
ਜੇ ਪੰਛੀ, ਜਾਨਵਰ ਤੇ ਦਰੱਖ਼ਤ ਨਾ ਰਹੇ ਤਾਂ ਮਰ ਜਾਵੇਗਾ ਮਨੁੱਖ : ਮਨੀਸ਼ ਕਪੂਰ
ਸਾਡੀ ਜ਼ਿੰਦਗੀ ’ਚ ਦਰੱਖ਼ਤ, ਜੰਗਲ ਤੇ ਪਾਣੀ ਬਹੁਤ ਮਹੱਤਵ ਰੱਖਦੇ ਹਨ। ਦਸ ਦਈਏ ਕਿ ਹੈਦਰਾਬਾਦ ਵਿਚ 400 ਏਕੜ ਵਿਚ ਫੈਲੇ ਕਾਂਚਾ ਗਾਜ਼ੀਬੋਵਲੀ ਜੰਗਲ ਦੀ ਕਟਾਈ ਕੀਤੀ ਜਾ ਰਹੀ ਸੀ। ਜਿਸ ਕਰ ਕੇ ਜੰਗਲ ਵਿਚ ਰਹਿ ਰਹੇ ਜਾਨਵਰ ਤੇ ਪੰਛੀ ਚੀਕ ਰਹੇ ਹਨ, ਰੋ ਰਹੇ ਹਨ ਜਿਵੇਂ ਉਨ੍ਹਾਂ ਦਾ ਘਰ ਢਾਹਿਆ ਜਾ ਰਿਹਾ ਹੋਵੇ। ਸਾਡੇ ਜੀਵਨ ਨਾਲ ਦਰੱਖ਼ਤ, ਪੰਛੀ ਆਦਿ ਜੁੜੇ ਹੋਏ ਹਨ, ਜੇ ਇਹ ਖ਼ਤਮ ਹੋ ਗਏ ਤਾਂ ਮਨੁੱਖ ਖ਼ਤਮ ਹੋ ਜਾਵੇਗਾ, ਪਰ ਜੇ ਮਨੁੱਖ ਖ਼ਤਮ ਹੋ ਗਿਆ ਤਾਂ ਇਹ ਵੱਧ ਫੁਲ ਜਾਣਗੇ।
ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਹੈਦਰਾਬਾਦ ਵਿਚ 400 ਏਕੜ ਵਿਚ ਫੈਲੇ ਕਾਂਚਾ ਗਾਜ਼ੀਬੋਵਲੀ ਜੰਗਲ ਦੀ ਕਟਾਈ ’ਤੇ ਪਾਬੰਦੀ ਲਗਾ ਦਿਤੀ ਹੈ। ਤੇਲੰਗਾਨਾ ਸਰਕਾਰ ਹੈਦਰਾਬਾਦ ਵਿੱਚ 400 ਏਕੜ ਦੇ ਕਾਂਚਾ ਗਾਜ਼ੀਬੋਵਲੀ ਜੰਗਲ ਨੂੰ ਕੱਟ ਕੇ ਇਕ ਆਈਟੀ ਪਾਰਕ ਬਣਾਉਣਾ ਚਾਹੁੰਦੀ ਹੈ। ਇਸ ਜੰਗਲ ਨੂੰ ਹੈਦਰਾਬਾਦ ਦਾ ਫ਼ੇਫ਼ੜਾ ਵੀ ਕਿਹਾ ਜਾਂਦਾ ਹੈ। ਉੱਥੋਂ ਦੇ ਲੋਕ ਇਸ ਹਰੇ ਭਰੇ ਜੰਗਲ ਨੂੰ ਕੱਟਣ ਦਾ ਵਿਰੋਧ ਕਰ ਰਹੇ ਹਨ। ਪਰ ਇਹ ਪ੍ਰਦਰਸ਼ਨਕਾਰੀਆਂ ਲਈ ਇਕ ਤੁਰਤ ਜਿੱਤ ਹੈ। ਇਸ ਮਾਮਲੇ ਵਿਚ ਅਜੇ ਹੋਰ ਸੁਣਵਾਈ ਹੋਣੀ ਬਾਕੀ ਹੈ। ਹਾਲਾਂਕਿ, ਇਸ ਸਭ ਦੇ ਵਿਚਕਾਰ, ਰੁੱਖਾਂ ਨੂੰ ਬਚਾਉਣ ਦੀ ਮੁਹਿੰਮ ਵਿਚ ਇੱਕ ਹੋਰ ਲਹਿਰ ਜੁੜ ਗਈ ਹੈ।
ਜਦੋਂ ਵੀ ਜੰਗਲ ਨੂੰ ਕੱਟਣ ਦੀ ਕੋਸ਼ਿਸ਼ ਹੁੰਦੀ ਸੀ, ਉਸ ਨੂੰ ਬਚਾਉਣ ਲਈ ਹਰਕਤਾਂ ਹੁੰਦੀਆਂ ਸਨ। 1973 ਦੇ ਉਤਰਾਖੰਡ ਦੇ ਚਿਪਕੋ ਅੰਦੋਲਨ ਤੋਂ ਲੈ ਕੇ ਹੈਦਰਾਬਾਦ ਦੇ ਕਾਂਚਾ ਗਾਜ਼ੀਬੋਵਲੀ ਜੰਗਲ ਨੂੰ ਬਚਾਉਣ ਤੱਕ, ਵਿਦਿਆਰਥੀ, ਸਥਾਨਕ ਲੋਕ ਅਤੇ ਵਾਤਾਵਰਣ ਪ੍ਰੇਮੀ ਸੜਕਾਂ ’ਤੇ ਉਤਰ ਆਏ ਹਨ। ਭਾਰੀ ਵਿਰੋਧ ਤੋਂ ਬਾਅਦ ਮਾਮਲਾ ਅਦਾਲਤ ਤਕ ਪਹੁੰਚਿਆ। ਹੁਣ ਇਸ ਜੰਗਲ ਨੂੰ ਕੱਟਣ ’ਤੇ ਪਾਬੰਦੀ ਹੈ। ਪਰ ਇਹ ਵੀ ਚਰਚਾ ਕਰਨਾ ਜ਼ਰੂਰੀ ਹੈ ਕਿ ਵਿਕਾਸ ਦੇ ਨਾਮ ’ਤੇ ਹਰੇ ਜੰਗਲਾਂ ਨੂੰ ਕੱਟਣਾ ਕਿੰਨਾ ਕੁ ਸਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੰਗਲਾਂ ਦੀ ਕਟਾਈ ਸਥਾਨਕ ਵਾਤਾਵਰਣ ਪ੍ਰਣਾਲੀ ਨੂੰ ਪ੍ਰਭਾਵਿਤ ਕਰੇਗੀ।
photo
400 ਏਕੜ ਵਿਚ ਫੈਲੇ ਕਾਂਚਾ ਗਾਜ਼ੀਬੋਵਲੀ ਜੰਗਲ ਦੀ ਕਟਾਈ ਬਾਰੇ ਰੋਜ਼ਾਨਾ ਸਪੋਕਸਮੈਨ ਨਾਲ ਚਰਚਾ ਕਰਦੇ ਹੋਏ ਬੌਟਨੀ ਵਿਭਾਗ ਦੇ ਮੁਖੀ ਮਨੀਸ਼ ਕਪੂਰ ਨੇ ਕਿਹਾ ਕਿ ਜਦੋਂ 2019-20 ਵਿਚ ਕੋਰੋਨਾ ਆਇਆ ਸੀ ਤਾਂ ਸਾਨੂੰ ਆਕਸੀਜਨ ਦੀ ਜ਼ਰੂਰਤ ਪਈ ਤੇ ਸਾਨੂੰ 1 ਲੱਖ ਦਾ ਸਿਲੰਡਰ ਮਿਲਿਆ। ਆਕਸੀਜਨ ਘੱਟ ਹੋਣ ਕਾਰਨ ਉਦੋਂ ਉਹ ਸਿਲੰਡਰ ਵੀ ਅੱਧੇ-ਅੱਧੇ ਮਿਲੇ ਸੀ। ਇਹ ਜੋ ਦਰੱਖ਼ਤ ਤੇ ਪੌਦੇ ਹਨ ਸਾਨੂੰ ਕਿੰਨੇ ਕਿੰਨੇ ਆਕਸੀਜਨ ਦੇ ਸਿਲੰਡਰ ਮੁਫ਼ਤ ਵਿਚ ਦਈ ਜਾਂਦੇ ਹਨ। ਇਨ੍ਹਾਂ ਦਾ ਅਸੀਂ ਮੁੱਲ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਜਿਹੜੀ ਚੀਜ਼ ਸਾਨੂੰ ਮੁਫ਼ਤ ਵਿਚ ਮਿਲਦੀ ਹੈ ਅਸੀਂ ਉਸ ਦੀ ਕਦਰ ਨਹੀਂ ਕਰਦੇ।
ਦਰੱਖ਼ਤਾਂ ਦੀ ਕਟਾਈ ਚਾਹੇ ਪੰਜਾਬ ’ਚ ਹੋਵੇ ਜਾਂ ਹੈਦਰਾਬਾਦ ਵਿਚ ਹੋਵੇ ਇਹ ਗ਼ਲਤ ਹੈ। ਹੈਦਰਾਬਾਦ ਦੇ ਕਾਂਚਾ ਗਾਜ਼ੀਬੋਵਲੀ ਜੰਗਲ ਵਿਚ ਘੱਟੋ-ਘੱਟ 1 ਲੱਖ ਦਰੱਖ਼ਤ ਹੈ ਜਿਨ੍ਹਾਂ ਨੂੰ ਕੱਟ ਕੇ ਅਸੀਂ ਇਹ ਘਾਟਾ ਕਦੇ ਪੂਰਾ ਨਹੀਂ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਹੈਦਰਾਬਾਦ ਦੇ ਜੰਗਲਾਂ ’ਚ ਜਿਵੇਂ ਜਿਵੇਂ ਰੁੱਖਾਂ ਦੀ ਕਟਾਈ ਵਧਦੀ ਜਾ ਰਹੀ ਹੈ, ਓਵੇਂ ਓਵੇਂ ਜਾਨਵਰਾਂ ਤੇ ਪੰਛੀਆਂ ਦਾ ਵਧਦਾ ਜਾ ਰਿਹੈ ਰੋਣਾ ਕੁਰਲਾਉਣਾ। ਉਨ੍ਹਾਂ ਕਿਹਾ ਕਿ ਤੇਲੰਗਾਨਾ ਸਰਕਾਰ ਨੇ ਕਾਰਪੋਰੇਟਾਂ ਦੇ ਪਿੱਛੇ ਲੱਗ ਕੇ ਉਜਾੜਿਆ 400 ਏਕੜ ਜੰਗਲ।
photo
ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਾਡੇ ਦੇਸ਼ ਵਿਚ ਬਹੁਤ ਘੱਟ ਦਰੱਖ਼ਤ ਹਨ। ਇਸ ਕਰ ਕੇ ਅਜਿਹੇ ਮਾਮਲਿਆਂ ਵਿਚ ਉਚ ਅਦਾਲਤਾਂ ਨੂੰ ਦਖ਼ਲ ਦੇਣਾ ਚਾਹੀਦਾ ਹੈ ਤੇ ਜੰਗਲਾਂ ਦੀ ਕਟਾਈ ’ਤੇ ਰੋਕ ਲਗਾਉਣੀ ਚਾਹੀਦੀ ਹੈ। ਜੇ ਅਸੀਂ ਭਾਰਤ ਵਿਚ ਪਰ ਵਿਅਕਤੀ ਦਰੱਖ਼ਤ ਦੀ ਗੱਲ ਕਰੀਏ ਤਾਂ ਸਿਰਫ਼ 28 ਦਰੱਖ਼ਤ ਇਕ ਵਿਅਕਤੀ ਦੇ ਹਿੱਸੇ ਆਉਂਦੇ ਹਨ ਤੇ ਕੈਨੇਡਾ ਵਿਚ 10163 ਦਰੱਖ਼ਤ ਇਕ ਵਿਅਕਤੀ ਦੇ ਹਿੱਸੇ ਆਉਂਦੇ ਹਨ ਅਤੇ ਅਮਰੀਕਾ ਵਿਚ ਸਿਰਫ਼ 699 ਦਰੱਖ਼ਤ ਇਕ ਵਿਅਕਤੀ ਦੇ ਹਿੱਸੇ ਆਉਂਦੇ ਹਨ ਪਰ ਅਮਰੀਕਾ ਆਪਣੇ ਦਰੱਖ਼ਤ ਨਹੀਂ ਕੱਟਦਾ ਉਹ ਬਾਹਰਲੇ ਮੁਲਕਾਂ ਤੋਂ ਲੱਕੜ ਖ਼ਰੀਦਦਾ ਹੈ।
ਜੇ ਅਸੀਂ ਪੂਰੀ ਦੁਨੀਆਂ ਦੀ ਗੱਲ ਕਰੀਏ ਤਾਂ ਸਿਰਫ਼ 422 ਦਰੱਖ਼ਤ ਇਕ ਵਿਅਕਤੀ ਦੇ ਹਿੱਸੇ ਆਉਂਦੇ ਹਨ। ਸਾਡੇ ਦੇਸ਼ ਵਿਚ ਦਰੱਖ਼ਤ ਲਗਾਏ ਤਾਂ ਬਹੁਤ ਜਾਂਦੇ ਹਨ, ਪਰ ਦਰੱਖ਼ਤ ਲਗਾ ਕੇ ਫ਼ੋਟੋ ਖਿਚੀ ਬਸ ਕੰਮ ਪੂਰਾ ਹੋ ਗਿਆ, ਉਨ੍ਹਾਂ ਪਾਲਦਾ ਕੋਈ ਨਹੀਂ। ਉਨ੍ਹਾਂ ਕਿਹਾ ਕਿ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਪਿਛੇ ਹਾਂ ਤੇ ਰੈੱਡ ਜ਼ੋਨ ਵਿਚ ਹਾਂ। ਜੇ ਅਸੀਂ ਦੇਖੀਏ ਤਾਂ ਪੰਜਾਬ ਵਿਚ 85 ਤੋਂ 90 ਫ਼ੀ ਸਦੀ ਵਲਾਇਤੀ ਕਿੱਕਰ ਮਿਲੇਗੀ, ਜਿਸ ਨੇ ਸਾਡੇ ਮੁੱਖ ਦਰੱਖ਼ਤ ਜਿਵੇਂ ਲਸੂੜਾ, ਟਾਲੀ, ਨਿੰਮਾਂ ਤੇ ਦੇਸੀ ਕਿੱਕਰ ਆਦਿ ਨੂੰ ਮਾਰ ਦਿਤਾ ਹੈ। ਸਾਡੇ ਦੇਸ਼ ’ਤੇ ਵਿਦੇਸ਼ੀ ਹਮਲੇ ਦਰੱਖ਼ਤਾਂ ਰਾਹੀਂ ਵੀ ਹੋਏ ਹਨ।
ਪਿੱਛਲੇ ਸਾਲ ਪੰਜਾਬ ਵਿਚ ਨਿੰਮਾਂ ’ਤੇ ਬਹੁਤ ਮਾਰ ਪਈ ਤੇ ਹਰੀਆਂ ਨਿੰਮਾਂ ਸੁੱਕ ਗਈਆਂ ਸਨ। ਸਾਨੂੰ ਆਪਣੇ ਦਰੱਖ਼ਤਾਂ ਨੂੰ ਬਚਾਉਣ ਲਈ ਇਨ੍ਹਾਂ ਦੀ ਵੀ ਸਮੇਂ ਸਮੇਂ ’ਤੇ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਦਰੱਖ਼ਤਾਂ ਨੂੰ ਬਚਾਅ ਸਕੀਏ। ਉਨ੍ਹਾਂ ਕਿਹਾ ਕਿ ਸਾਡੇ ਦਰੱਖ਼ਤਾਂ ਨੂੰ ਬੀਮਾਰੀਆਂ ਲੱਗਦੀਆਂ ਹਨ, ਕੀੜੇ, ਵੈਕਟੀਰੀਆ ਲੱਗ ਜਾਂਦਾ ਹੈ ਜਿਸ ’ਤੇ ਸਾਡੇ ਜੰਗਲਾਤ ਮਹਿੰਕਮੇ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਜੇ ਦਰੱਖ਼ਤ ਸਾਡੇ ਆਲੇ ਦੁਆਲੇ ਜਾਂ ਘਰ ’ਚ ਲੱਗਿਆ ਹੈ ਉਸ ਦੀ ਸਾਨੂੰ ਦੇਖਭਾਲ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਿਵੇਂ ਦੇਸ਼ ਵਿਚ ਜੰਗਲਾਂ ਦੀ ਕਟਾਈ ਕੀਤੀ ਜਾ ਰਹੀ ਹੈ ਉਸ ਦਾ ਆਉਣ ਵਾਲੇ ਦਿਨਾਂ ਪਤਾ ਲੱਗੇਗਾ ਕਿ ਦਰੱਖ਼ਤ ਸਾਡੀ ਜ਼ਿੰਦਗੀ ਲਈ ਕਿੰਨੇ ਜ਼ਰੂਰੀ ਹਨ। ਦਰੱਖ਼ਤ ਸਾਨੂੰ ਛਾਂ, ਲੱਕੜ, ਹਵਾ, ਆਕਸੀਜ਼ਨ, ਖਾਣ ਨੂੰ ਫਲ, ਫੁੱਲ ਆਦਿ ਦਿੰਦੇ ਹਨ। ਦਰੱਖ਼ਤਾਂ ਕਾਰਨ ਹੀ ਮੀਂਹ ਪੈਂਦੇ ਹਨ ਜੋ ਹੁਣ ਬਹੁਤ ਘੱਟ ਪੈਂਦੇ ਹਨ ਇਸ ਦਾ ਕਾਰਨ ਵੀ ਦਰੱਖ਼ਤਾਂ ਦਾ ਘੱਟ ਹੋਣਾ ਹੈ। ਹੈਦਰਾਬਾਦ ਵਿਚ 400 ਏਕੜ ਵਿਚ ਫੈਲੇ ਕਾਂਚਾ ਗਾਜ਼ੀਬੋਵਲੀ ਜੰਗਲ ’ਚ ਅਜਿਹੇ ਦਰੱਖ਼ਤ, ਜੜੀਬੂਟੀਆਂ ਤੇ ਜਾਨਵਰ-ਪੰਛੀ ਹਨ ਜੋ ਕਿਤੇ ਹੋਰ ਨਹੀਂ ਮਿਲਦੇ। ਜੇ ਇਹ ਜੰਗਲ ਕੱਟੇ ਗਏ ਤਾਂ ਇਹ ਤਾਂ ਅਲੋਪ ਹੀ ਹੋ ਜਾਣਗੇ। ਫਿਰ ਅਸੀਂ ਇਨ੍ਹਾਂ ਨੂੰ ਕਿਥੇ ਲੈ ਕੇ ਆਵਾਂਗੇ। ਉਨ੍ਹਾਂ ਕਿਹਾ ਕਿ ਪੰਛੀ ਤਾਂ ਫਿਰ ਵੱਡੀ ਚੀਜ਼ ਹੈ ਜੇ ਮਧੂਮੱਖੀ ਦਾ ਖ਼ਾਤਮਾ ਹੋ ਜਾਵੇ ਤਾਂ ਵੀ ਮਨੁੱਖ ਮਰ ਜਾਵੇਗਾ।
photo