ਮੁੰਬਈ, 7 ਅਕਤੂਬਰ: ਪਟਰੌਲੀਅਮ ਪਦਾਰਥਾਂ ਨੂੰ ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਵਿਵਸਥਾ ਦੇ ਘੇਰੇ 'ਚ ਲਿਆਉਣ ਅਤੇ ਬਿਹਤਰ ਮਾਰਜਿਨ ਦੀ ਮੰਗ ਨੂੰ ਲੈ ਕੇ ਯੂਨਾਈਟਡ ਪਟਰੌਲੀਅਮ ਫ਼ਰੰਟ ਨੇ 13 ਅਕਤੂਬਰ ਨੂੰ ਪਟਰੌਲੀਅਮ ਡੀਲਰਾਂ ਦੀ ਦੇਸ਼ਪੱਧਰੀ ਹੜਤਾਲ ਦਾ ਸੱਦਾ ਦਿਤਾ ਹੈ। ਪਟਰੌਲੀਅਮ ਡੀਲਰਾਂ ਦੇ ਇਸ ਫ਼ਰੰਟ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਉਤੇ ਧਿਆਨ ਨਾ ਦਿਤਾ ਗਿਆ ਤਾਂ ਉਹ 27 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਬਾਲਣ ਦੀ ਖ਼ਰੀਦਦਾਰੀ ਅਤੇ ਵਿਕਰੀ ਬੰਦ ਕਰਨ ਲਈ ਮਜਬੂਰ ਹੋਣਗੇ। ਫ਼ੈਡਰੇਸ਼ਨਲ ਆਫ਼ ਆਲ ਇੰਡੀਆ ਪਟਰੌਲੀਅਮ ਟਰੇਡਰਸ, ਦਿ ਆਲ ਇੰਡੀਆ ਪਟਰੌਲੀਅਮ ਡੀਲਰਸ ਐਸੋਸੀਏਸ਼ਨ ਅਤੇ ਕੰਸੋਰਟੀਅਮ ਆਫ਼ ਇੰਡੀਅਨ ਪਟਰੌਲੀਅਮ ਡੀਲਰਸ ਦੇ ਸਾਰੇ ਮੈਂਬਰਾਂ 'ਚੋਂ ਯੂਨਾਈਟਡ ਪਟਰੌਲੀਅਮ ਫ਼ਰੰਟ ਦੇਸ਼ ਭਰ ਦੇ ਲਗਭਗ 54 ਹਜ਼ਾਰ ਡੀਲਰਾਂ ਦੀ ਪ੍ਰਤੀਨਿਧਗੀ ਕਰਦਾ ਹੈ।

ਫ਼ਰੰਟ ਦੀ ਮੰਗ ਹੈ ਕਿ ਹਰ ਛੇ ਮਹੀਨਿਆਂ 'ਚ ਪਟਰੌਲੀਅਮ ਡੀਲਰਾਂ ਦੇ ਮਾਰਜਿਨ ਦੀ ਸਮੀਖਿਆ ਕਰ ਕੇ ਉਸ ਨੂੰ ਵਧਾਇਆ ਜਾਣਾ ਚਾਹੀਦਾ ਹੈ। ਨਿਵੇਸ਼ ਉਤੇ ਬਿਹਤਰ ਲਾਭ ਦੀ ਸ਼ਰਤ ਹੋਣੀ ਚਾਹੀਦੀ ਹੈ, ਕਾਮਿਆਂ ਨਾਲ ਜੁੜੇ ਮੁੱਦਿਆਂ ਦਾ ਹੱਲ ਹੋਣਾ ਚਾਹੀਦਾ ਹੈ ਅਤੇ ਆਵਾਜਾਈ ਤੇ ਇਥੇਨਾਲ ਮਿਲਾਉਣ ਨਾਲ ਜੁੜੇ ਮੁੱਦਿਆਂ ਦਾ ਵੀ ਹੱਲ ਕੀਤਾ ਜਾਣਾ ਚਾਹੀਦਾ ਹੈ ਪਟਰੌਲੀਅਮ ਫ਼ਰੰਟ ਦਾ ਕਹਿਣਾ ਹੈ ਕਿ ਇਸ ਬਾਬਤ ਪਟਰੌਲੀਅਮ ਕੰਪਨੀਆਂ ਅਤੇ ਮੰਤਰੀ ਮੰਡਲ ਦੇ ਸਕੱਤਰੇਤ ਨੂੰ ਭੇਜੀ ਚਿੱਠੀ ਦਾ ਕੋਈ ਜਵਾਬ ਨਹੀਂ ਮਿਲਿਆ ਹੈ। ਡੀਲਰਾਂ ਨੇ ਕਿਹਾ ਕਿ ਉਹ ਰੋਜ਼ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਧਣ-ਘਟਣ ਦਾ ਵੀ ਵਿਰੋਧ ਕਰਦੇ ਹਨ। ਇਸ ਦਾ ਨਾ ਤਾਂ ਗਾਹਕ ਨੂੰ ਫ਼ਾਇਦਾ ਹੋਇਆ ਹੈ ਅਤੇ ਨਾ ਹੀ ਡੀਲਰਾਂ ਦਾ। (ਪੀਟੀਆਈ)
end-of