
ਚੰਡੀਗੜ੍ਹ ਨਗਰ ਨਿਗਮ ਦਾ ਹੜਤਾਲੀ ਕਰਮਚਾਰੀਆਂ ਲਈ ਹੁਕਮ
Chandigarh News: ਹੜਤਾਲ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਕਮਿਸ਼ਨਰ ਨਗਰ ਨਿਗਮ ਨੇ ਹੜਤਾਲ ’ਤੇ ਰਹਿਣ ਵਾਲੇ ਕਰਮਚਾਰੀਆਂ ਵਿਰੁਧ ‘ਜੇ ਕੰਮ ਨਹੀਂ ਤਾਂ ਤਨਖਾਹ ਨਹੀਂ’ ਸਿਧਾਂਤ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਦੂਜੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਕਰਨ ਵਿੱਚ ਰੁਕਾਵਟ ਪਾਉਣ ਵਾਲੇ ਪਾਏ ਜਾਣ ਵਾਲਿਆਂ ਵਿਰੁੱਧ ਵੀ ਐਫਆਈਆਰ ਦਰਜ ਕੀਤੀ ਜਾਵੇਗੀ। ਹਾਲ ਹੀ ਵਿੱਚ 30/31 ਦਸੰਬਰ ਨੂੰ ਡੋਰ ਟੂ ਡੋਰ ਕੂੜਾ ਇਕੱਠਾ ਕਰਨ ਵਾਲਿਆਂ ਦੁਆਰਾ ਹੜਤਾਲ ਕੀਤੀ ਗਈ ਸੀ।
ਇਸ ਤੋ ਇਲਾਵਾ ਇਹ ਵੀ ਸਾਹਮਣੇ ਆਇਆ ਕਿ ਹੜਤਾਲ ਦੌਰਾਨ ਉਹ ਨਾ ਸਿਰਫ਼ ਕੰਮ ’ਤੇ ਆਏ, ਸਗੋਂ ਐਮਆਰਐਫ ਕੇਂਦਰਾਂ ਦੇ ਗੇਟ ਵੀ ਬੰਦ ਕਰ ਦਿੱਤੇ, ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਅਤੇ ਹੋਰ ਕਰਮਚਾਰੀਆਂ ਨੂੰ ਆਪਣੀ ਡਿਊਟੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਜਿਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ ਨੇ ਸਖਤ ਰੁੱਖ ਅਪਣਾਉਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਹੁਕਮਾਂ ਮੁਤਾਬਿਕ ਜੇਕਰ ਕੋਈ ਕਰਮਚਾਰੀ ਹੜਤਾਲ ’ਤੇ ਜਾਂਦਾ ਹੈ ਤਾਂ ਉਸ ਸਮੇਂ ਲਈ ਉਸਦੀ ਤਨਖਾਹ/ ਉਜਰਤਾਂ ਕੱਟੀਆਂ ਜਾਣਗੀਆਂ।
ਜੇਕਰ ਹੜਤਾਲ ਕਰਨ ਵਾਲੇ ਕਰਮਚਾਰੀ ਦੂਜੇ ਕਰਮਚਾਰੀਆਂ ਲਈ ਕਿਸੇ ਵੀ ਕਿਸਮ ਦੀ ਵਿਘਨ ਅਤੇ ਰੁਕਾਵਟ ਪੈਦਾ ਕਰਦੇ ਹਨ, ਤਾਂ ਹੜਤਾਲ ਦੇ ਦਿਨਾਂ ਦੀ ਤਨਖਾਹ ਵਿੱਚ ਕਟੌਤੀ ਤੋਂ ਇਲਾਵਾ, ਜ਼ਿੰਮੇਵਾਰ ਪਾਏ ਗਏ ਕਰਮਚਾਰੀਆਂ ਵਿਰੁੱਧ ਐਫਆਈਆਰ ਵੀ ਦਰਜ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੜਤਾਲ ਦੌਰਾਨ ਜੇਕਰ ਕਾਰਪੋਰੇਸ਼ਨ ਦੀ ਜਾਇਦਾਦ ਨੂੰ ਕੋਈ ਨੁਕਸਾਨ ਪਹੁੰਚਿਆ ਹੈ ਤਾਂ ਦਸਤਾਵੇਜ਼ੀ/ ਵੀਡੀਓ ਸਬੂਤ ਦੇ ਅਧੀਨ ਐਫਆਈਆਰ ਦਰਜ ਕਰਨ ਦੇ ਨਾਲ-ਨਾਲ ਇੱਕ ਮਹੀਨੇ ਦੀ ਤਨਖਾਹ ਵੀ ਕੱਟੀ ਜਾਵੇਗੀ।