
Cyber Crime: ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
Cyber Crime in chandigarh: ਦਿਨੋਂ ਦਿਨ ਸਾਈਬਰ ਕ੍ਰਾਈਮ ਦੇ ਮਾਮਲੇ ਵਧਦੇ ਜਾ ਰਹੇ ਹਨ । ਇਸੇ ਤਰ੍ਹਾਂ ਦਾ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ। ਇੱਥੇ ਰਹਿੰਦੇ ਭਾਰਤੀ ਫੌਜ ਵਿੱਚੋਂ ਸੇਵਾਮੁਕਤ ਕਰਨਲ ਤੇ ਉਸ ਦੀ ਪਤਨੀ ਨੂੰ 10 ਦਿਨ ਡਿਜੀਟਲ ਅਰੈਸਟ ਕਰਕੇ ਉਨ੍ਹਾਂ ਨਾਲ 3.4 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਦੇ ਸਾਈਬਰ ਸੈੱਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਕਰਨਲ ਦਿਲੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ 18 ਮਾਰਚ ਨੂੰ ਇਕ ਅਣਜਾਣ ਨੰਬਰ ਤੋਂ ਵਟਸਐੱਪ ਫੋਨ ਆਇਆ। ਫੋਨ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਕਰਮਚਾਰੀ ਦਸ ਕੇ 5,038 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਕਰਨ ਦਾ ਦਾਅਵਾ ਕੀਤਾ। ਫੋਨ ਕਰਨ ਵਾਲੇ ਨੇ ਕਰਨਲ ’ਤੇ ਮੁੰਬਈ ਦੇ ਕੇਨਰਾ ਬੈਂਕ ਦੇ ਇਕ ਖਾਤੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਕੇਸ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ, ਜਿਸ ਦੇ ਤਾਰ 5,038 ਕਰੋੜ ਰੁਪਏ ਦੇ ਘੁਟਾਲੇ ਨਾਲ ਜੁੜਦੇ ਹਨ।
ਇਸ ਦੌਰਾਨ ਉਕਤ ਵਿਅਕਤੀ ਨੇ ਕਰਨਲ ਤੇ ਉਸ ਦੀ ਪਤਨੀ ਨੂੰ ਆਪਣੇ ਘਰ ਵਿੱਚ ਕੈਦ ਰਹਿਣ ਤੇ ਹਰ ਸਮੇਂ ਆਪਣੇ ਫੋਨ ਚਾਲੂ ਰੱਖਣ ਦੀ ਹਦਾਇਤ ਕੀਤੀ। ਇਸ ਤਰ੍ਹਾਂ ਮੁਲਜ਼ਮਾਂ ਨੇ ਦੋਵਾਂ ਨੂੰ 18 ਤੋਂ 27 ਮਾਰਚ ਤੱਕ 10 ਦਿਨਾਂ ਤੱਕ ਡਿਜੀਟਲ ਅਰੈਸਟ ਰੱਖਿਆ। ਇਸ ਦੌਰਾਨ ਧੋਖੇਬਾਜ਼ਾਂ ਨੇ ਉਨ੍ਹਾਂ ਦੇ ਬੈਂਕ ਖਾਤੇ ’ਚ ਪਏ 3.4 ਕਰੋੜ ਰੁਪਏ ਵੀ ਕਢਵਾ ਲਏ। ਇਸ ਬਾਰੇ ਕਰਨਲ ਦਿਲੀਪ ਸਿੰਘ ਨੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਅਤੇ ਚੰਡੀਗੜ੍ਹ ਪੁਲੀਸ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਦੋ ਪੁੱਤ ਪਹਿਲਾਂ ਗਵਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਆਪਣੇ ਗੁਜ਼ਾਰੇ ਲਈ ਪੈਸੇ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਚੰਡੀਗੜ੍ਹ ਪੁਲੀਸ ਉਨ੍ਹਾਂ ਦੇ ਰੁਪਏ ਵਾਪਸ ਦਿਵਾਏ।
(For more news apart from Cyber Crime Latest News, stay tuned to Rozana Spokesman)