
ਸਰਕਾਰ ਦੋ ਮਹੀਨੇ ਤੋਂ ਕਹਿ ਰਹੀ ਹੈ ਕਿ ਕੀਮਤਾਂ ਛੇਤੀ ਘਟਣਗੀਆਂ
ਨਵੀਂ ਦਿੱਲੀ, 11 ਜਨਵਰੀ : ਦੇਸ਼ ਵਿਚ ਕੁੱਝ ਹਿੱਸਿਆਂ ਵਿਚ ਪਿਆਜ਼ ਦੀਆਂ ਪ੍ਰਚੂਨ ਕੀਮਤਾਂ 50 ਤੋਂ 60 ਰੁਪਏ ਕਿਲੋ ਹੋ ਗਈਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਮੰਗ ਸਪਲਾਈ ਦੇ ਫ਼ਰਕ ਕਾਰਨ ਹੈ ਅਤੇ ਸਾਉਣੀ ਦਾ ਪਿਆਜ਼ ਆਉਣ ਮਗਰੋਂ ਮਹੀਨੇ ਦੇ ਅੰਤ ਤਕ ਇਸ ਦੀਆਂ ਕੀਮਤਾਂ ਘੱਟ ਹੋ ਜਾਣਗੀਆਂ। ਦਿੱਲੀ, ਚੰਡੀਗੜ੍ਹ, ਮੁੰਬਈ, ਕੋਲਕਾਤਾ ਵਿਚ ਪਿਆਜ਼ 50 ਰੁਪਏ ਕਿਲੋ ਦੇ ਨੇੜੇ-ਤੇੜੇ ਵਿਕ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਚੇਨਈ ਵਿਚ ਕੀਮਤ 45 ਰੁਪਏ ਹੈ। ਛੋਟੇ ਕਸਬਿਆਂ ਵਿਚ ਪਿਆਜ਼ ਦਾ ਇਹੋ ਮਿਜ਼ਾਜ ਹੈ। ਉਂਜ ਇਹ ਸਿਲਸਿਲਾ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ। ਸਰਕਾਰ ਵੀ ਲਗਾਤਾਰ ਕਹਿੰਦੀ ਆ ਰਹੀ ਹੈ ਕਿ ਪਿਆਜ਼ ਦੀਆਂ ਕੀਮਤਾਂ ਘੱਟ ਜਾਣਗੀਆਂ ਪਰ ਹਾਲੇ ਤਕ ਨਹੀਂ ਘਟੀਆਂ। ਖੇਤੀ ਸਕੱਤਰ ਐਸ ਕੇ ਪਟਨਾਇਕ ਨੇ ਦਸਿਆ, 'ਇਹ ਥੋੜੇ ਸਮੇਂ ਦਾ ਮਾਮਲਾ ਹੈ। ਵਪਾਰੀ ਲਾਭ ਲੈ ਰਹੇ ਹਨ ਪਰ ਬੁਨਿਆਦ ਮਜ਼ਬੂਤ ਹੈ।' ਉਨ੍ਹਾਂ ਕਿਹਾ ਕਿ ਫ਼ਸਲੀ ਵਰ੍ਹੇ 2017-2018 (ਜੁਲਾਈ ਤੋਂ ਜੂਨ) ਵਿਚ ਪਿਆਜ਼ ਦੀ ਪੈਦਾਵਾਰ ਕੁੱਝ ਘੱਟ ਹੋਣ ਦਾ ਅਨੁਮਾਨ ਹੈ ਪਰ ਪਿਆਜ਼ ਦਾ ਕੁਲ ਉਤਪਾਦਨ ਘਰੇਲੂ ਲੋੜਾਂ ਨੂੰ ਪੂਰਾ ਕਰਨ ਲਈ ਕਾਫ਼ੀ ਹੋਵੇਗਾ।
ਖੇਤੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਰਕਬਾ ਘਟਣ ਨਾਲ ਫ਼ਸਲ ਵਰ੍ਹੇ 2017-18 ਵਿਚ 4.5 ਫ਼ੀ ਸਦੀ ਘੱਟ ਕੇ 2.14 ਕਰੋੜ ਟਨ ਰਹਿਣ ਦਾ ਅਨੁਮਾਨ ਹੈ। ਪਿਛਲੇ ਸਾਲ ਉਤਪਾਦਨ 2.24 ਕਰੋੜ ਟਨ ਸੀ। ਪਟਨਾਇਕ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਿਆਜ਼ ਦੀ ਆਮਦਨ ਵਧਣ ਨਾਲ ਪਿਆਜ਼ ਦੀਆਂ ਕੀਮਤਾਂ ਘੱਟ ਜਾਣਗੀਆਂ। ਨਾਸਿਕ ਦੀ ਨੈਸ਼ਨਲ ਹਾਰਟੀਕਲਚਰ ਰਿਸਰਚ ਐਂਡ ਡਿਵੈਲਪਮੈਂਟ ਫ਼ਾਊਂਡੇਸ਼ਨ (ਐਨਐਚਆਰਡੀਐਫ਼) ਦੇ ਕਾਰਜਕਾਰੀ ਨਿਰਦੇਸ਼ਕ ਪੀ ਕੇ ਗੁਪਤਾ ਨੇ ਕਿਹਾ, 'ਸਾਉਣੀ ਦੇ ਪਿਆਜ਼ ਦੀ ਆਮਦ ਇਸ ਵੇਲੇ ਘੱਟ ਹੈ ਅਤੇ ਇਸ ਕਾਰਨ, ਪਿਆਜ਼ ਦੀਆਂ ਕੀਮਤਾਂ ਵਧੀਆਂ ਹੋਈਆਂ ਹਨ। ਉਮੀਦ ਹੈ ਕਿ ਪਿਆਜ਼ ਦੀ ਸਪਲਾਈ ਇਸ ਮਹੀਨੇ ਦੇ ਅਖ਼ੀਰ ਤਕ ਠੀਕ ਹੋਣ ਲੱਗ ਪਵੇਗੀ ਅਤੇ ਕੀਮਤਾਂ ਹੇਠਾਂ ਆਉਣ ਲੱਗ ਪੈਣਗੀਆਂ।' ਉਨ੍ਹਾਂ ਕਿਹਾ ਕਿ ਸਾਉਣੀ ਦੇ ਪਿਆਜ਼ ਦੀ ਪੈਦਾਵਾਰ ਇਸ ਵਾਰ ਘੱਟ ਹੋ ਸਕਦੀ ਹੈ ਕਿਉਂਕਿ ਮੁੱਖ ਰਾਜਾਂ ਵਿਚ ਮੀਂਹ ਘੱਟ ਪਿਆ ਹੈ। ਉਨ੍ਹਾਂ ਕਿਹਾ, 'ਪਿਆਜ਼ ਦੀ ਪੈਦਾਵਾਰ 20 ਤੋਂ 25 ਫ਼ੀ ਸਦੀ ਘੱਟ ਸਕਦੀ ਹੈ ਕਿਉਂਕਿ ਮਹਾਰਾਸ਼ਟਰ, ਕਰਨਾਟਕਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਜਿਹੇ ਮੁੱਖ ਉਤਪਾਦਕ ਰਾਜਾਂ ਵਿਚ ਪਿਆਜ਼ ਦੀ ਬੀਜਾਈ ਸਮੇਂ ਮੀਂਹ ਘੱਟ ਪਿਆ ਹੈ।' ਉਨ੍ਹਾਂ ਕਿਹਾ ਕਿ ਜਦ ਸਾਉਣੀ ਦਾ ਪਿਆਜ਼ ਅਤੇ ਬਾਅਦ ਵਿਚ ਪਿਆਜ਼ ਬਾਜ਼ਾਰ ਵਿਚ ਆਉਣ ਲੱਗ ਪਵੇਗਾ ਤਾਂ ਪ੍ਰਚੂਨ ਕੀਮਤਾਂ ਅਪਣੇ ਆਪ ਠੀਕ ਹੋਣ ਲੱਗ ਪੈਣਗੀਆਂ। (ਏਜੰਸੀ)