
ਨਵੀਂ ਦਿੱਲੀ, 27 ਜਨਵਰੀ: ਸਵਦੇਸ਼ੀ ਜਾਗਰਣ ਮੰਚ ਦੇ ਸਹਿ ਕਨਵੀਨਰ ਅਸ਼ਵਨੀ ਮਹਾਜਨ ਨੇ ਅੱਜ ਕਿਹਾ ਕਿ ਸਰਕਾਰ ਨੂੰ ਨੋਟਬੰਦੀ ਤੋਂ ਬਾਅਦ ਕਰਿਪਟੋ (ਗੁਪਤ) ਕਰੰਸੀ ਬਿਟਕੋਇਨ ਦੀ ਮੰਗ 'ਚ ਆਏ ਉਛਾਲ ਪ੍ਰਤੀ ਚੌਕਸ ਰਹਿਣਾ ਚਾਹੀਦਾ ਸੀ। ਇਸ ਦੇ ਨਾਲ ਹੀ ਮਹਾਜਨ ਨੇ ਦੇਸ਼ 'ਚ ਕਾਲੇ ਧਨ ਦੇ ਆਕਾਰ ਅਤੇ ਮਾਤਰਾ ਨੂੰ ਲੈ ਕੇ ਅਜੇ ਤਕ ਕੋਈ ਅੰਦਾਜ਼ਾ ਨਾ ਲਾਏ ਜਾਣ ਨੂੰ ਲੈ ਕੇ ਵੀ ਨਿਰਾਸ਼ਾ ਪ੍ਰਗਟ ਕੀਤੀ ਹੈ।ਉਨ੍ਹਾਂ ਕਿਹਾ, ''ਅੱਜ ਤਕ ਭਾਰਤ ਅੰਦਰ ਕਾਲੇ ਧਨ ਦੇ ਆਕਾਰ ਅਤੇ ਮਾਤਰਾ ਬਾਰੇ ਕੋਈ ਨਹੀਂ ਜਾਣਦਾ। ਸਾਨੂੰ ਤਕਨੀਕ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇਸ ਦੇ ਦੁਰਉਪਯੋਗ ਨਾਲ ਕਾਲੇ ਧਨ ਨੂੰ ਦੇਸ਼ ਤੋਂ ਬਾਹਰ ਭੇਜਿਆ ਜਾ ਰਿਹਾ ਹੈ। ਸਾਨੂੰ ਇਸ ਪ੍ਰਤੀ ਚੌਕਸ ਰਹਿਣਾ ਚਾਹੀਦਾ ਹੈ।''ਉਨ੍ਹਾਂ ਕਿਹਾ ਕਿ ਸਾਨੂੰ ਇਸ ਕਰ ਕੇ ਵੀ ਚੌਕਸ ਹੋ ਜਾਣਾ ਚਾਹੀਦਾ ਸੀ ਕਿ ਨੋਟਬੰਦੀ ਤੋਂ ਬਾਅਦ ਬਿਟਕੋਇਨ ਦੀ ਮੰਗ 25 ਫ਼ੀ ਸਦੀ ਵੱਧ ਗਈ ਸੀ। ਸਾਨੂੰ ਇਸ ਨੂੰ ਭਾਂਪ ਲੈਣਾ ਚਾਹੀਦਾ ਸੀ ਪਰ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਗਿਆ।
ਉਹ 'ਆਨ ਦ ਟਰਾਇਲ ਆਫ਼ ਦ ਬਲੈਕ' ਨਾਮਕ ਕਿਤਾਬ ਦੀ ਘੁੰਡ ਚੁਕਾਈ ਮੌਕੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਕਿਤਾਬ ਦਾ ਸੰਪਾਦਨ ਪ੍ਰਧਾਨ ਮੰਤਰੀ ਦੀ ਆਰਥਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਬਿਬੇਕ ਦੇਵਰਾਏ ਅਤੇ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰੀ ਓ.ਐਸ.ਡੀ. ਕਿਸ਼ੋਰ ਦੇਸਾਈ ਨੇ ਕੀਤਾ ਹੈ। ਮਹਾਜਨ ਨੇ ਕਿਹਾ ਕਿ ਐਸ.ਐਸ.ਐਸ.ਆਈ. ਵਰਗੇ ਰੈਗੂਲੇਟਰਾਂ ਸਮੇਤ ਵੱਖੋ-ਵੱਖ ਸੰਸਥਾਵਾਂ 'ਚ ਹਿਤਾਂ ਦਾ ਟਕਰਾਅ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਾਲੇ ਧਨ ਨੂੰ ਭਾਰਤ ਤੋਂ ਬਾਹਰ ਭੇਜਣ 'ਚ ਤਕਨੀਕ ਦੇ ਪ੍ਰਯੋਗ ਦੇ ਰਸਤਿਆਂ 'ਤੇ ਵਿਚਾਰ ਕਰਨਾ ਚਾਹੀਦਾ ਸੀ। ਪ੍ਰੋਗਰਾਮ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਨੀਤੀ ਕਮਿਸ਼ਨ ਦੇ ਸੀ.ਈ.ਓ. ਅਮਿਤਾਬ ਕਾਂਤ ਵੀ ਮੌਜੂਦ ਸਨ। (ਪੀਟੀਆਈ)