
ਹਾਈ ਕੋਰਟ ਨੇ ਕਿਹਾ ਕਿ ਵਰਦੀ ਵਾਲੇ ਵਿਅਕਤੀ ਤੋਂ ਅਨੁਸ਼ਾਸਨ ਬਣਾਏ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਉਸ ਦੀ ਡਿਊਟੀ ਤੋਂ ਗੈਰਹਾਜ਼ਰੀ ਸਭ ਤੋਂ ਗੰਭੀਰ ਦੁਰਵਿਹਾਰ ਹੈ।
Punjab News: ਚੰਡੀਗੜ੍ਹ - ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਨੂੰ ਡਿਊਟੀ ਤੋਂ ਗੈਰਹਾਜ਼ਰ ਹੋਣ ਕਾਰਨ ਬਰਖ਼ਾਸਤ ਕਰਨ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਵਰਦੀ ਵਾਲੇ ਵਿਅਕਤੀ ਤੋਂ ਅਨੁਸ਼ਾਸਨ ਬਣਾਏ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਉਸ ਦੀ ਡਿਊਟੀ ਤੋਂ ਗੈਰਹਾਜ਼ਰੀ ਸਭ ਤੋਂ ਗੰਭੀਰ ਦੁਰਵਿਹਾਰ ਹੈ।
ਪਟੀਸ਼ਨ ਦਾਇਰ ਕਰਦਿਆਂ ਨਵਾਂਸ਼ਹਿਰ ਵਾਸੀ ਬਲਵਿੰਦਰ ਸਿੰਘ ਨੇ ਹਾਈਕੋਰਟ ਨੂੰ ਦੱਸਿਆ ਕਿ ਉਹ 1993 ਵਿਚ ਪੰਜਾਬ ਪੁਲਿਸ ਵਿਚ ਨਿਯੁਕਤ ਹੋਇਆ ਸੀ। ਉਸ ਨੇ 16 ਮਾਰਚ 2008 ਤੋਂ 14 ਅਪ੍ਰੈਲ 2008 ਦਰਮਿਆਨ ਵਿਦੇਸ਼ ਜਾਣ ਲਈ ਛੁੱਟੀ ਲੈ ਲਈ ਸੀ। ਇਸ ਤੋਂ ਬਾਅਦ ਵਿਦੇਸ਼ ਪਹੁੰਚਣ 'ਤੇ ਉਸ ਨੇ ਛੁੱਟੀ ਵਧਾਉਣ ਲਈ ਅਰਜ਼ੀ ਦਿੱਤੀ ਸੀ।
ਜਦੋਂ ਉਹ ਭਾਰਤ ਪਰਤਿਆ ਤਾਂ ਉਸ ਨੂੰ ਪਤਾ ਲੱਗਾ ਕਿ 29 ਦਸੰਬਰ 2008 ਨੂੰ ਉਸ ਨੂੰ 259 ਦਿਨ ਬਿਨਾਂ ਇਜਾਜ਼ਤ ਗੈਰ-ਹਾਜ਼ਰ ਰਹਿਣ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਇਸ ਫ਼ੈਸਲੇ ਵਿਰੁੱਧ ਵਿਭਾਗੀ ਅਪੀਲ ਦਾਇਰ ਕੀਤੀ ਸੀ ਜੋ ਰੱਦ ਕਰ ਦਿੱਤੀ ਗਈ ਸੀ। ਵਿਭਾਗ ਵੱਲੋਂ ਪਟੀਸ਼ਨਰ ਦੀ ਰਹਿਮ ਦੀ ਅਪੀਲ ਵੀ ਰੱਦ ਕਰ ਦਿੱਤੀ ਗਈ ਸੀ।
ਇਸ ਤੋਂ ਬਾਅਦ ਉਸ ਦੀ ਪਟੀਸ਼ਨ ਸਿੰਗਲ ਬੈਂਚ ਕੋਲ ਪਹੁੰਚੀ ਅਤੇ ਸਿੰਗਲ ਬੈਂਚ ਨੇ ਵੀ ਇਸ ਨੂੰ ਰੱਦ ਕਰ ਦਿੱਤਾ। ਪਟੀਸ਼ਨਰ ਨੇ ਡਿਵੀਜ਼ਨ ਬੈਂਚ ਨੂੰ ਉਸ ਦੀ ਬਰਖ਼ਾਸਤਗੀ ਦੇ ਹੁਕਮਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਕਿਉਂਕਿ ਉਸ ਦੀ ਗੈਰ-ਹਾਜ਼ਰੀ ਕਾਰਨ ਉਸ ਨੂੰ ਅਜਿਹੀ ਸਖ਼ਤ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਹਾਈ ਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਵਰਦੀ ਵਾਲੇ ਵਿਅਕਤੀ ਤੋਂ ਅਨੁਸ਼ਾਸਨ ਦੀ ਉਮੀਦ ਕੀਤੀ ਜਾਂਦੀ ਹੈ
ਅਤੇ ਬਿਨਾਂ ਇਜਾਜ਼ਤ ਉਸ ਦੀ ਗੈਰ-ਹਾਜ਼ਰੀ ਗੰਭੀਰ ਦੁਰਵਿਹਾਰ ਦੀ ਸ਼੍ਰੇਣੀ ਵਿਚ ਆਉਂਦੀ ਹੈ। ਪਟੀਸ਼ਨਕਰਤਾ ਨੂੰ ਖਾਰਜ ਕਰਨ ਦੇ ਫੈਸਲੇ ਵਿੱਚ ਕੋਈ ਖਾਮੀ ਨਹੀਂ ਹੈ ਅਤੇ ਅਜਿਹੀ ਸਥਿਤੀ ਵਿੱਚ ਪਟੀਸ਼ਨਕਰਤਾ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਇਨ੍ਹਾਂ ਟਿੱਪਣੀਆਂ ਨਾਲ ਹਾਈ ਕੋਰਟ ਨੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
(For more Punjabi news apart from Absence of police officer from duty constitutes serious misconduct, not entitled to relief: HC, stay tuned to Rozana Spokesman)