
Chandigarh News : ਚੋਣਾਂ ਨੂੰ ਲੈ ਕੇ ਵਰਕਰਾਂ ਅਤੇ ਲੋਕਾਂ ’ਚ ਜਿਸ ਤਰ੍ਹਾਂ ਦਾ ਉਤਸ਼ਾਹ ਹੈ, ਇਸ ’ਚ ਕੋਈ ਸ਼ੱਕ ਨਹੀਂ ਕਿ ‘‘ਆਪ’’ ਪਾਰਟੀ ਵੱਡੀ ਜਿੱਤ ਦਰਜ ਕਰੇਗੀ
Chandigarh News : ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਮੰਥਨ ਦਾ ਦੌਰ ਜਾਰੀ ਹੈ। 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਚੌਥੇ ਦਿਨ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਭਵਿੱਖ ਦੀ ਰਣਨੀਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਐਤਵਾਰ ਨੂੰ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਦਰਜਨਾਂ ਪਾਰਟੀ ਅਹੁਦੇਦਾਰਾਂ, ਵਿਧਾਇਕਾਂ ਤੇ ਮੰਤਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਚੋਣ ਖੇਤਰ ਦੇ ਪਾਰਟੀ ਆਗੂਆਂ ਨਾਲ ਨਗਰ ਕੌਂਸਲਾਂ, ਕਮੇਟੀਆਂ ਅਤੇ ਨਗਰ ਪੰਚਾਇਤਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਸੂਬੇ ਦੀਆਂ ਪੰਜ ਨਗਰ ਨਿਗਮਾਂ ਦੇ ਨਾਲ-ਨਾਲ 42 ਨਗਰ ਕੌਂਸਲਾਂ ਤੇ ਕਮੇਟੀਆਂ ਲਈ ਵੀ ਚੋਣਾਂ ਹੋਣੀਆਂ ਹਨ। ਆਮ ਆਦਮੀ ਪਾਰਟੀ ਦਾ ਪੂਰਾ ਧਿਆਨ ਨਗਰ ਨਿਗਮਾਂ ਦੇ ਨਾਲ-ਨਾਲ ਸਾਰੀਆਂ ਕੌਂਸਲਾਂ ਅਤੇ ਕਮੇਟੀਆਂ 'ਤੇ ਵੀ ਹੈ।
ਮੀਟਿੰਗ 'ਚ ਪਾਰਟੀ ਪ੍ਰਧਾਨ ਅਮਨ ਅਰੋੜਾ ਦੇ ਨਾਲ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਮੰਤਰੀ ਹਰਦੀਪ ਸਿੰਘ ਮੁੰਡੀਆਂ, ਸਾਬਕਾ ਮੰਤਰੀ ਚੇਤਨ ਸਿੰਘ ਜੋੜਾਮਾਜਰਾ, ਸੰਸਦ ਮੈਂਬਰ ਮੀਤ ਹੇਅਰ, ਵਿਧਾਇਕ ਬਲਜਿੰਦਰ ਕੌਰ, ਮਨਵਿੰਦਰ ਸਿੰਘ ਗਿਆਸਪੁਰਾ, ਡਾ. ਚਰਨਜੀਤ ਸਿੰਘ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਗੁਰਿੰਦਰ ਸਿੰਘ, ਡਾ. ਗੈਰੀ ਵੜਿੰਗ, ਦਵਿੰਦਰ ਜੀਤ ਸਿੰਘ ਲਾਡੀ ਧੌਂਸ, ਬਲਕਾਰ ਸਿੰਘ ਸਿੱਧੂ, ਵਿਜੇ ਸਿੰਗਲਾ, ਗੁਰਪ੍ਰੀਤ ਸਿੰਘ ਬਲਾਵਾਲੀ, ਮਾਸਟਰ ਜਗਸੀਰ ਸਿੰਘ, ਗੁਰਲਾਲ ਘਨੌਰ, ਜਗਦੀਪ ਸਿੰਘ ਬਰਾੜ, ਦਲਵੀਰ ਸਿੰਘ ਟੌਂਗ, ਗੁਰਦੀਪ ਰੰਧਾਵਾ ਅਤੇ ‘ਆਪ’ ਆਗੂ ਸੰਨੀ ਆਹਲੂਵਾਲੀਆ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਡਿਵੀਜ਼ਨ ਇੰਚਾਰਜ, ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਪ੍ਰਧਾਨ ਅਤੇ ਚੋਣ ਨਾਲ ਸਬੰਧਤ ਸਥਾਨਾਂ ਦੇ ਹੋਰ ਸਥਾਨਕ ਪਾਰਟੀ ਅਹੁਦੇਦਾਰ ਵੀ ਮੀਟਿੰਗ ਵਿੱਚ ਹਾਜ਼ਰ ਹੋਣ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਗਰ ਨਿਗਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਪਿਛਲੇ ਤਿੰਨ-ਚਾਰ ਦਿਨਾਂ ਵਿਚ ਸਾਰੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਨਾਲ ਸਬੰਧਤ ਸਥਾਨਕ ਪਾਰਟੀ ਆਗੂਆਂ ਨਾਲ ਸਾਰੇ ਮੁੱਦਿਆਂ 'ਤੇ ਵਿਸਥਾਰਪੂਰਵਕ ਗੱਲਬਾਤ ਕੀਤੀ ਹੈ। ਚੋਣਾਂ ਲਈ ਸਾਡੀ ਰਣਨੀਤੀ ਤਿਆਰ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਲੋਕ ਆਸ ਭਰੀਆਂ ਨਜ਼ਰਾਂ ਨਾਲ ਆਮ ਆਦਮੀ ਪਾਰਟੀ ਵੱਲ ਦੇਖ ਰਹੇ ਹਨ। 'ਆਪ' ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਦੌਰਾਨ ਕੀਤੇ ਕੰਮਾਂ ਤੋਂ ਲੋਕ ਬੇਹੱਦ ਪ੍ਰਭਾਵਿਤ ਹਨ। ਹੁਣ ਸਥਾਨਕ ਸ਼ਾਸਨ ਵਿੱਚ ਵੀ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹਨ।
ਅਮਨ ਅਰੋੜਾ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸ਼ਹਿਰ ਵਾਸੀਆਂ ਵਿੱਚ ਜਿਸ ਤਰ੍ਹਾਂ ਦਾ ਉਤਸ਼ਾਹ ਹੈ, ਉਸ ਨੂੰ ਦੇਖਦਿਆਂ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਆਮ ਆਦਮੀ ਪਾਰਟੀ ਇਸ ਚੋਣ ਵਿੱਚ ਵੱਡੀ ਜਿੱਤ ਦਰਜ ਕਰੇਗੀ।
ਤਰੀਕਾਂ ਦਾ ਐਲਾਨ ਚੋਣ ਕਮਿਸ਼ਨ ਨੇ ਕਰਨਾ ਹੈ, ਅਸੀਂ ਵੀ ਸ਼ਹੀਦੀ ਦਿਵਸ ਸਬੰਧੀ ਚਿੰਤਾ ਪ੍ਰਗਟਾਈ ਹੈ - ਅਰੋੜਾ
ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਵੱਲੋਂ ਸ਼ਹੀਦੀ ਦਿਵਸ ਤੋਂ ਬਾਅਦ ਨਗਰ ਨਿਗਮ ਚੋਣਾਂ ਕਰਵਾਉਣ ਦੀ ਮੰਗ 'ਤੇ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਦੇ ਸੀ.ਈ.ਓ. ਨੂੰ ਵੀ ਸ਼ਹੀਦੀ ਦਿਵਸ ਸਬੰਧੀ ਚਿੰਤਾ ਪ੍ਰਗਟਾਈ ਹੈ। ਸਾਡਾ ਵੀ ਏਹੀ ਇਰਾਦਾ ਹੈ ਕਿ ਸ਼ਹੀਦੀ ਦਿਵਸ ਮੌਕੇ ਚੋਣਾਂ ਨਾ ਕਰਵਾਈਆਂ ਜਾਣ। ਪਰ ਇਹ ਫੈਸਲਾ ਲੈਣਾ ਸਾਡੇ ਹੱਥ ਵਿੱਚ ਨਹੀਂ ਹੈ। ਤਰੀਕਾਂ ਦਾ ਐਲਾਨ ਕਰਨ ਦਾ ਅਧਿਕਾਰ ਚੋਣ ਕਮਿਸ਼ਨ ਕੋਲ ਹੈ। ਉਹ ਤਰੀਕ ਤੈਅ ਕਰੇਗਾ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਸਬੰਧੀ ਹਾਈ ਕੋਰਟ ਦੇ ਕੁਝ ਸਖ਼ਤ ਹੁਕਮ ਹਨ। ਕਮਿਸ਼ਨ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਤਰੀਕ ਤੈਅ ਕਰਨੀ ਹੈ। ਇਸ ਲਈ ਸਾਨੂੰ ਚੋਣ ਕਮਿਸ਼ਨ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ।
(For more news apart from On fourth day, AAP president met with party leaders, reviewed municipal council and panchayats News in Punjabi, stay tuned to Rozana Spokesman)