ਲਈ ਬੀ.ਐਸ.ਐਨ.ਐਲ. ਅਪਣੇ ਟਾਵਰਾਂ ਦੀ ਗਿਣਤੀ ਵਧਾਏਗੀ ਅਤੇ ਜ਼ਿਆਦਾ ਤੋਂ ਜ਼ਿਆਦਾ ਗਿਣਤੀ 'ਚ ਟਾਵਰਾਂ 'ਚ ਸੋਲਰ ਪਾਵਰ ਦੀ ਸਹੂਲਤ ਮੁਹਈਆ ਕਰਵਾਏਗੀ ਤਾਂ ਕਿ ਬਿਜਲੀ ਨਾ ਹੋਣ ਦੀ ਸਥਿਤੀ 'ਚ ਸੇਵਾਵਾਂ ਪ੍ਰਭਾਵਤ ਨਾ ਹੋਣ।ਸੰਚਾਰ ਮੰਤਰੀ ਮਨੋਜ ਸਿਨਹਾ ਨੇ ਰਾਜਸਭਾ 'ਚ ਪ੍ਰਸ਼ਨਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਬੀ.ਐਸ.ਐਨ.ਐਲ. ਦੇ ਟਾਵਰਾਂ ਦੀ ਗਿਣਤੀ 'ਚ ਵਾਧਾ ਕੀਤਾ ਜਾ ਰਿਹਾ ਹੈ ਤਾਂ ਕਿ ਕੰਪਨੀ ਦੀਆਂ ਸੇਵਾਵਾਂ 'ਚ ਸੁਧਾਰ ਹੋ ਸਕੇ। ਇਸ ਤੋਂ ਪਹਿਲਾਂ ਕਈ ਮੈਂਬਰਾਂ ਨੇ ਬੀ.ਐਸ.ਐਨ.ਐਲ. ਦੀਆਂ ਸੇਵਾਵਾਂ ਸਬੰਧੀ ਸਵਾਲ ਉਠਾਏ ਸਨ।
ਮੰਤਰੀ ਨੇ ਸਵੀਕਾਰ ਕੀਤਾ ਕਿ ਦੇਸ਼ ਦੇ ਹਰ ਪਿੰਡ 'ਚ ਬੀ.ਐਸ.ਐਨ.ਐਲ. ਦੀ ਪਹੁੰਚ ਨਹੀਂ ਹੈ। ਉਨ੍ਹਾਂ ਕਿਹ ਕਿ ਇਸ ਦਿਸ਼ਾ 'ਚ ਸੁਧਾਰ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਤਕ ਕੰਪਨੀ ਘਾਟੇ 'ਚ ਸੀ ਅਤੇ ਹੁਣ ਇਹ ਲਾਭ ਦੀ ਸਥਿਤੀ 'ਚ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਅਜੇ 4.61 ਲੱਖ ਮੋਬਾਈਲ ਟਾਵਰ ਹਨ, ਜਿਨ੍ਹਾਂ 'ਚੋਂ ਭਾਰਤ ਸੰਚਾਰ ਨਿਗਮ ਲਿਮਟਿਡ ਦੇ ਟਾਵਰਾਂ ਦੀ ਗਿਣਤੀ 66,700 ਹੈ। (ਏਜੰਸੀ)