
Chandigarh News : ਵਿੱਤੀ ਸਾਲ 2023-24 ਦੇ ਮੁਕਾਬਲੇ ਨਵੰਬਰ ਨੈੱਟ ਜੀ.ਐਸ.ਟੀ ’ਚ 10.30 ਪ੍ਰਤੀਸ਼ਤ ਵਾਧਾ
Chandigarh News : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਸੂਬੇ ਨੇ ਨਵੰਬਰ 2023 ਦੇ ਮੁਕਾਬਲੇ ਨਵੰਬਰ 2024 ਦੌਰਾਨ ਨੈੱਟ ਜੀ.ਐੱਸ.ਟੀ. ਪ੍ਰਾਪਤੀ ਵਿੱਚ 62.93 ਫੀਸਦੀ ਦੀ ਪ੍ਰਭਾਵਸ਼ਾਲੀ ਵਾਧਾ ਦਰ ਦਰਜ ਕੀਤੀ ਹੈ। ਇਸ ਤੋਂ ਇਲਾਵਾ ਇਸ ਵਿੱਤੀ ਸਾਲ ਦੌਰਾਨ ਨਵੰਬਰ ਤੱਕ ਕੁੱਲ ਜੀ.ਐੱਸ.ਟੀ. ਪ੍ਰਾਪਤੀ ਵਿੱਚ ਵਿੱਤੀ ਸਾਲ 2023-24 ਦੀ ਇਸੇ ਮਿਆਦ ਦੇ ਮੁਕਾਬਲੇ 10.30 ਪ੍ਰਤੀਸ਼ਤ ਵਾਧਾ ਦਰਜ਼ ਕੀਤਾ ਗਿਆ।
ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਸਾਲ ਨਵੰਬਰ ਵਿੱਚ ਕੁੱਲ ਜੀਐਸਟੀ ਪ੍ਰਾਪਤੀ 2,477.37 ਕਰੋੜ ਰੁਪਏ ਹੈ, ਜੋ ਨਵੰਬਰ 2023 ਵਿੱਚ ਪ੍ਰਾਪਤ ₹1,520.55 ਕਰੋੜ ਦੇ ਮੁਕਾਬਲੇ ₹956.82 ਕਰੋੜ ਦਾ ਵਾਧਾ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿੱਤੀ ਸਾਲ ਵਿੱਚ ਨਵੰਬਰ ਤੱਕ ਕੁੱਲ ਜੀਐਸਟੀ ਕੁਲੈਕਸ਼ਨ 15,392.79 ਕਰੋੜ ਰੁਪਏ ਹੈ, ਜੋ ਕਿ ਵਿੱਤੀ ਸਾਲ 2023-24 ਦੀ ਇਸੇ ਮਿਆਦ ਵਿੱਚ ਪ੍ਰਾਪਤ 13,955.38 ਕਰੋੜ ਰੁਪਏ ਦੇ ਮੁਕਾਬਲੇ 1,437.41 ਕਰੋੜ ਰੁਪਏ ਦੇ ਵਾਧੇ ਨੂੰ ਦਰਸਾਉਂਦਾ ਹੈ।
ਵਿੱਤ ਮੰਤਰੀ ਚੀਮਾ ਨੇ ਅੱਗੇ ਦੱਸਿਆ ਕਿ ਇਸ ਸਾਲ ਨਵੰਬਰ ਵਿੱਚ ਵੈਟ, ਸੀਐਸਟੀ, ਜੀਐਸਟੀ, ਪੀਐਸਡੀਟੀ, ਅਤੇ ਆਬਕਾਰੀ ਤੋਂ ਕੁੱਲ ਕੁਲੈਕਸ਼ਨ 4,004.96 ਕਰੋੜ ਰੁਪਏ ਹੈ, ਜਦੋਂ ਕਿ ਨਵੰਬਰ 2023 ਵਿੱਚ ਇਹ 3,026.86 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਇਸ ਵਿੱਤ ਵਰ੍ਹੇ ਦੌਰਾਨ ਨਵੰਬਰ ਤੱਕ ਇਨ੍ਹਾਂ ਕਰਾਂ ਤੋਂ ਕੁੱਲ ₹27,481.57 ਕਰੋੜ ਰੁਪਏ ਪ੍ਰਾਪਤ ਹੋਏ ਹਨ ਜਦੋਂ ਕਿ ਵਿੱਤੀ ਸਾਲ 2023-24 ਦੇ ਇਸੇ ਅਰਸੇ ਦੌਰਾਨ 24,972.48 ਕਰੋੜ ਰੁਪਏ ਪ੍ਰਾਪਤ ਹੋਏ ਸਨ। ਇਸ ਤਰ੍ਹਾਂ ਇੰਨ੍ਹਾ ਕਰਾਂ ਤੋਂ ਪ੍ਰਾਪਤ ਮਾਲੀਏ ਵਿੱਚ ਕੁੱਲ 2,509.09 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ ਵੀ ਨਵੰਬਰ 2024 ਵਿੱਚ 6.42 ਪ੍ਰਤੀਸ਼ਤ ਵਾਧੇ ਅਤੇ ਨਵੰਬਰ ਮਹੀਨੇ ਤੱਕ 13.17 ਪ੍ਰਤੀਸ਼ਤ ਦੇ ਪ੍ਰਭਾਵਸ਼ਾਲੀ ਵਾਧੇ ਦਾ ਜਿਕਰ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਵੰਬਰ 2023 ਦੇ ₹747.37 ਕਰੋੜ ਦੇ ਮੁਕਾਬਲੇ ਇਸ ਸਾਲ ਨਵੰਬਰ ਲਈ ਕੁੱਲ ਆਬਕਾਰੀ ਪ੍ਰਾਪਤੀ 795.37 ਕਰੋੜ ਹੈ। ਉਨ੍ਹਾਂ ਕਿਹਾ ਕਿ ਇਸ ਵਿੱਤ ਵਰ੍ਹੇ ਦੌਰਾਨ ਨਵੰਬਰ ਤੱਕ ਕੁੱਲ ਆਬਕਾਰੀ ਮਾਲੀਆ ₹6,733.47 ਕਰੋੜ ਰਿਹਾ ਹੈ ਜਦੋਂ ਕਿ ਵਿੱਤੀ ਸਾਲ 2023-24 ਦੀ ਇਸੇ ਮਿਆਦ ਦੌਰਾਨ ਇਹ 5,949.84 ਕਰੋੜ ਰੁਪਏ ਸੀ, ਇਸ ਤਰ੍ਹਾਂ ਸੂਬੇ ਨੇ ਇਸ ਵਿੱਤੀ ਸਾਲ ਆਬਕਾਰ ਤੋਂ 783.63 ਕਰੋੜ ਰੁਪਏ ਹੋਰ ਕਮਾਏ ਹਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੀਐਸਟੀ ਅਤੇ ਆਬਕਾਰੀ ਵਸੂਲੀ ਵਿੱਚ ਵਾਧੇ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਰ ਪਾਲਣਾ ਅਤੇ ਲਾਗੂ ਕਰਨ ਵਿੱਚ ਸੁਧਾਰ ਕਰਨ ਦੇ ਯਤਨਾਂ ਦੇ ਸਿਰ ਬੰਨ੍ਹਿਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਰਾਜ ਆਉਣ ਵਾਲੇ ਮਹੀਨਿਆਂ ਵਿੱਚ ਕਰ ਵਸੂਲੀ ਵਿੱਚ ਮਹੱਤਵਪੂਰਨ ਵਾਧੇ ਦੀ ਗਵਾਹੀ ਭਰਨਾ ਜਾਰੀ ਰੱਖੇਗਾ।
(For more news apart from Punjab recorded 62.93 percent increase in net GST in November : Harpal Cheema News in Punjabi, stay tuned to Rozana Spokesman)