
ਲੜਾਈ ਤਾਂ ਹਟ ਜਾਂਦੀ ਹੈ ਪਰ ਸਰਹੱਦ ਨੇੜੇ ਵਿਛਾਈਆਂ ਬਾਰੂਦੀ ਸੁਰੰਗਾਂ ਕਈ ਸਾਲ ਕਰਦੀਆਂ ਨੇ ਲੋਕਾਂ ਦਾ ਨੁਕਸਾਨ : ਐਡ. ਅਮਰਜੀਤ ਸਿੰਘ
22 ਅਪ੍ਰੈਲ 2025 ਨੂੰ ਪਹਿਲਗਾਮ ਵਿਚ ਅੱਤਵਾਦੀਆਂ ਨੇ ਬੇਕਸੂਰ ਲੋਕਾਂ ’ਤੇ ਹਮਲਾ ਕਰ ਦਿਤਾ ਸੀ ਜਿਸ ਵਿਚ 26 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖ਼ਮੀ ਵੀ ਹੋਏ ਸਨ। ਹੁਣ ਭਾਰਤ ਦੇ ਲੋਕ ਇਨਸਾਫ਼ ਮੰਗ ਰਹੇ ਹਨ ਤੇ ਅੱਤਵਾਦੀਆਂ ਅਤੇ ਅੱਤਵਾਦ ’ਤੇ ਵੱਡੀ ਕਾਰਵਾਈ ਮੰਗ ਕਰ ਰਹੇ ਹਨ। ਦੂਜੇ ਪਾਸੇ ਪਾਕਿਸਤਾਨ ਨੇ ਵੀ ਸਿਮਲਾ ਸਮਝੌਤਾ ਰੱਦ ਕਰ ਦਿਤਾ ਹੈ ਤੇ ਭਾਰਤ ਵਿਰੁਧ ਤਿੱਖੇ ਬਿਆਨ ਦਿਤੇ ਜਾ ਰਹੇ ਹਨ। ਹੁਣ ਭਾਰਤ ਤੇ ਪਾਕਿਸਤਾਨ ਵਿਚਕਾਰ ਲੜਾਈ ਲੱਗਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਸ ਤੋਂ ਪਹਿਲਾਂ 1965, 1971 ਤੇ ਕਾਰਗਿਲ ਆਦਿ ਵਿਚ ਪਾਕਿਸਤਾਨ ਨਾਲ ਭਾਰਤ ਦਾ ਯੁੱਧ ਹੋਇਆ ਹੈ ਜਿਸ ਦੌਰਾਨ ਸਭ ਤੋਂ ਜ਼ਿਆਦਾ ਪੰਜਾਬ ਦਾ ਹੀ ਨੁਕਸਾਨ ਹੋਇਆ ਹੈ। ਜੇ ਭਾਰਤ ਤੇ ਪਾਕਿਸਤਾਨ ਵਿਚਕਾਰ ਲੜਾਈ ਲਗਦੀ ਹੈ ਤਾਂ ਇਸ ਦਾ ਸਾਡੇ ਦੇਸ਼ ਜਾਂ ਫਿਰ ਪੰਜਾਬ ’ਤੇ ਕੀ ਅਸਰ ਪਵੇਗਾ। ਇਸ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਡ. ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਜਿਨ੍ਹਾਂ ਦਾ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਨੇੜੇ ਪਿੰਡ ਬਾਜੇਕੇ ਹੈ। ਜਿਨ੍ਹਾਂ ਨੇ 15-16 ਸਾਲ ਦੀ ਉਮਰ ਮੌਕੇ ਕਾਰਗਿਲ ਦੀ ਲੜਾਈ ਦਾ ਮਾਹੌਲ ਦੇਖਿਆ ਹੈ।
ਐਡ. ਅਮਰਜੀਤ ਸਿੰਘ ਨੇ ਕਿਹਾ ਕਿ ਜਦੋਂ ਕਾਰਗਿਲ ਦੀ ਲੜਾਈ ਹੋਈ ਸੀ ਤਾਂ ਪਿੰਡ ’ਚ ਜ਼ਿਆਦਾ ਡਰ ਦਾ ਮਾਹੌਲ ਨਹੀਂ ਸੀ ਪਰ ਜਦੋਂ ਲੜਾਈ ਲਗਦੀ ਹੈ ਤਾਂ ਸਾਡੇ ’ਤੇ ਇਕ ਤਾਂ ਆਰਥਿਕ, ਦੂਜਾ ਸਮਾਜਿਕ ਤੌਰ ’ਤੇ ਅਸਰ ਪੈਂਦਾ ਹੈ। ਮੇਰਾ ਪਿੰਡ ਗੁਰੂਹਰਸਹਾਏ ਤੇ ਫ਼ਾਜ਼ਿਲਕਾ ਦੇ ਨਾਲ ਲਗਦਾ ਹੈ। ਜਦੋਂ ਕਾਰਗਿਲ ਦੀ ਲੜਾਈ ਹੋਈ ਸੀ ਤਾਂ ਮੈਂ 10ਵੀਂ ਪਾਸ ਕੀਤੀ ਸੀ। ਉਸ ਸਮੇਂ ਵੀ ਇਸ ਤਰ੍ਹਾਂ ਹੀ ਗੱਲਾਂ ਚੱਲ ਰਹੀਆਂ ਸਨ ਕਿ ਭਾਰਤ ਪਾਕਿਸਤਾਨ ਤੋਂ ਹਿਸਾਬ ਲਵੇਗਾ। ਉਸ ਸਮੇਂ ਵੀ ਭਾਜਪਾ ਦੀ ਹੀ ਸਰਕਾਰ ਸੀ ਤੇ ਵਾਜਪਾਈ ਨੇ ਕਿਹਾ ਸੀ ਕਿ ਆਰ ਪਾਰ ਦੀ ਜੰਗ ਹੋਵੇਗੀ।
ਕਾਰਗਿਲ ਦੀ ਲੜਾਈ ਤਾਂ ਖ਼ਤਮ ਵੀ ਹੋ ਗਈ ਸੀ, ਪਰ ਜਿਹੜੀਆਂ ਉਸ ਏਰੀਏ ਵਿਚ ਬਾਰੂਦੀ ਸੁਰੰਗਾਂ ਵਿਛਾਈਆਂ ਗਈਆਂ ਸਨ ਉਹ ਅਗਲੇ 5 ਸਾਲ ਤਕ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਕਰਦੀਆਂ ਰਹੀਆਂ। ਜ਼ਮੀਨਾਂ ’ਚ ਸੁਰੰਗਾਂ ਹੋਣ ਕਰ ਕੇ ਬਾਰਡਰ ਨੇੜੇ ਦੇ ਪਿੰਡਾਂ ਦੇ ਕਾਫ਼ੀ ਲੋਕ ਤਾਂ ਆਪਣੀਆਂ ਜ਼ਮੀਨਾਂ ਤੇ ਘਰ ਛੱਡ ਕੇ ਵੀ ਚਲੇ ਗਏ ਸਨ। ਜਿਸ ਨਾਲ ਖੇਤੀ ਬਾੜੀ ਕਰਨ ਵਾਲੇ ਲੋਕ ਦਿਹਾੜੀ ’ਤੇ ਆ ਗਏ। ਜਿਸ ਨਾਲ ਲੋਕ ਕਰਜ਼ਾਈ ਹੋ ਗਏ। ਉਸ ਸਮੇਂ ਬਾਰਡਰ ਨਾਲ ਲਗਦੇ ਇਲਾਕਿਆਂ ਨੇ ਆਰਥਿਕ, ਸਮਾਜਿਕ ਤੇ ਜਾਨੀ ਨੁਕਸਾਨ ਝੱਲਿਆ ਸੀ।
ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦਾ ਇਲਜ਼ਾਮ ਪਾਕਿਸਤਾਨ ’ਤੇ ਝੂਠਾ ਨਹੀਂ ਲੱਗ ਰਿਹਾ। ਅੱਤਵਾਦੀ ਪਾਕਿਸਤਾਨ ਦੀ ਆਪ ਦੀ ਬੀਜੀ ਹੋਈ ਫ਼ਸਲ ਹੈ ਜੋ ਉਸ ਤੋਂ ਕੱਟੀ ਨਹੀਂ ਜਾ ਰਹੀ। ਦੂਜੇ ਪਾਸੇ ਭਾਰਤ ਦਾ ਵੀ ਇਹੀ ਹਾਲ ਹੈ ਕਸ਼ਮੀਰ ਨਾਲ ਵਾਅਦੇ ਕੀਤੇ ਗਏ ਪਰ ਕਦੇ ਪੂਰੇ ਨਹੀਂ ਕੀਤੇ ਗਏ। ਜਿਸ ਨਾਲ ਉਥੇ ਅੱਤਵਾਦ ਪੈਦਾ ਹੋਣ ਲੱਗਿਆ। ਕਸ਼ਮੀਰ ਨੇ ਲੋਕਾਂ ਨੂੰ ਕਦੇ ਪਿਆਰ ਨਾਲ ਭਾਰਤ ਦਾ ਹਿੱਸਾ ਬਣਨ ਲਈ ਪ੍ਰੇਰਿਆ ਹੀ ਨਹੀਂ ਗਿਆ। 1990 ਤੋਂ 2006 ਤਕ ਕਸ਼ਮੀਰ ’ਚ ਬਹੁਤ ਮਾੜੀ ਹਲਾਤ ਬਣੀ ਰਹੀ।
ਭਾਰਤ ਤੇ ਪਾਕਿਸਤਾਨ ਦੀ ਲੜਾਈ ਦਾ ਫ਼ਾਇਦਾ ਅਮਰੀਕਾ, ਰੂਸ ਤੇ ਫਰਾਸ ਵਰਗੇ ਦੇਸ਼ ਭਾਰਤ ਨੂੰ ਆਪਣੇ ਵਲੋਂ ਤਿਆਰ ਕੀਤੇ ਜਹਾਜ਼ ਵੇਚ ਕੇ ਉਠਾਉਣਾ ਚਾਹੁੰਦੇ ਹਨ। ਅੱਜ ਦੇ ਸਮੇਂ ਵਿਚ ਜੇ ਪਾਕਿਸਤਾਨ ਨਾਲ ਸਾਡੀ ਜੰਗ ਲਗਦੀ ਹੈ ਤਾਂ ਪਾਕਿਸਤਾਨ ਕਹਿੰਦਾ ਹੈ ਮੈਂ ਪਰਮਾਣੂ ਹਮਲਾ ਕਰਾਂਗਾ। ਪਰਮਾਣੂ ਹਥਿਆਰ ਚਲਾਉਣ ਦੀ ਡੈਡਲਾਈਨ ’ਤੇ ਪਾਕਿਸਤਾਨ ਨੇ ਦਸਤਖ਼ਤ ਨਹੀਂ ਕੀਤੇ ਹੋਏ, ਭਾਰਤ ਨੇ ਦਸਤਖ਼ਤ ਕੀਤੇ ਹੋਏ ਹਨ, ਜਿਸ ਕਰ ਕੇ ਅਸੀਂ ਪਰਮਾਣੂ ਹਮਲੇ ਦੀ ਪਹਿਲ ਨਹੀਂ ਕਰਾਂਗੇ। ਪਰ ਜੇ ਕੋਈ ਪਹਿਲਾਂ ਸਾਡੇ ’ਤੇ ਪਰਮਾਣੂ ਹਮਲਾ ਕਰਦਾ ਹੈ ਤਾਂ ਫਿਰ ਅਸੀਂ ਜਵਾਬ ਵਿਚ ਪਰਮਾਣੂ ਹਮਲਾ ਕਰਾਂਗੇ।
ਜੰਗ ਦਾ ਨੁਕਸਾਨ ਉਨ੍ਹਾਂ ਦੇਸ਼ਾਂ ਤੋਂ ਪੁੱਛੋ ਜਿਨ੍ਹਾਂ ਨੇ ਜੰਗ ਦੀ ਮਾਰ ਝੱਲੀ ਹੈ ਜਾਂ ਫਿਰ ਝੱਲ ਰਹੇ ਹਨ। ਆਮ ਲੋਕ ਕਦੇ ਵੀ ਜੰਗ ਨਹੀਂ ਚਾਹੁੰਦੇ, ਪਰ ਮੀਡੀਆ ’ਤੇ ਜਿਹੜੀ ਜੰਗ ਦੀ ਹਨੇ੍ਹਰੀ ਚਲਾਈ ਜਾ ਰਹੀ ਹੈ ਇਹ ਲੋਕਾਂ ਦੀ ਸਹਿਮਤੀ ਲੈਣ ਲਈ ਕੀਤਾ ਜਾ ਰਿਹਾ ਹੈ। ਹੁਣ ਪਹਿਲਗਾਮ ਵਿਚ ਹੋਏ ਹਮਲੇ ਤੋਂ ਬਾਅਦ ਉਥੋਂ ਦੇ ਲੋਕ ਬੇਰੁਜ਼ਗਾਰ ਹੋ ਗਏ ਹਨ, ਉਹ ਆਰਥਿਕ ਤੌਰ ’ਤੇ ਵੀ ਤੰਗੀ ਕੱਟ ਰਹੇ ਹਨ ਤੇ ਬੇਰੁਜ਼ਗਾਰੀ ਵੀ ਵੱਧ ਗਈ ਹੈ।