
Chandigarh News : ਸ਼ੇਅਰ ਬਾਜ਼ਾਰ ’ਚ ਮੁਨਾਫ਼ਾ ਦਿਵਾਉਣ ਦੇ ਨਾਮ 'ਤੇ ਮਾਰੀ 3.66 ਕਰੋੜ ਦੀ ਠੱਗੀ
Cyber fraud accused arrested from Tihar Jail in Chandigarh Latest News in Punjabi : ਚੰਡੀਗੜ੍ਹ ਸਾਈਬਰ ਪੁਲਿਸ ਸਟੇਸ਼ਨ ਨੇ ਇਕ ਕਾਰੋਬਾਰੀ ਨੂੰ ਸ਼ੇਅਰ ਬਾਜ਼ਾਰ ਵਿਚ ਭਾਰੀ ਮੁਨਾਫ਼ਾ ਦਿਵਾਉਣ ਦੇ ਨਾਮ 'ਤੇ 3.66 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਤਿਹਾੜ ਜੇਲ ਤੋਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦੀ ਸ਼ਿਕਾਇਤ ਪੁਸ਼ਪਕ ਕੰਪਲੈਕਸ, ਸੈਕਟਰ-49, ਚੰਡੀਗੜ੍ਹ ਦੇ ਨਿਵਾਸੀ ਸੁਰਿੰਦਰ ਕੁਮਾਰ ਠਾਕੁਰ ਨੇ ਕੀਤੀ ਸੀ।
ਜਾਣਕਾਰੀ ਅਨੁਸਾਰ ਸੁਰਿੰਦਰ ਨੇ ਪੁਲਿਸ ਨੂੰ ਦਸਿਆ ਕਿ ਉਹ ਦਸੰਬਰ 2023 ਵਿਚ ‘P15 ਸਟਾਕ ਮਾਰਕੀਟ ਐਕਸਚੇਂਜ ਕਲੱਬ’ ਨਾਮਕ ਇਕ ਵਟਸਐਪ ਗਰੁੱਪ ਵਿਚ ਸ਼ਾਮਲ ਹੋਇਆ ਸੀ, ਜਿਸ ਵਿਚ ਅੰਕਿਤਾ ਗੁਪਤਾ ਨਾਮ ਦੀ ਇਕ ਔਰਤ, ਜੋ ਕਿ SMC ਗਲੋਬਲ ਸਿਕਿਓਰਿਟੀਜ਼ ਲਿਮਟਿਡ ਦੀ ਮੈਨੇਜਰ ਹੋਣ ਦਾ ਦਾਅਵਾ ਕਰਦੀ ਸੀ, ਸਟਾਕ ਮਾਰਕੀਟ ਬਾਰੇ ਜਾਣਕਾਰੀ ਅਤੇ ਸੁਝਾਅ ਸਾਂਝੇ ਕਰਦੀ ਸੀ। ਉਸੇ ਸਮੇਂ, ਰਾਹੁਲ ਸ਼ਰਮਾ ਨਾਮ ਦਾ ਇਕ ਵਿਅਕਤੀ ਅਪਣੇ ਆਪ ਨੂੰ ਸਮੂਹ ਦਾ ਅਧਿਆਪਕ ਦਸਦਾ ਸੀ ਅਤੇ ਸ਼ੇਅਰਾਂ ਨਾਲ ਸਬੰਧਤ ਨੋਟ ਭੇਜਦਾ ਸੀ।
ਹੌਲੀ-ਹੌਲੀ, ਵਿਸ਼ਵਾਸ ਬਣਿਆ ਅਤੇ 4 ਫ਼ਰਵਰੀ 2024 ਤੋਂ, ਉਨ੍ਹਾਂ ਨੂੰ 20-30% ਮੁਨਾਫ਼ੇ ਦਾ ਲਾਲਚ ਦਿਤਾ ਗਿਆ ਅਤੇ 'SMCLE' ਨਾਮਕ ਪਲੇਟਫ਼ਾਰਮ ਰਾਹੀਂ ਇਕ ‘ਸੰਸਥਾ ਖਾਤਾ’ ਖੋਲ੍ਹਿਆ ਗਿਆ। ਇਸ ਲਈ ਉਸ ਨੂੰ ਮਨੀਸ਼ ਕੁਮਾਰ ਨਾਮ ਦੇ ਵਿਅਕਤੀ ਦਾ ਸੰਪਰਕ ਨੰਬਰ ਦਿਤਾ ਗਿਆ। ਜਿਸ ਨੇ ਖਾਤਾ ਖੋਲ੍ਹਣ ਦੇ ਨਾਲ-ਨਾਲ ਉਸ ਨੂੰ ਕਈ ਫ਼ਰਜ਼ਪ ਐਪਸ ਤੇ ਲਿੰਕ ਭੇਜੇ।
ਸ਼ਿਕਾਇਤਕਰਤਾ ਤੋਂ 16 ਫ਼ਰਵਰੀ 2024 ਤੋਂ 25 ਮਾਰਚ 2024 ਤਕ ਕੁੱਲ 3.66 ਕਰੋੜ ਰੁਪਏ ਵੱਖ-ਵੱਖ ਖਾਤਿਆਂ ਵਿਚ ਟ੍ਰਾਂਸਫ਼ਰ ਕਰਵਾਏ ਗਏ। ਮੁਲਜ਼ਮ ਸਿਰਫ਼ ਵਟਸਐਪ 'ਤੇ ਗੱਲਬਾਤ ਕਰਦਾ ਸੀ ਅਤੇ ਫ਼ੋਨ ਕਾਲ ਨਹੀਂ ਚੁੱਕਦਾ ਸੀ ਤੇ ਨਾ ਹੀ ਸ਼ਿਕਾਇਤਕਰਤਾ ਨੂੰ ਕਦੇ ਵੀ ਕੋਈ ਸ਼ੇਅਰ ਵਾਪਸ ਲੈਣ ਜਾਂ ਰਿਫ਼ੰਡ ਪ੍ਰਾਪਤ ਕਰਨ ਦਾ ਵਿਕਲਪ ਦਿਤਾ ਗਿਆ ਸੀ।